ਵੱਡਾ ਖ਼ੁਲਾਸਾ: ਕੈਨੇਡਾ 'ਚ ਭਾਰਤੀ ਮੂਲ ਦੀਆਂ ਕੁੜੀਆਂ ਨੂੰ ਦੇਹ ਵਪਾਰ ਲਈ ਕੀਤਾ ਜਾ ਰਿਹੈ ਮਜਬੂਰ
Friday, Jan 07, 2022 - 10:57 AM (IST)
ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ) - ਗ੍ਰੇਟਰ ਟੋਰਾਂਟੋ ਏਰੀਆ (ਜੀ.ਟੀ.ਏ.) ’ਚ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਤੇਜ਼ੀ ਨਾਲ ਦਲਾਲਾਂ ਤੇ ਡਰੱਗ ਡੀਲਰਾਂ ਦੇ ਸ਼ਿਕਾਰ ਹੋ ਰਹੇ ਹਨ ਤੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਉਨ੍ਹਾਂ ਦਾ ਸੋਸ਼ਣ ਜ਼ਿਆਦਾਤਰ ਉਨ੍ਹਾਂ ਦੇ ਆਪਣੇ ਭਾਰਤੀ-ਕੈਨੇਡੀਆਈ ਵਰਗ ਦੇ ਲੋਕ ਕਰ ਰਹੇ ਹਨ। ਇਕ ਰਿਪੋਰਟ ਮੁਤਾਬਕ ਜੀ.ਟੀ.ਏ. ਦੇ ਹਾਲਾਤ ਇਸ ਕਦਰ ਖ਼ਰਾਬ ਹੋ ਚੁੱਕੇ ਹਨ ਕਿ ਭਾਰਤੀ ਮੂਲ ਦੀਆਂ ਕੁੜੀਆਂ ਨੂੰ ਆਪਣੀ ਪੜ੍ਹਾਈ ਦਾ ਖ਼ਰਚਾ ਚੁੱਕਣ ਲਈ ਦੇਹ ਵਪਾਰ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਗਸਤ ’ਚ ਬਰੈਂਪਟਨ ਤੋਂ 3 ਭਾਰਤੀ-ਕੈਨੇਡੀਆਈ ਨੌਜਵਾਨਾਂ ਦੀ ਦੇਹ ਵਪਾਰ ’ਚ 18 ਸਾਲ ਦਾ ਕੁੜੀ ਦੀ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫ਼ਤਾਰੀ ਇਸ ਗੱਲ ਦਾ ਸਬੂਤ ਹੈ ਕਿ ਜੀ.ਟੀ.ਏ. ’ਚ ਭਾਰਤੀ ਵਿਦਿਆਰਥੀਆਂ ਦਾ ਸੈਕਸ ਸ਼ੋਸ਼ਣ ਤੇਜ਼ੀ ਨਾਲ ਵਧ ਰਿਹਾ ਹੈ। ਇਸ ਵਿਸ਼ੇਸ਼ ਮਾਮਲੇ ’ਚ ਭਾਰਤੀ ਮੂਲ ਦੀ ਕੁੜੀ ਨੂੰ 3 ਲੋਕਾਂ ਨੇ ਬੰਦੀ ਬਣਾ ਲਿਆ ਤੇ ਦੇਹ ਵਪਾਰ ’ਚ ਇੱਧਰ-ਉੱਧਰ ਲਿਜਾਇਆ ਜਾ ਰਿਹਾ ਸੀ। ਇਨ੍ਹਾਂ ਦੋਸ਼ੀਆਂ ਦੇ ਹੋਰ ਵੀ ਸ਼ਿਕਾਰ ਹੋ ਸਕਦੇ ਹਨ, ਕਿਉਂਕਿ ਉਹ ਆਨਲਾਈਨ ਸੈਕਸ ਸੇਵਾਵਾਂ ਦੇ ਵਿਗਿਆਪਨ ਦੇ ਰਹੇ ਸਨ।
ਗਰਭਪਾਤ ਕਰਵਾਉਣ ਵਾਲੀਆਂ ਵਿਦਿਆਰਥਣਾਂ ਦੀ ਸੰਖਿਆ ’ਚ ਵਾਧਾ
ਮਨੁੱਖੀ ਸਮੱਗਲਿੰਗ ਖ਼ਿਲਾਫ਼ ਲੜਾਈ ’ਚ ਸਭ ਤੋਂ ਅੱਗੇ ਭਾਰਤੀ-ਕੈਨੇਡੀਆਈ ਸਮਾਜ ਸੇਵਕ ਸਵੀਕਾਰ ਕਰਦੇ ਹਨ ਕਿ ਜੀ.ਟੀ.ਏ. ਤੇ ਉਸ ਦੇ ਬਾਹਰ ਭਾਰਤ ਦੀਆਂ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ ਵਧ ਰਿਹਾ ਹੈ। ਗਰਭਪਾਤ ਕਰਵਾਉਣ ਵਾਲੀਆਂ ਔਰਤਾਂ ਦੀ ਸੰਖਿਆ ’ਚ ਵਾਧੇ ਦੀਆਂ ਵੀ ਖ਼ਬਰਾਂ ਹਨ। ਇਕ ਰਿਪੋਰਟ ’ਚ ਬਰੈਂਪਟਨ ਦੀ ਰਹਿਣ ਵਾਲੀ ਇਕ ਬਜ਼ੁਰਗ ਇੰਡੋ-ਕੈਨੇਡੀਆਈ ਕਹਿੰਦੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਇਕ ਵਾਕਫ਼ ਨਰਸ ਨੇ ਦੱਸਿਆ ਕਿ ਹਰ ਮਹੀਨੇ 10-12 ਵਿਦਿਆਰਥਣਾਂ ਗਰਭਪਾਤ ਕਰਵਾਉਂਦੀਆਂ ਹੈ, ਜਿਸ ’ਚ ਭਾਰਤੀ ਵਿਦਿਆਰਥਣਾਂ ਵੀ ਸ਼ਾਮਿਲ ਹੁੰਦੀਆਂ ਹਨ। ਬਦਕਿਸਮਤੀ ਨਾਲ ਇਹ ਵੀ ਇਕ ਕੌੜਾ ਸੱਚ ਹੈ ਕਿ ਬਹੁਤ ਸਾਰੇ ਵਿਦਿਆਰਥੀ ਆਪਣੇ ਖ਼ਰਚ ਦਾ ਭੁਗਤਾਨ ਕਰਨ ਲਈ ਆਪਣੀ ਇੱਛਾ ਨਾਲ ਦੇਹ ਵਪਾਰ ’ਚ ਦਾਖ਼ਲ ਹੋ ਰਹੇ ਹਨ। ਸਮੱਸਿਆ ਇਹ ਵੀ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਕੁੜੀਆਂ ਆਪਣੇ ਜੀਵਨ ’ਚ ਪਹਿਲੀ ਵਾਰ ਆਪਣੇ ਪਰਿਵਾਰ ਤੋਂ ਦੂਰ ਹਨ ਤੇ ਉਹ ਆਜ਼ਾਦ ਮਹਿਸੂਸ ਕਰਦੀਆਂ ਹਨ।
ਇੰਝ ਭਾਰਤੀ ਕੁੜੀਆਂ ਨੂੰ ਜਾਲ ’ਚ ਫਸਾਉਂਦੇ ਹਨ ਦਲਾਲ
ਸ਼੍ਰੀਮਤੀ ਸਿੰਘ ਦੱਸਦੀ ਹੈ ਕਿ ਕੁੜੀਆਂ ਦਾ ਸ਼ੋਸ਼ਣ 2 ਤਰ੍ਹਾਂ ਨਾਲ ਹੁੰਦਾ ਹੈ, ਜਿਸ ’ਚ ਪਹਿਲਾ ਇਹ ਕਿ ਦਲਾਲਾਂ ਨੂੰ ਪਤਾ ਹੁੰਦਾ ਹੈ ਕਿ ਕੁੜੀਆਂ ਇਕੱਲੀਆਂ ਹਨ ਤੇ ਉਹ ਕਿਸੇ ਨਾਲ ਮਿਲਣਾ ਤੇ ਗੱਲ ਕਰਨਾ ਚਾਹੁੰਦੀਆਂ ਹਨ। ਇੱਥੇ ਉਹ ਪਹਿਲਾਂ ਸੋਚੀ- ਸਮਝੀ ਸਾਜ਼ਿਸ਼ ਤਹਿਤ ਕੁੜੀਆਂ ਦੀ ਚੰਗੀ ਤਾਰੀਫ਼ ਨਾਲ ਸ਼ੁਰੂਆਤ ਕਰਦੇ ਹੈ। ਦਲਾਲਾਂ ਦੇ ਤੌਰ-ਤਰੀਕਿਆਂ ਬਾਰੇ ਦੱਸਦਿਆਂ ਉਹ ਅੱਗੇ ਕਹਿੰਦੀ ਹੈ ਕਿ ਇਕ ਵਾਰ ਜਦੋਂ ਇਕ ਦਲਾਲ ਇਕ ਕੁੜੀ ਨਾਲ ਵਾਕਫ਼ ਹੋ ਜਾਂਦਾ ਹੈ ਤਾਂ ਉਹ ਉਸ ਦਾ ਭਰੋਸਾ ਜਿੱਤਣ ਲਈ ਤੋਹਫੇ ਤੇ ਕੀਮਤੀ ਚੀਜ਼ਾਂ ਦੀ ਬੁਛਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਇਕ ਵਾਰ ਜਦ ਉਸ ਨੇ ਉਸ ਦਾ ਵਿਸ਼ਵਾਸ ਜਿੱਤ ਲਿਆ ਤਾਂ ਦਲਾਲ ਉਸ ਦਾ ਸ਼ਿਕਾਰ ਕਰਨ ਲਈ ਅੱਗੇ ਵਧਦਾ ਹੈ। ਉਹ ਕੁੜੀ ਤੋਂ ਇਕ ਅਹਿਸਾਨ ਦੀ ਮੰਗ ਕਰਦਾ ਹੈ ਤੇ ਕਹਿੰਦਾ ਹੈ ਕਿ ਮੇਰਾ ਇਕ ਦੋਸਤ ਹੈ, ਜਿਸ ਦਾ ਵਿਆਹ ਟੁੱਟ ਚੁੱਕਾ ਹੈ ਤੇ ਸਮਾਂ ਖ਼ਰਾਬ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਦੇ ਨਾਲ ਜਾਓ ਤਾਂ ਕਿ ਉਹ ਬਿਹਤਰ ਮਹਿਸੂਸ ਕਰੇ, ਜੇਕਰ ਕੁੜੀ ਮਨ੍ਹਾ ਕਰ ਦਿੰਦੀ ਹੈ ਤਾਂ ਉਸ ਨੂੰ ਕੀਤੇ ਗਏ ਅਹਿਸਾਨਾਂ (ਤੋਹਫਿਆਂ) ਦੀ ਯਾਦ ਦਿਵਾ ਦਿੱਤੀ ਜਾਂਦੀ ਹੈ ਤੇ ਉਸੇ ਰਾਜ਼ੀ ਕਰ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 22 ਸਾਲਾ ਪੰਜਾਬਣ ਦੀ ਮੌਤ
ਆਪਣੀ ਇੱਛਾ ਨਾਲ ਇਸ ਲਈ ਦੇਹ ਵਪਾਰ ਲਈ ਹਨ ਮਜਬੂਰ
ਆਪਣੀ ਇੱਛਾ ਨਾਲ ਦੇਹ ਵਪਾਰ ’ਚ ਦਾਖ਼ਲ ਹੋਣ ਵਾਲੀਆਂ ਵਿਦਿਆਰਥਣਾਂ ਬਾਰੇ ਦੱਸਦਿਆਂ ਸ਼੍ਰੀਮਤੀ ਸਿੰਘ ਕਹਿੰਦੀ ਹੈ ਕਿ ਕਈ ਆਪਣੀਆਂ ਆਰਥਿਕ ਤੰਗੀਆਂ ਕਾਰਨ ਇਸ ਰਸਤੇ ’ਤੇ ਜਾਣ ਲਈ ਮਜਬੂਰ ਹਨ। ਅਨਜਾਣੇ ’ਚ ਭਾਰਤ ’ਚ ਮਾਤਾ- ਪਿਤਾ ਇਨ੍ਹਾਂ ਕੁੜੀਆਂ ਨੂੰ ਇਸ ਭਿਆਨਕ ਸਥਿਤੀ ’ਚ ਧੱਕ ਰਹੇ ਹਨ। ਇਹ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਕਿਸੇ ਤਰ੍ਹਾਂ ਕੈਨੇਡਾ ਚਲੀ ਜਾਵੇ ਤਾਂ ਕਿ ਇਕ ਦਿਨ ਉਹ ਪੂਰੇ ਪਰਿਵਾਰ ਨੂੰ ਕੈਨੇਡਾ ਆਉਣ ਲਈ ਸਪਾਂਸਰ ਕਰ ਸਕੇ। ਉਹ ਇਨ੍ਹਾਂ ਦੇ ਪਹਿਲੇ ਸਾਲ ਦੀ ਫੀਸ ਤੇ ਯਾਤਰਾ ਦੇ ਸ਼ੁਰੂਆਤੀ ਖ਼ਰਚਿਆਂ ਦਾ ਭੁਗਤਾਨ ਕਰਦੇ ਹਨ। ਇਸ ਤੋਂ ਬਾਅਦ ਇਨ੍ਹਾਂ ਕੁੜੀਆਂ ਨੂੰ ਕੈਨੇਡਾ ’ਚ ਆਪਣੇ-ਆਪ ਨੂੰ ਸੰਭਾਲਣ ਲਈ ਛੱਡ ਦਿੰਦੇ ਹਨ। ਸ਼੍ਰੀਮਤੀ ਸਿੰਘ ਦਾ ਦਲੀਲ ਹੈ ਕਿ ਆਪਣੀ ਇੱਛਾ ਨਾਲ ਦੇਹ ਵਪਾਰ ਕਰਨ ਦਾ ਇਹ ਇਕ ਵੱਡਾ ਕਾਰਨ ਹੈ। ਇਸ ਤਰ੍ਹਾਂ ਇਕ ਕੁੜੀ ਇਕ ਆਦਮੀ ਦੀ ਸੇਵਾ ਕਰ ਕੇ ਕੰਮ ਸ਼ੁਰੂ ਕਰਦੀ ਹੈ ਤੇ ਫਿਰ ਦੂਜੇ ਪਾਸੇ ਬਹੁਤ ਪੈਸਾ ਕਮਾਉਂਦੀ ਹੈ। ਉਸ ਨੂੰ ਇਹ ਆਰਥਿਕ ਰੂਪ ’ਚ ਬਹੁਤ ਆਕਰਸ਼ਕ ਲੱਗਦਾ ਹੈ ਤੇ ਉਸ ਨਾਲ ਰਹਿਣ ਵਾਲੇ ਉਸ ਦੇ ਦੋਸਤ ਵੀ ਉਸ ਦੀ ਰੀਸ ਕਰਦੇ ਹਨ।
ਇਕ ਕੁੜੀ ਤੋਂ 2,30,000 ਡਾਲਰ ਤੱਕ ਕਮਾ ਸਕਦਾ ਹੈ ਦਲਾਲ
ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ-ਕੈਨੇਡੀਆਈ ਨੌਜਵਾਨ ਗਿਰੋਹਾਂ ਦੀ ਉੱਭਰਦੀ ਹੋਈ ਘਟਨਾ ਵੀ ਇਸ ਸਮੱਸਿਆ ’ਚ ਯੋਗਦਾਨ ਦੇ ਰਹੀ ਹੈ। ਪੰਜਾਬ ’ਚ ਸੁਪਰ ਅਮੀਰ ਤੇ ਉੱਚ ਅਧਿਕਾਰੀਆਂ ਦੇ ਬੇਟੇ ਵਿਦਿਆਰਥੀਆਂ ਦੀ ਆੜ ’ਚ ਦੇਹ ਵਪਾਰ ਦੇ ਧੰਦੇ ਲਈ ਕੈਨੇਡਾ ’ਚ ਉੱਤਰ ਰਹੇ ਹਨ। ਵੱਡੇ-ਵੱਡੇ ਮਕਾਨ ਲੀਜ਼ ’ਤੇ ਲੈ ਰਹੇ ਹਨ। ਫਿਰ 20 ਹੋਰ ਮੁੰਡਿਆਂ ਨੂੰ ਲਿਆ ਕੇ ਗਿਰੋਹ ਬਣਾ ਰਹੇ ਹਨ। ਉਹ ਬੀ. ਐੱਮ. ਡਬਲਿਊ ਤੇ ਮਰਸੀਡੀਜ਼ ਦੇ ਮਾਲਕ ਹੈ। ਉਹ ਲਡ਼ਕੀਆਂ ਨੂੰ ਲੁਭਾਉਂਦੇ ਹੈ। ਇਹ ਸਭ ਇੱਥੇ ਹੋ ਰਿਹਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਾਰੀ ਆਮਦ ਤੱਕ ਇੱਥੇ ਅਜਿਹੀ ਕੋਈ ਸਮੱਸਿਆ ਨਹੀਂ ਸੀ। ਸ਼੍ਰੀਮਤੀ ਸਿੰਘ ਦਾ ਅੰਦਾਜ਼ਾ ਹੈ ਕਿ ਇਕ ਦਲਾਲ ਸਾਲ ’ਚ ਇਕ ਕੁੜੀ ਤੋਂ 2,30,000 ਡਾਲਰ ਤੱਕ ਕਮਾ ਸਕਦਾ ਹੈ।
ਇਹ ਵੀ ਪੜ੍ਹੋ: ਕਜ਼ਾਕਿਸਤਾਨ 'ਚ ਤੇਲ ਦੀਆਂ ਕੀਮਤਾਂ ਵਧਣ ਨਾਲ ਭੜਕੀ ਹਿੰਸਾ ਤੋਂ ਬਾਅਦ ਐਮਰਜੈਂਸੀ ਲਾਗੂ, ਡਿੱਗੀ ਸਰਕਾਰ
ਪ੍ਰਵਾਸੀਆਂ ਅਤੇ ਸ਼ਰਣਾਰਥੀਆਂ ਲਈ ਮਦਦਗਾਰ ਬਣੀ ਸੰਸਥਾ
ਏਲਸਪੇਥ ਹੇਵਰਥ ਸੇਂਟਰ ਫਾਰ ਵੂਮੇਨ ਦੀ ਕਾਰਜਕਾਰੀ ਨਿਰਦੇਸ਼ਕ ਸ਼੍ਰੀਮਤੀ ਸੁੰਦਰ ਸਿੰਘ ਕਹਿੰਦੀ ਹੈ ਕਿ ਪਿਛਲੇ ਸਾਲ ਬਹੁਤ ਸਾਰੇ ਲੋਕ ਸਾਡੇ ਕੋਲ ਆਏ ਤੇ ਅਸੀਂ ਕਈ ਔਰਤਾਂ ਨੂੰ ਵਪਾਰ ’ਚ ਹੁਨਰਮੰਦ ਬਣਾਉਣ ਲਈ ਟ੍ਰੇਨਿੰਗ ਪ੍ਰੋਗਰਾਮਾਂ ’ਚ ਸ਼ਾਮਿਲ ਹੋਣ ’ਚ ਮਦਦ ਕੀਤੀ। ਆਪਣੇ ਮਿਸ਼ਨ ਬਾਰੇ ਦੱਸਦਿਆਂ ਸ਼੍ਰੀਮਤੀ ਸਿੰਘ ਕਹਿੰਦੀ ਹੈ ਕਿ ਏਲਸਪੇਥ ਹੇਵਰਥ ਸੇਂਟਰ ਫਾਰ ਵੂਮੇਨ ਨਾ ਕੇਵਲ ਨਵੇਂ ਲੋਕਾਂ, ਪ੍ਰਵਾਸੀਆਂ ਤੇ ਸ਼ਰਣਾਰਥੀਆਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ ਬਲਕਿ ਇਹ ਔਰਤਾਂ ਤੇ ਬਜ਼ੁਰਗਾਂ ’ਤੇ ਹਿੰਸਾ ਦੀਆਂ ਘਟਨਾਵਾਂ ਨੂੰ ਘੱਟ ਕਰਨ ’ਤੇ ਵੀ ਧਿਆਨ ਕੇਂਦਰਿਤ ਕਰਦਾ ਹੈ। ਉਹ ਕਹਿੰਦੀ ਹੈ ਕਿ ਅਸੀ ਲੋਕਾਂ ਨੂੰ ਮਸ਼ਕਿਲ ਹਾਲਾਤਾਂ ’ਚੋਂ ਨਿਕਲਣ ’ਚ ਮਦਦ ਕਰਦੇ ਹਾਂ ਤੇ ਔਰਤਾਂ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ’ਚ ਬਦਲਾਵ ਲਿਆਉਣ ਲਈ ਮਜ਼ਬੂਤ ਬਣਾਉਂਦੇ ਹਾਂ।
ਕੌਮਾਂਤਰੀ ਵਿਦਿਆਰਥੀਆਂ ’ਚ 90 ਫੀਸਦੀ ਕੁੜੀਆਂ
ਟੋਰੰਟੋ ਸਥਿਤ ਏਲਸਪੇਥ ਹੇਵਰਥ ਸੈਂਟਰ ਫਾਰ ਵੁਮੈਨ ਦੀ ਕਾਰਜਕਾਰੀ ਨਿਰਦੇਸ਼ਕ ਸ਼੍ਰੀਮਤੀ ਸੁੰਦਰ ਸਿੰਘ ਔਰਤਾਂ ਦੇ ਸ਼ੋਸ਼ਣ ਦੇ ਖ਼ਿਲਾਫ਼ ਲੜਾਈ ਵਿਚ ਸਭ ਤੋਂ ਅੱਗੇ ਹੈ। ਉਹ ਦੱਸਦੀ ਹੈ ਕਿ ਵਿਸ਼ੇਸ਼ ਤੌਰ ’ਤੇ ਭਾਰਤ ਤੋਂ ਵਿਦਿਆਰਥੀਆਂ ਦਾ ਵਧਦਾ ਸੈਕਸ ਸ਼ੋਸ਼ਣ ਸਾਡੇ ਲਈ ਚਿੰਤਾ ਦਾ ਇਕ ਨਵਾਂ ਖੇਤਰ ਹੈ। ਸ਼੍ਰੀਮਤੀ ਸਿੰਘ ਕਹਿੰਦੀ ਹੈ ਕਿ ਉਹ ਅਤੇ ਉਨ੍ਹਾਂ ਦੇ ਮੁਲਜ਼ਮ ਮਨੁੱਖੀ ਸਮੱਗਲਿੰਗ ਰਾਹੀਂ ਔਰਤਾਂ ਦਾ ਸ਼ੋਸ਼ਣ ਕਰਨ ਦੇ ਮਾਮਲਿਆਂ ਨੂੰ ਸਰਗਰਮ ਤੌਰ ’ਤੇ ਟਰੈਕ ਕਰਦੇ ਹਨ ਅਤੇ ਉਨ੍ਹਾਂ ਨੂੰ ਇਕ ਨਵਾਂ ਜੀਵਨ ਫਿਰ ਤੋਂ ਸ਼ੁਰੂ ਕਰਨ ਵਿਚ ਮਦਦ ਕਰਦੇ ਹਨ। ਸ਼੍ਰੀਮਤੀ ਸਿੰਘ ਮੁਤਾਬਕ ਕੰਪਲੈਕਸਾਂ, ਗਲੀ-ਨੁੱਕੜ, ਬੱਸ ਸਟਾਪ, ਕੰਮ ਦੀਆਂ ਥਾਵਾਂ ਅਤੇ ਇਥੋਂ ਤੱਕ ਕਿ ਧਾਰਮਿਕ ਸਥਾਨਾਂ ਤੇ ਵੀ ਦਲਾਲ ਕੌਮਾਂਤਰੀ ਵਿਦਿਆਰਥਣਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਥੇ ਜ਼ਿਕਰਯੋਗ ਇਹ ਹੈ ਕਿ ਕੈਨੇਡਾ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਿਚ 90 ਫੀਸਦੀ ਕੁੜੀਆਂ ਹਨ, ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਭਾਰਤ ਦੇ ਪੰਜਾਬ ਸੂਬੇ ਤੋਂ ਹਨ।
ਇਹ ਵੀ ਪੜ੍ਹੋ: FTA ਤਹਿਤ ਭਾਰਤੀਆਂ ਲਈ ਵੀਜ਼ਾ ਨਿਯਮਾਂ ’ਚ ਢਿੱਲ ਦੇਣ ਦੀਆਂ ਅਟਕਲਾਂ ਨੂੰ ਬ੍ਰਿਟੇਨ ਦੇ PM ਨੇ ਕੀਤਾ ਖਾਰਜ
ਕਿਰਾਏ ਦੇ ਬਦਲੇ ਜਿੰਮੀਦਾਰਾਂ ਨਾਲ ਜਿਮਸ ਦਾ ਸਮਝੌਤਾ
ਸ਼੍ਰੀਮਤੀ ਸਿੰਘ ਦਾ ਕਹਿਣਾ ਹੈ ਕਿ ਇਹ ਸਮੱਸਿਆ ਬ੍ਰੈਂਪਟਨ ਤੋਂ ਟੋਰੰਟੋ, ਵਾਨ ਅਤੇ ਹੋਰ ਥਾਵਾਂ ਤੱਕ ਫੈਲ ਰਹੀ ਹੈ। ਅਜਿਹੇ ਵਿਚ ਬਹੁਤ ਸਾਲੇ ਕੇਂਦਰ ਹਨ ਜੋ ਮਸਾਜ ਅਤੇ ਬਿਊਟੀ ਪਾਰਲਰ ਦੀ ਆੜ ਵਿਚ ਇਹ ਦੇਹ ਵਪਾਰ ਕਰ ਰਹੇ ਹਨ। ਬ੍ਰੈਂਪਟਨ ਵਿਚ ਇਹ ਸਮੱਸਿਆ ਵਿਆਪਕ ਪੱਧਰ ’ਤੇ ਹੈ ਕਿਉਂਕਿ ਭਾਰਤ ਦੀ ਜ਼ਿਆਦਾਤਰ ਵਿਦਿਆਰਥਣਾਂ ਇਕ ਅਜਿਹੇ ਸ਼ਹਿਰ ਵਿਚ ਵਸਦੀ ਹੈ ਜਿਥੇ ਭਾਰਤ ਦੀ ਇਕ ਵੱਡੀ ਆਬਾਦੀ ਹੈ ਅਤੇ ਕਈ ਧਾਰਮਿਕ ਸਥਾਨ ਹਨ। ਜਿੰਮੀਦਾਰ ਕਈ ਵਿਦਿਆਰਥਣਾਂ ਨੂੰ ਆਪਣੇ ਤਹਿਖਾਨੇ ਵਿਚ ਰਹਿਣ ਦੀ ਇਜਾਜ਼ਤ ਦਿੰਦੇ ਹਨ। ਵਿਅੰਗਾਤਮਕ ਇਹ ਹੈ ਕਿ ਸ਼੍ਰੀਮਤੀ ਸਿੰਘ ਕਹਿੰਦੀ ਹੈ, ਕਈ ਵਿਦਿਆਰਥਣਾਂ ਦੇ ਸੈਕਸ ਸ਼ੋਸ਼ਣ ਦੀ ਸ਼ੁਰੂਆਤ ਜਿੰਮੀਦਾਰਾਂ ਨਾਲ ਹੁੰਦੀ ਹੈ। ਕਈ ਕੁੜੀਆਂ ਜਿੰਮੀਦਾਰਾਂ ਨਾਲ ਸਮਝੌਤਾ ਕਰਦੀਆਂ ਹਨ ਇਸ ਲਈ ਉਨ੍ਹਾਂ ਕਿਰਾਇਆ ਨਹੀਂ ਦੇਣਾ ਪੈਂਦਾ ਹੈ।
ਮਨੁੱਖੀ ਸਮੱਗਲਿੰਗ ਕਾਰਨ ਖ਼ਤਮ ਹੋ ਰਹੀ ਹੈ ਕੁੜੀਆਂ ਦੀ ਪ੍ਰਤਿਭਾ
ਸ਼੍ਰੀਮਤੀ ਨੂੰ ਚਿੰਤਾ ਹੈ ਕਿ ਜੇਕਰ ਜੀਟੀਏ ਵਿਚ ਇਹ ਦਲਾਲੀ ਦਾ ਰਿਵਾਜ਼ ਫੈਲਦਾ ਰਿਹਾ, ਤਾਂ ਜ਼ਿਆਦਾ ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥਣਾਂ ਦਾ ਭਵਿੱਖ ਖਰਾਬ ਹੋ ਜਾਏਗਾ। ਮਨੁੱਖੀ ਸਮੱਗਲਿੰਗ ਕਾਰਨ ਬਿਨਾਂ ਕਿਸੇ ਹੁਨਰ ਦੇ ਕੁੜੀਆਂ ਦਾ ਭਵਿੱਖ ਖ਼ਤਮ ਹੋ ਜਾਏਗਾ। ਏਲਸਪੇਥ ਹੇਵਰਥ ਸੈਂਟਰ ਫਾਰ ਵੁਮੈਨ ਨੇ ਨੌਜਵਾਨ ਕੁੜੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿਚ ਮਦਦ ਕਰਨ ਲਈ ਕਦਮ ਵਧਾਇਆ ਹੈ। ਸ਼੍ਰੀਮਤੀ ਸਿੰਘ ਕਹਿੰਦੀ ਹੈ ਕਿ ਸਾਡਾ ਕੇਂਦਰ ਜੀਟੀਏ ਵਿਚ ਲਗਾਤਾਰ ਵਧਦੀ ਮਨੁੱਖੀ ਸਮੱਗਲਿੰਗ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨੌਜਵਾਨਾਂ ਲਈ ਪ੍ਰੋਗਰਾਮ ਚਲਾਉਂਦਾ ਹੈ। ਏਲਸਪੇਥ ਹੇਵਰਥ ਸੈਂਟਰ ਫਾਰ ਵੁਮੈਨ ਇਨ੍ਹਾਂ ਵਿਦਿਆਰਥੀਆਂ ਨੂੰ ਜਾਗਰੁਕ ਕਰਦਾ ਹੈ ਕਿ ਕੈਨੇਡਾ ਵਿਚ ਸਭ ਤੋਂ ਜ਼ਿਆਦਾ ਮੰਗ ਵਪਾਰ ਹੁਨਰ ਦੀ ਹੈ। ਅਸੀਂ ਉਨ੍ਹਾਂ ਕਨੈਕਸ਼ਨ ਪ੍ਰਦਾਨ ਕਰਦੇ ਹਾਂ ਜਿਥੇ ਉਨ੍ਹਾਂ ਦੇ ਹੁਨਰ ਵਿਚ ਮੁਫ਼ਤ ਟਰੇਨਿੰਗ ਮਿਲਦੀ ਹੈ। ਬਿਨਾਂ ਕਿਸੇ ਪੈਸੇ ਦੇ ਹੁਨਰ ਵਿਚ 3-4 ਸਾਲ ਦੀ ਸਿੱਖਿਆ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਭੁਗਤਾਨ ਵਾਲੀ ਪੇਸ਼ੇਵਰ ਨੌਕਰੀ ਮਿਲਦੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ 'ਸਿੱਖ' ਦੀ ਬੱਲੇ-ਬੱਲੇ, ਦੂਜੀ ਵਾਰ ਮੇਅਰ ਚੁਣੇ ਗਏ ਰਵੀ ਭੱਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।