ਇਟਲੀ ''ਚ ਬਿਨਾਂ ਪਾਸਪੋਰਟ ਦੇ ਰਹਿੰਦੇ ਭਾਰਤੀਆਂ ਨੂੰ ਮਿਲੀ ਵੱਡੀ ਖੁਸ਼ਖਬਰੀ

06/13/2020 10:46:09 PM

ਰੋਮ,(ਦਲਵੀਰ ਕੈਂਥ) : ਜਦੋਂ ਦੀ ਇਟਲੀ ਵਿਚ ਇਮੀਗ੍ਰੇਸ਼ਨ ਖੁੱਲ੍ਹੀ ਹੈ ਉਦੋਂ ਤੋਂ ਇਟਲੀ ਵਿਚ ਬਿਨਾਂ ਪਾਸਪੋਰਟ ਦੇ ਭਾਰਤੀ ਨੌਜਵਾਨਾਂ ਦੀ ਭਾਰਤੀ ਅੰਬੈਂਸੀ ਰੋਮ ਅਤੇ ਕੌਂਸਲੇਟ ਮਿਲਾਨ ਵੱਲ ਪਾਸਪੋਰਟ ਬਣਾਉਣ ਲਈ ਦੌੜ ਲੱਗੀ ਹੋਈ ਹੈ। ਬਿਨਾਂ ਪਾਸਪੋਰਟ ਦੇ ਭਾਰਤੀ ਨੌਜਵਾਨ ਪੂਰੀ ਵਾਹ ਲਗਾ ਰਹੇ ਸਨ ਕਿ ਉਨ੍ਹਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਭਾਰਤੀ ਪਾਸਪੋਰਟ ਮਿਲ ਜਾਵੇ ਤੇ ਇਟਲੀ ਦੇ ਪੇਪਰ ਲੈ ਉਹ ਕਈ ਸਾਲਾਂ ਤੋਂ ਵਿਛੜੇ ਪਰਿਵਾਰ ਨੂੰ ਮਿਲ ਸਕਣ ।

ਬਿਨਾਂ ਪਾਸਪੋਰਟ ਦੇ ਭਾਰਤੀ ਨੌਜਵਾਨਾਂ ਨੂੰ ਭਾਰਤੀ ਅੰਬੈਂਸੀ ਰੋਮ ਵੱਲੋਂ ਜਿਹੜੀ ਇਸ ਮੌਕੇ ਪਾਸਪੋਰਟ ਬਣਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ, ਉਸ ਤੋਂ ਹੁਣ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੰਬੈਂਸੀ ਕੱਚੇ ਭਾਰਤੀਆਂ ਦੀ ਹਿਚਕੋਲੇ ਖਾਂਦੀ ਬੇੜੀ ਹੁਣ ਬੰਨੇ ਲਗਾ ਕੇ ਹੀ ਸਾਹ ਲਵੇਗੀ। ਅੰਬੈਂਸੀ ਵੱਲੋਂ ਰੋਮ ਵਿਖੇ ਕੱਚੇ ਭਾਰਤੀਆਂ ਨੂੰ ਪਾਸਪੋਰਟ ਦੇਣ ਲਈ ਵਿਸ਼ੇਸ਼ ਪਾਸਪੋਰਟ ਕੈਂਪ ਲਗਾਇਆ ਗਿਆ। ਇਸ ਵਿਚ ਸੈਂਕੜੇ ਤੋਂ ਵੱਧ ਭਾਰਤੀਆਂ ਦੀ ਬੇੜੀ ਬੰਨੇ ਲੱਗ ਗਈ ਹੈ ਤੇ ਉਨ੍ਹਾਂ ਨੂੰ ਅੰਬੈਸੀ ਵੱਲੋਂ ਅਥਾਰਟੀ ਪੱਤਰ ਪੇਪਰ ਭਰਵਾਉਣ ਲਈ ਜਾਰੀ ਕੀਤੇ ਗਏ ਹਨ।

ਇਸ ਮੌਕੇ ਦੋ ਭਾਰਤੀਆਂ ਨੇ ਪ੍ਰੈੱਸ ਨਾਲ ਆਪਣੀ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਪਿਛਲੇ 10-11 ਸਾਲਾਂ ਤੋਂ ਇਟਲੀ ਬਿਨਾਂ ਪੇਪਰਾਂ ਦੇ ਰਹਿ ਰਹੇ ਹਨ ।ਇਸ ਦੌਰਾਨ ਉਹ ਬੀਮਾਰ ਹੋ ਗਏ ਤੇ ਪਾਸਪੋਰਟਾਂ ਦੀ ਵੀ ਮਿਆਦ ਵੀ ਖਤਮ ਹੋ ਗਈ । ਉਨ੍ਹਾਂ ਨੂੰ ਬਿਨਾਂ ਪੇਪਰ ਕਈ ਮੁਸੀਬਤਾਂ ਝੱਲਣੀਆਂ ਪਈਆਂ ਤੇ ਇਸ ਕਾਰਨ ਉਨ੍ਹਾਂ ਨੇ ਤਾਂ ਪਰਿਵਾਰ ਨੂੰ ਮਿਲਣ ਦੀ ਆਸ ਹੀ ਖਤਮ ਕਰ ਦਿੱਤੀ ਸੀ, ਜਿਸ ਨੂੰ ਹੁਣ ਅੰਬੈਂਸੀ ਨੇ ਪਾਸਪੋਰਟ ਦੇਣੇ ਸ਼ੁਰੂ ਕਰਕੇ ਜਿਉਂਦਾ ਕਰ ਦਿੱਤਾ ਹੈ। ਉਹ ਧੰਨਵਾਦੀ ਹਨ ਭਾਰਤੀ ਅੰਬੈਂਸੀ ਰੋਮ ਦੇ ਸਾਰੇ ਸਟਾਫ਼ ਦਾ ਤੇ ਰਾਜਦੂਤ ਮੈਡਮ ਰੀਨਤ ਸੰਧੂ ਦਾ ਜਿਨ੍ਹਾਂ ਉਨ੍ਹਾਂ ਪਾਸਪੋਰਟ ਦੇ ਕੇ ਨਵੀਂ ਜ਼ਿੰਦਗੀ ਦਿੱਤੀ ਹੈ ।ਇਟਲੀ ਵਿਚ ਬਿਨਾਂ ਪੇਪਰਾਂ ਦੇ ਜ਼ਿੰਦਗੀ ਕੱਟਣੀ ਬਹੁਤ ਮੁਸ਼ਕਿਲ ਹੈ । ਬਿਨਾਂ ਪੇਪਰ ਇਨਸਾਨ ਨੂੰ ਰੋਟੀ ਤਾਂ ਕੀ ਦਵਾਈ ਵੀ ਨਹੀਂ ਮਿਲਦੀ ਜਿਸ ਕਾਰਨ ਇਨਸਾਨ ਧੱਕੇ ਖਾਣ ਲਈ ਮਜਬੂਰ ਹੋ ਜਾਂਦਾ ਹੈ।

ਇਸ ਪਾਸਪੋਰਟ ਕੈਂਪ ਮੌਕੇ ਭਾਰਤੀ ਅੰਬੈਂਸੀ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਰੀਨਤ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਟਲੀ ਵਿਚ ਹਰ ਭਾਰਤੀ ਨੂੰ ਇਟਲੀ ਵਿਚ ਕਾਨੂੰਨੀ ਤੌਰ 'ਤੇ ਰਹਿਣ ਦੀ ਇਜਾਜ਼ਤ ਮਿਲੇ ਤੇ ਇਹ ਲੋਕ ਦੁੱਖ-ਸੁੱਖ ਮੌਕੇ ਆਪਣੇ ਭਾਰਤ ਵਿਚ ਰਹਿੰਦੇ ਪਰਿਵਾਰ ਨੂੰ ਮਿਲ ਸਕਣ । ਬਿਨਾਂ ਪਾਸਪੋਰਟ ਦੇ ਭਾਰਤੀ ਨੌਜਵਾਨਾਂ ਨੂੰ ਪਾਸਪੋਰਟ ਦੇਣ ਲਈ ਅੰਬੈਂਸੀ ਅੱਜ ਦਾ ਵਿਸ਼ੇਸ਼ ਕੈਂਪ ਆਯੋਜਿਤ ਕਰ ਰਹੀ ਹੈ, ਜਿਸ ਵਿਚ ਸੈਂਕੜੇ ਭਾਰਤੀ ਪਹੁੰਚ ਕੇ ਭਰਪੂਰ ਲਾਭ ਲੈ ਰਹੇ ਹਨ ਅਤੇ ਜਿਹੜੇ ਅਜੇ ਵੀ ਪਾਸਪੋਰਟ ਅਪਲਾਈ ਨਹੀਂ ਕਰ ਸਕੇ, ਉਹ ਜਲਦ ਸੰਬਧਤ ਪੇਪਰ ਲੈ ਕੇ ਅਪਲਾਈ ਕਰਨ ਤਾਂ ਜੋ ਸਮਾਂ ਰਹਿੰਦੇ ਉਹ ਇਟਲੀ ਦੇ ਪੇਪਰ ਭਰ ਸਕਣ। ਇਸ ਕੈਂਪ ਮੌਕੇ ਸ਼ਹੀਦ ਭਗਤ ਸਿੰਘ ਸਭਾ ਰੋਮ ਵੱਲੋਂ ਚਾਹ, ਜੂਸ ਅਤੇ ਬਰੈੱਡਾਂ ਦੀ ਸੇਵਾ ਵੀ ਕੀਤੀ ਗਈ। 3 ਹਫ਼ਤਿਆਂ ਇਕ ਹਜ਼ਾਰ ਤੋਂ ਵੱਧ ਅਥਾਰਟੀ ਪੱਤਰ ਜਾਰੀ ਹੋ ਚੁੱਕੇ ਹਨ।


Sanjeev

Content Editor

Related News