ਦੁਖ਼ਦਾਈ ਖ਼ਬਰ: ਆਸਟ੍ਰੇਲੀਆ 'ਚ ਵਾਪਰੇ ਕਾਰ ਹਾਦਸੇ 'ਚ ਪੰਜਾਬੀ ਦੀ ਮੌਤ, ਪਤਨੀ ਅਤੇ ਬੱਚੇ ਜ਼ਖ਼ਮੀ
Thursday, Dec 08, 2022 - 09:25 AM (IST)

ਮੈਲਬੌਰਨ (ਏਜੰਸੀ) : ਆਸਟਰੇਲੀਆ ਵਿੱਚ ਗੱਡੀ ’ਤੇ ਕੰਟਰੋਲ ਗੁਆਉਣ ਕਾਰਨ ਮੌਕੇ ’ਤੇ ਹੀ ਇੱਕ 34 ਸਾਲਾ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਸ ਹਾਦਸੇ ਵਿਚ ਉਸ ਦੇ 2 ਬੱਚਿਆਂ ਸਮੇਤ 4 ਹੋਰ ਲੋਕ ਜ਼ਖ਼ਮੀ ਹੋ ਗਏ। ਜਦੋਂ ਇਹ ਹਾਦਸਾ ਵਾਪਰਿਆ, ਉਦੋਂ ਸੁਖਦੀਪ ਸਿੰਘ ਆਪਣੀ ਪਤਨੀ, 2 ਬੱਚਿਆਂ ਅਤੇ 1 ਦੋਸਤ ਨਾਲ 4 ਦਸੰਬਰ ਨੂੰ ਵਿਕਟੋਰੀਆ ਰਾਜ ਦੇ ਮਾਊਂਟ ਕੌਟਰੇਲ ਦੇ ਪੱਛਮੀ ਉਪਨਗਰ ਵਿੱਚ ਕਾਰ ਵਿੱਚ ਸਫ਼ਰ ਕਰ ਰਹੇ ਸਨ। ਵਿਕਟੋਰੀਆ ਪੁਲਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਇਹ ਮੰਨਿਆ ਜਾ ਰਿਹਾ ਹੈ ਕਿ 5 ਸਵਾਰੀਆਂ ਵਾਲਾ ਵਾਹਨ ਸ਼ਾਮ 4 ਵਜੇ ਤੋਂ ਠੀਕ ਬਾਅਦ ਡੋਹਰਟੀਜ਼ ਰੋਡ ਤੋਂ ਲੰਘਿਆ ਸੀ ਅਤੇ ਵਾਹਨ ਨੇ ਕਈ ਵਾਰ ਪਲਟੀ ਖਾਦੀਆਂ।" ਬਿਆਨ ਵਿੱਚ ਕਿਹਾ ਗਿਆ ਹੈ, "ਇੱਕ ਪੁਰਸ਼ ਯਾਤਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਇੱਕ ਮਹਿਲਾ ਯਾਤਰੀ ਅਤੇ 2 ਬੱਚਿਆਂ ਨੂੰ ਵੀ ਗੈਰ-ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ ਹੈ।"
ਇਹ ਵੀ ਪੜ੍ਹੋ: ਯੂਕੇ 'ਚ ਨਵੇਂ ਬਣੇ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਏ ਕਿੰਗ ਚਾਰਲਸ II
ਪੁਲਸ ਨੇ ਕਿਹਾ ਕਿ ਉਹ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੇ ਹਨ। ਇਸ ਮਾਮਲੇ ਦੀ ਜਾਂਚ ਵਿਕਟੋਰੀਆ ਦੀ ਕੋਰੋਨਰ ਕੋਰਟ ਵੱਲੋਂ ਵੀ ਕੀਤੀ ਜਾ ਰਹੀ ਹੈ। ਪੁਲਸ ਨੇ ਹਾਦਸੇ ਦੇ ਗਵਾਹਾਂ, ਜਾਂ ਡੈਸ਼ਕੈਮ ਫੁਟੇਜ ਵਾਲੇ ਜਾਂ ਦੁਰਘਟਨਾ ਬਾਰੇ ਕੋਈ ਜਾਣਕਾਰੀ ਰੱਖਣ ਵਾਲਿਆਂ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਲਈ ਬੇਨਤੀ ਕੀਤੀ ਹੈ। ਇਸ ਦੌਰਾਨ ਪਰਿਵਾਰਕ ਦੋਸਤਾਂ ਨੇ ਸੁਖਦੀਪ ਦੇ ਪਰਿਵਾਰ ਦੇ ਬਚੇ ਹੋਏ ਮੈਂਬਰਾਂ ਲਈ ਇੱਕ GoFundMe ਫੰਡਰੇਜ਼ਰ ਦਾ ਆਯੋਜਨ ਕੀਤਾ ਹੈ। ਉਹ $100,000 ਇਕੱਠਾ ਕਰਨ ਦੀ ਉਮੀਦ ਕਰ ਰਹੇ ਹਨ, ਜਿਸ ਵਿੱਚ ਅੰਤਿਮ ਸੰਸਕਾਰ ਦੀ ਲਾਗਤ ਤੋਂ ਇਲਾਵਾ ਉਸਦੇ ਮਾਤਾ-ਪਿਤਾ ਨੂੰ ਆਸਟ੍ਰੇਲੀਆ ਲਿਆਉਣ ਅਤੇ ਉਸਦੀ ਪਤਨੀ ਅਤੇ ਬੱਚਿਆਂ ਦਾ ਸਮਰਥਨ ਕਰਨਾ ਸ਼ਾਮਲ ਹੈ। ਸੁਖਦੀਪ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਫੰਡਰੇਜ਼ਰ ਪੇਜ ਵਿੱਚ ਲਿਖਿਆ ਹੈ ਕਿ, "ਉਸਦੀ ਪਤਨੀ ਅਤੇ ਬੱਚੇ ਇਸ ਭਿਆਨਕ ਹਾਦਸੇ ਤੋਂ ਬਚ ਗਏ ਹਨ ਅਤੇ ਐਂਬੂਲੈਂਸ ਵਿਕਟੋਰੀਆ ਦੀ ਸਮੇਂ ਸਿਰ ਮਦਦ ਨੇ ਉਹਨਾਂ ਨੂੰ ਬਚਾ ਲਿਆ ਹੈ ਪਰ ਉਹ ਤਬਾਹ ਅਤੇ ਆਪਣੇ ਭਵਿੱਖ ਲਈ ਡਰੇ ਹੋਏ ਹਨ, ਕਿਉਂਕਿ ਉਹਨਾਂ ਨੇ ਆਪਣੇ ਘਰ ਦੇ ਥੰਮ੍ਹ ਅਤੇ ਇੱਕਲੇ ਕਮਾਉਣ ਵਾਲੇ ਨੂੰ ਗੁਆ ਦਿੱਤਾ ਹੈ।"