ਕਿੰਗ ਚਾਰਲਸ III ਦੇ ਜਨਮਦਿਨ ਸਨਮਾਨ ਸੂਚੀ ''ਚ ਭਾਰਤੀ ਮੂਲ ਦੇ ਡਾਕਟਰ, ਪੇਸ਼ੇਵਰ ਸ਼ਾਮਲ

06/17/2023 1:18:39 PM

ਲੰਡਨ (ਭਾਸ਼ਾ)- ਚਾਰਲਸ ਤੀਜੇ ਦੇ ਬ੍ਰਿਟੇਨ ਦਾ ਰਾਜਾ ਬਣਨ ਤੋਂ ਬਾਅਦ ਪਹਿਲੀ ਵਾਰ ਜਾਰੀ ਕੀਤੀ ਉਨ੍ਹਾਂ ਦੀ ਜਨਮਦਿਨ ਸਨਮਾਨ ਦੀ ਸੂਚੀ ਵਿੱਚ ਭਾਰਤੀ ਮੂਲ ਦੇ 40 ਤੋਂ ਵੱਧ ਡਾਕਟਰ, ਕਾਰੋਬਾਰੀ ਅਤੇ ਭਾਈਚਾਰੇ ਦਾ ਮਾਣ ਵਧਾਉਣ ਵਾਲੀਆਂ ਸ਼ਖਸੀਅਤਾਂ ਸ਼ਾਮਲ ਹਨ। ਇਹ ਜਾਣਕਾਰੀ ਬ੍ਰਿਟਿਸ਼ ਰਾਇਲ ਪੈਲੇਸ ਵੱਲੋਂ ਜਾਰੀ ਇਕ ਬਿਆਨ ਤੋਂ ਮਿਲੀ ਹੈ। ਆਕਸਫੋਰਡ ਯੂਨੀਵਰਸਿਟੀ ਦੇ ਆਕਸਫੋਰਡ ਵੈਕਸੀਨ ਗਰੁੱਪ ਵਿਚ ਗਲੋਬਲ ਆਪਰੇਸ਼ਨਜ਼ ਦੀ ਡਾਇਰੈਕਟਰ ਡਾ.ਪਰਵਿੰਦਰ ਕੌਰ ਐਲੀ ਨੂੰ ਕੋਵਿਡ-19 ਦੌਰਾਨ ਟੀਕਾਕਰਨ ਵਿਚ ਉਨ੍ਹਾਂ ਦੀਆਂ ਸੇਵਾਵਾਂ ਲਈ 'ਆਫੀਸਰ ਆਫ ਦਿ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ' (OBE) ਵਜੋਂ ਸਨਮਾਨਿਤ ਕੀਤਾ ਗਿਆ ਹੈ।

'ਕਿੰਗਜ਼ ਕਾਲਜ ਲੰਡਨ' ਵਿਖੇ ਰੋਬੋਟਿਕ ਸਰਜਰੀ ਐਂਡ ਯੂਰੋਲੋਜੀਕਲ ਇਨੋਵੇਸ਼ਨ ਦੇ ਪ੍ਰਧਾਨ ਪ੍ਰੋਕਰ ਦਾਸਗੁਪਤਾ ਨੂੰ ਵੀ ਸਰਜਰੀ ਅਤੇ ਵਿਗਿਆਨ ਵਿਚ ਉਨ੍ਹਾਂ ਦੀਆਂ ਸੇਵਾਵਾਂ ਲਈ ਓ.ਬੀ.ਈ. ਨਾਲ ਸਨਮਾਨਤ ਕੀਤਾ ਗਿਆ ਹੈ। ਸਨਮਾਨਿਤ ਹੋਣ ਵਾਲੇ  ਬ੍ਰਿਟਿਸ਼ ਭਾਰਤੀ ਕਾਰੋਬਾਰੀ ਨੇਤਾਵਾਂ ਵਿਚ ਗ੍ਰਾਂਟ ਥੋਰਨਟਨ ਯੂਕੇ ਐੱਲ.ਐੱਲ.ਪੀ. ਵਿਚ ਪਾਰਟਨਰ ਅਤੇ ਦੱਖਣੀ ਏਸ਼ੀਆ ਵਪਾਰ ਸਮੂਹ ਦੇ ਮੁਖੀ ਅਨੁਜ ਚੰਦੇ ਸ਼ਾਮਲ ਹਨ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਦੇ ਖੇਤਰ ਵਿਚ ਉਨ੍ਹਾਂ ਦੀਆਂ ਸੇਵਾਵਾਂ ਲਈ ਓ.ਬੀ.ਈ. ਨਾਲ ਸਨਮਾਨਿਤ ਕੀਤਾ ਗਿਆ ਹੈ। ਸੋਲ ਕਾਸਮੇਡਿਕਸ ਦੀ ਸੰਸਥਾਪਕ ਹਿਨਾ ਸੋਲੰਕੀ ਨੂੰ ਵਪਾਰ ਅਤੇ ਚੈਰਿਟੀ ਲਈ ਸੇਵਾਵਾਂ ਲਈ 'ਮੈਂਬਰ ਆਫ਼ ਦਿ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ' (MBE) ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸੂਚੀ ਸ਼ੁੱਕਰਵਾਰ ਰਾਤ ਨੂੰ ਲੰਡਨ 'ਚ ਬ੍ਰਿਟੇਨ ਦੀ ਸਰਕਾਰ ਨੇ ਜਾਰੀ ਕੀਤੀ।

ਬ੍ਰਿਟੇਨ ਦੇ ਉਪ ਪ੍ਰਧਾਨ ਮੰਤਰੀ ਓਲੀਵਰ ਡਾਊਡੇਨ ਨੇ ਕਿਹਾ, ''ਇਸ ਸਾਲ ਦੀ ਸਨਮਾਨ ਸੂਚੀ ਆਮ ਲੋਕਾਂ ਦੇ ਯੋਗਦਾਨ ਦਾ ਸਬੂਤ ਹੈ, ਜਿਨ੍ਹਾਂ ਨੇ ਅਸਾਧਾਰਨ ਭਾਈਚਾਰਕ ਭਾਵਨਾ ਦਾ ਪ੍ਰਦਰਸ਼ਨ ਕੀਤਾ ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ, ਜਿਨ੍ਹਾਂ ਨੂੰ ਅੱਜ ਇਹ ਸਨਮਾਨ ਮਿਲਿਆ ਹੈ।'' ਕੁੱਲ 1,171 ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 52 ਫ਼ੀਸਦੀ ਉਹ ਅਜਿਹੇ ਲੋਕ ਹਨ, ਜਿਨ੍ਹਾਂ ਨੇ ਆਪਣੇ ਭਾਈਚਾਰਿਆਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ ਅਤੇ 11 ਫ਼ੀਸਦੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਲੋਕ ਨਸਲੀ ਘੱਟ ਗਿਣਤੀ ਪਿਛੋਕੜ ਵਾਲੇ ਹਨ।

ਇਨ੍ਹਾਂ ਸਨਮਾਨਾਂ ਵਿੱਚ ‘ਨਾਈਟਹੁੱਡ’ ਦਾ ਸਨਮਾਨ ਵੀ ਸ਼ਾਮਲ ਹੈ, ਜਿਸ ਨਾਲ ਨਾਵਲਕਾਰ ਮਾਰਟਿਨ ਐਮਿਸ ਨੂੰ ਸਾਹਿਤ ਦੇ ਖੇਤਰ ਵਿੱਚ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਹੈ। ਐਮਿਸ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ। ਅਵਾਰਡ ਜੇਤੂ ਬ੍ਰਿਟਿਸ਼ ਫਿਲਮ ਨਿਰਮਾਤਾ ਸਟੀਫਨ ਫਰੀਅਰਸ ਨੂੰ 'ਨਾਈਟ' ਦੀ ਉਪਾਧੀ ਨਾਲ ਸਨਮਾਨਿਤ ਦਿੱਤਾ ਗਿਆ ਹੈ। ਫੈਸ਼ਨ ਮੈਗਜ਼ੀਨ ਵੋਗ ਦੀ ਸੰਪਾਦਕ ਡੈਮ ਅੰਨਾ ਵਿੰਟੂਰ ਅਤੇ ਲੇਖਕ ਸਰ ਇਆਨ ਮੈਕਈਵਾਨ ਨੂੰ 'ਚੈਂਪੀਅਨਜ਼ ਆਫ਼ ਆਨਰ' ਨਾਲ ਸਨਮਾਨਿਤ ਕੀਤਾ ਗਿਆ ਹੈ।


cherry

Content Editor

Related News