ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੀਨੀਆ ’ਚ ਭਾਰਤੀ ਭਾਈਚਾਰੇ ਨਾਲ ਕੀਤੀ ਗੱਲਬਾਤ
Monday, Jun 14, 2021 - 11:38 AM (IST)
ਇੰਟਰਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕੀਨੀਆ ’ਚ ਭਾਰਤੀ ਭਾਈਚਾਰੇ ਦੇ ਵੱਖ-ਵੱਖ ਵਰਗਾਂ ਨਾਲ ‘ਸਾਰਥਿਕ’ ਆਨਲਾਈਨ ਗੱਲਬਾਤ ਕੀਤੀ। ਇਸ ਪੂਰਬੀ ਅਫਰੀਕਾ ਦੇ ਦੇਸ਼ ਨਾਲ ਭਾਰਤ ਦੇ ਸਬੰਧ ਮਜ਼ਬੂਤ ਕਰਨ ਲਈ ਜੈਸ਼ੰਕਰ ਸ਼ਨੀਵਾਰ ਨੂੰ ਤਿੰਨ ਦਿਨਾ ਦੌਰੇ ’ਤੇ ਇਥੇ ਪਹੁੰਚੇ। ਇਥੇ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਰਾਤ ਨੂੰ ਟਵੀਟ ਕੀਤਾ, ‘‘ਮਾਣਯੋਗ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਕੀਨੀਆ ਦੇ ਸਰਕਾਰੀ ਦੌਰੇ ’ਤੇ ਹਨ ਅਤੇ 13 ਜੂਨ ਨੂੰ ਕੀਨੀਆ ’ਚ ਭਾਰਤੀ ਭਾਈਚਾਰੇ ਦੇ ਵੱਖ-ਵੱਖ ਵਰਗਾਂ ਨਾਲ ਆਨਲਾਈਨ ਗੱਲਬਾਤ ਕੀਤੀ।”
ਇਸ ’ਚ ਦੱਸਿਆ ਗਿਆ ਕਿ ਗੱਲਬਾਤ ਦਾ ਸੰਯੋਜਨ ਕੀਨੀਆ ’ਚ ਭਾਰਤ ਦੇ ਹਾਈ ਕਮਿਸ਼ਨਰ ਵੀਰੇਂਦਰ ਪੌਲ ਨੇ ਕੀਤਾ । ਕੀਨੀਆ ’ਚ ਭਾਰਤੀ ਮੂਲ ਦੇ ਲੱਗਭਗ 80,000 ਲੋਕ ਹਨ, ਜਿਨ੍ਹਾਂ ’ਚੋਂ 20,000 ਭਾਰਤੀ ਨਾਗਰਿਕ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜੈਸ਼ੰਕਰ ਅਤੇ ਉਨ੍ਹਾਂ ਦੇ ਕੀਨੀਆ ਦੇ ਹਮਰੁਤਬਾ ਰਾਚੇਲ ਓਮਾਮੋ ਨੇ ਦੋਵਾਂ ਦੇਸ਼ਾਂ ਵਿਚਾਲੇ ‘ਦੁਵੱਲੇ ਸਹਿਯੋਗ’ ਉੱਤੇ ‘ਸਾਰਥਕ ਗੱਲਬਾਤ’ ਕੀਤੀ। ਇਨ੍ਹਾਂ ਸਬੰਧਾਂ ਨੂੰ ਅੱਗੇ ਤੋਰਨ ਲਈ ਇਕ ਸਾਂਝਾ ਕਮਿਸ਼ਨ ਕੰਮ ਕਰੇਗਾ। ਗੱਲਬਾਤ ਤੋਂ ਬਾਅਦ ਜੈਸ਼ੰਕਰ ਨੇ ਟਵੀਟ ਕੀਤਾ, “ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਦੋਵਾਂ ਮੈਂਬਰਾਂ ਲਈ ਕਮਿਸ਼ਨ ਖੇਤਰੀ ਅਤੇ ਵਿਸ਼ਵ ਪੱਧਰੀ ਮੁੱਦਿਆਂ ’ਤੇ ਵਿਸਥਾਰਪੂਰਵਕ ਚਰਚਾ ਹੋਈ। ਇਕ ਇਤਿਹਾਸਕ ਇਕਜੁੱਟਤਾ ਅੱਜ ਇਕ ਆਧੁਨਿਕ ਸਾਂਝੇਦਾਰੀ ਬਣ ਗਈ ਹੈ।” ਭਾਰਤ ਤੇ ਕੀਨੀਆ ਇਸ ਸਮੇਂ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਹਨ ਅਤੇ ਰਾਸ਼ਟਰਮੰਡਲ ਦੇ ਵੀ ਮੈਂਬਰ ਹਨ। ਕੀਨੀਆ ਅਫਰੀਕੀ ਯੂਨੀਅਨ ਦਾ ਇੱਕ ਸਰਗਰਮ ਮੈਂਬਰ ਹੈ, ਜਿਸ ਦੇ ਭਾਰਤ ਨਾਲ ਲੰਮੇ ਸਮੇਂ ਤੋਂ ਸਬੰਧ ਹਨ।