ਬ੍ਰਿਟੇਨ ਦੇ ਮਿਊਜ਼ੀਅਮ 'ਚੋਂ ਭਾਰਤੀ ਕਲਾਕ੍ਰਿਤੀਆਂ ਚੋਰੀ, ਹੋਰ 600 ਤੋਂ ਵਧੇਰੇ ਕੀਮਤੀ ਚੀਜ਼ਾਂ ਗਾਇਬ
Friday, Dec 12, 2025 - 04:52 PM (IST)
ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੇ ਬ੍ਰਿਸਟਲ ਸ਼ਹਿਰ ਦੇ ਅਜਾਇਬ ਘਰ ਤੋਂ ਭਾਰਤੀ ਬਸਤੀਵਾਦੀ ਸਮੇਂ ਦੀਆਂ ਦੁਰਲੱਭ ਕਲਾਕ੍ਰਿਤੀਆਂ ਚੋਰੀ ਹੋ ਗਈਆਂ ਜਦਿਕ 600 ਤੋਂ ਵੱਧ ਕੀਮਤੀ ਚੀਜ਼ਾਂ ਗਾਇਬ ਹਨ। ਇਨ੍ਹਾਂ 'ਚੋਂ ਕਈ ਮਹੱਤਵਪੂਰਨ ਵਸਤੂਆਂ ਸ਼ਾਮਲ ਹਨ। ਇਸ ਮਾਮਲੇ 'ਚ ਪੁਲਸ ਨੇ 4 ਸ਼ੱਕੀ ਵਿਅਕਤੀਆਂ ਦਾ ਸੀਸੀਟੀਵੀ ਫੁਟੇਜ ਵੀ ਜਾਰੀ ਕੀਤਾ ਹੈ।
ਚੋਰੀ ਹੋਈਆਂ ਇਨ੍ਹਾਂ ਭਾਰਤੀ ਵਸਤੂਆਂ 'ਚ 1903 ਦਿੱਲੀ ਦਰਬਾਰ ਦੀ ਪੇਂਟਿੰਗ, ਉੱਤਰ-ਪੱਛਮੀ ਸਰਹੱਦ 'ਤੇ ਤਾਇਨਾਤ ਬ੍ਰਿਟਿਸ਼ ਫੌਜੀ ਜੋਸੇਫ ਸਟੀਫੈਂਸ ਦੇ ਲਿਖੇ 250 ਤੋਂ ਜ਼ਿਆਦਾ ਪੱਤਰ, ਗਹਿਣੇ, ਚਾਂਦੀ ਦੀਆਂ ਵਸਤਾਂ, ਤਾਂਬੇ ਦੀਆਂ ਮੂਰਤੀਆਂ, 1838 ਦਾ ਅਮਰੀਕੀ ਗੁਲਾਮੀ ਵਿਰੋਧੀ ਅੰਦੋਲਨ ਦਾ ਯਾਦਗਾਰੀ ਟੋਕਨ, ਹਾਥੀ ਦੰਦ ਦੀ ਬਣੀ ਬੁੱਧ ਦੀ ਮੂਰਤੀ ਤੋਂ ਇਲਾਵਾ 1930 ਦੇ ਦਹਾਕੇ 'ਚ ਭਾਰਤੀ ਰੇਲਵੇ 'ਚ ਕੰਮ ਕਰਨ ਵਾਲੇ ਮੁੰਬਈ 'ਚ ਜੰਮੇ ਪੋਸਟਰ ਕਲਾਕਾਰ ਵਿਕਟਰ ਵੀਵਰਜ਼ ਦੀ ਪੁਰਾਣੀ ਤਸਵੀਰ ਆਦਿ ਸ਼ਾਮਿਲ ਹਨ। ਚੋਰਾਂ ਵੱਲੋਂ ਚੋਰੀ ਕੀਤੀਆਂ ਇਨ੍ਹਾਂ ਵਸਤਾਂ ਦਾ ਇਤਿਹਾਸ ਈਸਟ ਇੰਡੀਆ ਕੰਪਨੀ ਨਾਲ ਜੁੜਿਆ ਹੋਇਆ ਹੈ।

ਪੁਲਸ ਅਨੁਸਾਰ ਚੋਰਾਂ ਨੇ ਮਿਊਜ਼ੀਅਮ ਦੇ ਉਸ ਸਟੋਰੇਜ਼ ਨੂੰ ਨਿਸ਼ਾਨਾ ਬਣਾਇਆ ਜਿੱਥੇ ਬ੍ਰਿਟਿਸ਼ ਸਮਰਾਜ ਨਾਲ ਸੰਬੰਧਿਤ ਸਮਾਨ ਰੱਖਿਆ ਹੋਇਆ ਸੀ। ਚੋਰੀ ਤੋਂ ਦੋ ਮਹੀਨੇ ਮਗਰੋਂ ਪੁਲਸ ਨੇ ਚਾਰ ਚੋਰਾਂ ਦੀ ਸੀਸੀਟੀਵੀ ਫੁਟੇਜ ਜਾਰੀ ਕਰ ਕੇ ਇਨ੍ਹਾਂ ਦੀ ਪਹਿਚਾਣ ਕਰਨ 'ਚ ਲੋਕਾਂ ਤੋਂ ਮਦਦ ਮੰਗੀ ਹੈ।
