ਹੋਰਮੁਜ਼ ’ਚ ਭਾਰਤੀ ਮਲਾਹਾਂ ਦੀ ਤਾਇਨਾਤੀ ’ਤੇ ਰੋਕ, ਭਾਰਤ ਸਰਕਾਰ ਦਾ ਵੱਡਾ ਫੈਸਲਾ
Friday, Jul 17, 2026 - 03:29 AM (IST)
ਤਹਿਰਾਨ - ਖਾੜੀ ਖੇਤਰ ਵਿਚ ਵਧਦੇ ਸੁਰੱਖਿਆ ਜੋਖਮ ਨੂੰ ਦੇਖਦੇ ਹੋਏ ਭਾਰਤ ਨੇ ਅਗਲੇ ਹੁਕਮਾਂ ਤੱਕ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ’ਤੇ ਭਾਰਤੀ ਮਲਾਹਾਂ ਦੀ ਨਵੀਂ ਤਾਇਨਾਤੀ ’ਤੇ ਰੋਕ ਲਗਾ ਦਿੱਤੀ ਹੈ। ਇਹ ਹੁਕਮ ਜਹਾਜ਼ ਮਾਲਕਾਂ, ਜਹਾਜ਼ ਪ੍ਰਬੰਧਨ ਕੰਪਨੀਆਂ ਅਤੇ ਮਲਾਹਾਂ ਦੀ ਭਰਤੀ ਕਰਨ ਵਾਲੀਆਂ ਰਿਕਰੂਟਮੈਂਟ ਐਂਡ ਪਲੇਸਮੈਂਟ ਸਰਵਿਸ ਲਾਇਸੈਂਸ ਕੰਪਨੀਆਂ ’ਤੇ ਲਾਗੂ ਹੋਵੇਗਾ। ਸਰਕਾਰ ਨੇ ਸਾਰੀਆਂ ਸਮੁੰਦਰੀ ਕੰਪਨੀਆਂ ਨੂੰ ਅਰਬ ਦੀ ਖਾੜੀ, ਹੋਰਮੁਜ਼ ਸਟ੍ਰੇਟ ਅਤੇ ਆਲੇ-ਦੁਆਲੇ ਦੇ ਸਮੁੰਦਰੀ ਇਲਾਕਿਆਂ ਵਿਚ ਵਾਧੂ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਕਿਹਾ ਗਿਆ ਹੈ ਕਿ ਉਹ ਜਹਾਜ਼ਰਾਨੀ ਸਬੰਧੀ ਸਾਰੀਆਂ ਚਿਤਾਵਨੀਆਂ ਅਤੇ ਸੁਰੱਖਿਆ ਸਲਾਹਾਂ ’ਤੇ ਲਗਾਤਾਰ ਨਜ਼ਰ ਰੱਖਣ ਅਤੇ ਇੰਟਰਨੈਸ਼ਨਲ ਸ਼ਿਪ ਐਂਡ ਪੋਰਟ ਫੈਸਿਲਿਟੀ ਸਕਿਓਰਿਟੀ ਕੋਡ ਦੀ ਪੂਰੀ ਤਰ੍ਹਾਂ ਪਾਲਣਾ ਕਰਨ।
ਸਰਕਾਰ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਇਸੇ ਹਫ਼ਤੇ ਹੋਰਮੁਜ਼ ਸਟ੍ਰੇਟ ਅਤੇ ਉਸ ਦੇ ਆਲੇ-ਦੁਆਲੇ ਹੋਏ ਈਰਾਨੀ ਹਮਲਿਆਂ ਵਿਚ 2 ਭਾਰਤੀ ਮਲਾਹਾਂ ਦੀ ਮੌਤ ਹੋ ਗਈ। ਅਮਰੀਕਾ-ਈਰਾਨ ਟਕਰਾਅ ਤੋਂ ਬਾਅਦ ਇਸ ਸਮੁੰਦਰੀ ਮਾਰਗ ’ਤੇ ਹਮਲਿਆਂ ਦਾ ਖਤਰਾ ਵਧ ਗਿਆ ਹੈ। ਰਿਪੋਰਟਾਂ ਮੁਤਾਬਕ 28 ਫਰਵਰੀ ਤੋਂ ਹੁਣ ਤੱਕ ਇਸ ਖੇਤਰ ਵਿਚ ਹੋਏ ਹਮਲਿਆਂ ’ਚ ਘੱਟੋ-ਘੱਟ 14 ਭਾਰਤੀ ਮਲਾਹਾਂ ਦੀ ਜਾਨ ਜਾ ਚੁੱਕੀ ਹੈ।
ਅਮਰੀਕਾ ਨੇ ਨਾਕਾਬੰਦੀ ਦੀ ਉਲੰਘਣਾ ਕਰਨ ਵਾਲੇ ਜਹਾਜ਼ ’ਤੇ ਕੀਤਾ ਹਮਲਾ
ਅਮਰੀਕਾ ਨੇ ਵੀਰਵਾਰ ਤੜਕੇ ਈਰਾਨ ’ਤੇ ਹਮਲੇ ਤੇਜ਼ ਕਰਦਿਆਂ ਉੱਤਰੀ ਖੇਤਰ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ। ਉੱਥੇ ਹੀ ਈਰਾਨ ਨੇ ਪਲਟਵਾਰ ਕਰਦਿਆਂ ਤੜਕੇ ਪੱਛਮੀ ਏਸ਼ੀਆ ਵਿਚ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਅਤੇ ਚਿਤਾਵਨੀ ਦਿੱਤੀ ਕਿ ਉਸ ਦੇ ਹਮਲੇ ਤੇਜ਼ ਹੋ ਸਕਦੇ ਹਨ।
ਅਮਰੀਕੀ ਸੁਰੱਖਿਆ ਫੋਰਸਾਂ ਨੇ ਈਰਾਨ ’ਤੇ ਲਗਾਈ ਗਈ ਸਮੁੰਦਰੀ ਨਾਕਾਬੰਦੀ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਕ ਜਹਾਜ਼ ’ਤੇ ਗੋਲੀਬਾਰੀ ਵੀ ਕੀਤੀ। ਅਮਰੀਕਾ ਅਤੇ ਈਰਾਨ ਵਿਚਾਲੇ ਕਈ ਦਿਨਾਂ ਤੋਂ ਜਾਰੀ ਹਮਲਿਆਂ, ਜਵਾਬੀ ਹਮਲਿਆਂ ਅਤੇ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਦਿੱਤੀਆਂ ਗਈਆਂ ਧਮਕੀਆਂ ਨੇ ਜੰਗ ਨੂੰ ਖਤਮ ਕਰਨ ਲਈ ਹੋਏ ਅੰਤ੍ਰਿਮ ਸਮਝੌਤੇ ਨੂੰ ਲੱਗਭਗ ਖਤਮ ਕਰ ਦਿੱਤਾ ਹੈ। ਈਰਾਨੀ ਅਧਿਕਾਰੀਆਂ ਅਨੁਸਾਰ, ਅਮਰੀਕੀ ਹਮਲਿਆਂ ਵਿਚ ਹੁਣ ਤੱਕ 35 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਗੱਲਬਾਤ ਆਤਮਸਮਰਪਣ ਨਹੀਂ, ਦੇਸ਼ ਲਈ ਕੂਟਨੀਤੀ ਵੀ ਜ਼ਰੂਰੀ : ਗਾਲੀਬਾਫ
ਈਰਾਨ ਦੇ ਸੰਸਦ ਸਪੀਕਰ ਅਤੇ ਪ੍ਰਮੁੱਖ ਵਾਰਤਾਕਾਰ ਮੁਹੰਮਦ ਬਾਕਰ ਗਾਲੀਬਾਫ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਗੱਲਬਾਤ ਵੀ ਜ਼ਰੂਰੀ ਹੈ ਅਤੇ ਇਸ ਨੂੰ ਆਤਮਸਮਰਪਣ ਨਹੀਂ ਮੰਨਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਈਰਾਨ ਨੂੰ ਅਮਰੀਕਾ ਦੇ ਹਮਲਿਆਂ ਦਾ ਫੌਜੀ ਜਵਾਬ ਦੇਣ ਦੇ ਨਾਲ-ਨਾਲ ਕੂਟਨੀਤਕ ਯਤਨ ਵੀ ਜਾਰੀ ਰੱਖਣੇ ਚਾਹੀਦੇ ਹਨ। ਗਾਲੀਬਾਫ ਨੇ ਕਿਹਾ, “ਫੌਜੀ ਅਤੇ ਕੂਟਨੀਤਕ ਦੋਵਾਂ ਮੋਰਚਿਆਂ ਵਿਚਾਲੇ ਤਾਲਮੇਲ ਹੋਣਾ ਚਾਹੀਦਾ ਹੈ। ਸਾਨੂੰ ਨਾ ਜੰਗ ਤੋਂ ਡਰਨਾ ਚਾਹੀਦਾ ਹੈ ਅਤੇ ਨਾ ਹੀ ਗੱਲਬਾਤ ਤੋਂ। ਜੰਗ ਅਤੇ ਗੱਲਬਾਤ, ਦੋਵੇਂ ਹੀ ਰਾਸ਼ਟਰੀ ਹਿੱਤਾਂ ਦੀ ਰੱਖਿਆ ਦੇ ਵੱਖ-ਵੱਖ ਤਰੀਕੇ ਹਨ।”
