ਸਿੰਗਾਪੁਰ: ਸ਼ੋਸ਼ਣ, ਲੇਬਰ ਤਸਕਰੀ ਸਣੇ ਕਈ ਮਾਮਲਿਆਂ ''ਚ ਭਾਰਤੀ ਜੋੜੇ ਨੂੰ ਹੋਈ ਜੇਲ

Wednesday, Feb 12, 2020 - 01:46 PM (IST)

ਸਿੰਗਾਪੁਰ: ਸ਼ੋਸ਼ਣ, ਲੇਬਰ ਤਸਕਰੀ ਸਣੇ ਕਈ ਮਾਮਲਿਆਂ ''ਚ ਭਾਰਤੀ ਜੋੜੇ ਨੂੰ ਹੋਈ ਜੇਲ

ਸਿੰਗਾਪੁਰ- ਸਿੰਗਾਪੁਰ ਵਿਚ ਇਕ ਭਾਰਤੀ ਜੋੜੇ ਨੂੰ ਪਰਵਾਸੀ ਮਹਿਲਾ ਦੇ ਨਾਲ ਸ਼ੋਸ਼ਣ ਦੇ ਦੋਸ਼ ਵਿਚ ਪੰਜ ਸਾਲ ਤੇ 6 ਮਹੀਨੇ ਜੇਲ ਦੀ ਸਜ਼ਾ ਸੁਣਾਈ ਗਈ ਹੈ। ਪਰਵਾਸੀਆਂ ਦੀ ਵੱਡੀ ਗਿਣਤੀ ਵਾਲੇ ਦੇਸ਼ ਸਿੰਗਾਪੁਰ ਵਿਚ ਇਹ ਮਾਮਲਾ ਮਨੁੱਖੀ ਤਸਕਰੀ ਤੇ ਗੈਰ-ਕਾਨੂੰਨੀ ਮਨੁੱਖੀ ਲੇਬਰ ਨਾਲ ਸਬੰਧਿਤ ਹੈ, ਜਿਸ ਵਿਚ ਸਜ਼ਾ ਸੁਣਾਈ ਗਈ ਹੈ।

ਭਾਰਤੀ ਜੋੜੇ ਨੂੰ ਤਿੰਨ ਬੰਗਲਾਦੇਸ਼ੀ ਔਰਤਾਂ ਦੇ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜੋੜੇ ਨੇ ਔਰਤਾਂ ਨੂੰ ਆਪਣੇ ਨਾਈਟ ਕਲੱਬ ਵਿਚ ਡਾਂਸ ਕਰਨ ਲਈ ਰੱਖਿਆ ਸੀ। ਅਦਾਲਤ ਨੇ ਆਪਣੇ ਫੈਸਲੇ ਵਿਚ ਜੋੜੇ ਨੂੰ ਮਹਿਲਾ ਕਰਮਚਾਰੀਆਂ ਦੇ ਖਿਲਾਫ ਗਲਤ ਭਾਸ਼ਾ ਦੀ ਵਰਤੋਂ, ਉਹਨਾਂ ਦੇ ਘੁੰਮਣ 'ਤੇ ਰੋਕ ਲਾਉਣ ਤੇ ਪਾਸਪੋਰਟ ਆਪਣੇ ਕਬਜ਼ੇ ਵਿਚ ਰੱਖਣ ਦਾ ਦੋਸ਼ੀ ਵੀ ਕਰਾਰ ਦਿੱਤਾ।

ਇਕ ਔਰਤ ਨੂੰ ਜ਼ਬਰਦਸਤੀ ਦੇਹ ਵਪਾਰ ਕਰਨ ਲਈ ਮਜਬੂਰ ਕਰਨ ਦਾ ਦੋਸ਼ ਵੀ ਉਹਨਾਂ ਦੇ ਖਿਲਾਫ ਸਾਬਿਤ ਹੋਇਆ ਹੈ। ਅਦਾਲਤ ਨੇ ਮੰਨਿਆ ਕਿ ਦੋ ਔਰਤਾਂ ਨੂੰ ਕੰਮ ਕਰਨ ਤੋਂ ਬਾਅਦ ਉਹਨਾਂ ਦੀ ਤਨਖਾਹ ਵੀ ਨਹੀਂ ਦਿੱਤੀ ਗਈ। ਕਰਮਚਾਰੀਆਂ ਨੂੰ ਕੰਮ ਦੇ ਬਦਲੇ ਉਹਨਾਂ ਦਾ ਮਿਹਨਤਾਨਾ ਨਾ ਦੇਣ ਲਈ ਨਾਈਟ ਕਲੱਬ ਦੇ ਮਾਲਕ ਨੂੰ 3600 ਡਾਲਰ ਦਾ ਜੁਰਮਾਨਾ ਦੇਣ ਦਾ ਵੀ ਹੁਕਮ ਦਿੱਤਾ ਗਿਆ ਹੈ। ਹਾਲਾਂਕਿ ਜੋੜਾ ਹਾਲੇ ਜ਼ਮਾਨਤ 'ਤੇ ਹੈ ਤੇ ਫੈਸਲੇ ਦੇ ਖਿਲਾਫ ਅਪੀਲ ਦੀ ਤਿਆਰੀ ਕਰ ਰਿਹਾ ਹੈ।

ਤਕਰੀਬਨ 56 ਲੱਖ ਦੀ ਆਬਾਦੀ ਵਾਲੇ ਸਿੰਗਾਪੁਰ ਵਿਚ 10 ਲੱਖ ਤੋਂ ਜ਼ਿਆਦਾ ਪਰਵਾਸੀ ਰਹਿੰਦੇ ਹਨ, ਜੋ ਉਸ ਦੀ ਅਰਥਵਿਵਸਥਾ ਦਾ ਮੁੱਖ ਆਧਾਰ ਹਨ। ਮਨੁੱਖੀ ਤਸਕਰੀ ਤੇ ਗੈਰ-ਕਾਨੂੰਨੀ ਮਨੁੱਖੀ ਲੇਬਰ ਨੂੰ ਰੋਕਣ ਲਈ ਸਿੰਗਾਪੁਰ ਵਿਚ 2015 ਵਿਚ ਕਾਨੂੰਨ ਬਣਾਇਆ ਗਿਆ ਸੀ। ਕਾਨੂੰਨ ਬਣਾਉਣ ਤੋਂ ਬਾਅਦ ਇਹ ਪਹਿਲਾ ਮਾਮਲਾ ਹੈ, ਜਿਸ ਵਿਚ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਕਾਨੂੰਨ ਦੇ ਤਹਿਤ ਅਪਰਾਧੀਆਂ ਦੇ ਲਈ 10 ਸਾਲ ਜੇਲ ਤੇ ਜੁਰਮਾਨੇ ਦਾ ਕਾਨੂੰਨ ਹੈ।


author

Baljit Singh

Content Editor

Related News