IRGC ਦੀ ਚਿਤਾਵਨੀ: ‘ਈਰਾਨ-ਓਮਾਨ ਡੀਲ ਨਹੀਂ, ਅਮਰੀਕਾ ਸ਼ਰਤਾਂ ਮੰਨੇ ਤਾਂ ਹੀ ਖੁੱਲ੍ਹੇਗਾ ਹੋਰਮੁਜ਼’
Sunday, Aug 09, 2026 - 03:53 AM (IST)
ਤਹਿਰਾਨ - ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਨੇ ਹੋਰਮੁਜ਼ ਸਟ੍ਰੇਟ ਖੋਲ੍ਹਣ ਨੂੰ ਲੈ ਕੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ। ਈਰਾਨੀ ਫੌਜ ਨੇ ਕਿਹਾ ਹੈ ਕਿ ਈਰਾਨ-ਓਮਾਨ ਸਮਝੌਤੇ ਨਾਲ ਹੋਰਮੁਜ਼ ਸਟ੍ਰੇਟ ਨਹੀਂ ਖੁੱਲ੍ਹੇਗਾ। ਇਸ ਲਈ, ਅਮਰੀਕਾ ਨੂੰ ਈਰਾਨ ਦੀਆਂ ਸਾਰੀਆਂ ਸ਼ਰਤਾਂ ਸਵੀਕਾਰ ਕਰਨੀਆਂ ਪੈਣਗੀਆਂ। ਇਸ ਨੂੰ ਅਮਰੀਕਾ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਜੋ ਕਈ ਦਿਨਾਂ ਤੋਂ ਇਸ ਸਮਝੌਤੇ ਦੀ ਉਡੀਕ ਕਰ ਰਿਹਾ ਹੈ। ਅਮਰੀਕਾ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਇਸ ਸਮਝੌਤੇ ਤੋਂ ਬਾਅਦ ਹੋਰਮੁਜ਼ ਖੁੱਲ੍ਹੇਗਾ।
ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਤਸਨੀਮ ਦੀ ਰਿਪੋਰਟ ਅਨੁਸਾਰ, ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਦੇ ਬੁਲਾਰੇ ਸਰਦਾਰ ਮੋਹੇਬੀ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਨੂੰ ਖੋਲ੍ਹਣਾ ਈਰਾਨ ਦੀਆਂ ‘ਖਾਸ ਪ੍ਰਕਿਰਿਆਵਾਂ ਅਤੇ ਸ਼ਰਤਾਂ’ ’ਤੇ ਨਿਰਭਰ ਕਰਦਾ ਹੈ ਅਤੇ ਇਸ ਦਾ ਓਮਾਨ ਨਾਲ ਚੱਲ ਰਹੀ ਗੱਲਬਾਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਾਡੇ ਲਈ, ਹੋਰਮੁਜ਼ ਸਿਰਫ਼ ਇਕ ਵਪਾਰਕ ਰਸਤਾ ਨਹੀਂ ਹੈ, ਸਗੋਂ ਭੂਗੋਲਿਕ ਅਤੇ ਰਣਨੀਤਕ ਸ਼ਕਤੀ ਦਾ ਇਕ ਹਿੱਸਾ ਹੈ।
ਬੁਲਾਰੇ ਨੇ ਕਿਹਾ ਕਿ ਇਸ ਜਲ ਮਾਰਗ ਨੂੰ ਖੋਲ੍ਹਣਾ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਅਮਰੀਕਾ ਈਰਾਨ ਦੀਆਂ ਸ਼ਰਤਾਂ ਨੂੰ ਪੂਰੀ ਤਰ੍ਹਾਂ ਮੰਨੇ ਅਤੇ ਖੇਤਰੀ ਗੱਲਬਾਤ ’ਚ ਦਖਲਅੰਦਾਜ਼ੀ ਬੰਦ ਕਰੇ। ਉਨ੍ਹਾਂ ਕਿਹਾ ਕਿ ਜਦੋਂ ਵੀ ਅਮਰੀਕਾ ਈਰਾਨ ਦੀਆਂ ਸ਼ਰਤਾਂ ਨੂੰ ਮੰਨ ਲਵੇਗਾ ਤਾਂ ਹੋਰਮੁਜ਼ ਸਟ੍ਰੇਟ ਜ਼ਰੂਰ ਖੁੱਲ੍ਹ ਜਾਵੇਗਾ।
