ਭਾਰਤੀ ਮੂਲ ਦੇ ਅਮਰੀਕੀਆਂ ਨੇ 18 ਸਾਲਾਂ ''ਚ ਯੂਨੀਵਰਸਿਟੀਆਂ ਨੂੰ 1.2 ਅਰਬ ਡਾਲਰ ਕੀਤੇ ਦਾਨ

Wednesday, Sep 26, 2018 - 12:33 PM (IST)

ਭਾਰਤੀ ਮੂਲ ਦੇ ਅਮਰੀਕੀਆਂ ਨੇ 18 ਸਾਲਾਂ ''ਚ ਯੂਨੀਵਰਸਿਟੀਆਂ ਨੂੰ 1.2 ਅਰਬ ਡਾਲਰ ਕੀਤੇ ਦਾਨ

ਵਾਸ਼ਿੰਗਟਨ— ਭਾਰਤੀ ਅਮਰੀਕੀ ਨਾਗਰਿਕਾਂ ਨੇ 2000 ਤੋਂ 2018 ਵਿਚਕਾਰ ਅਮਰੀਕਾ ਦੀਆਂ 37 ਯੂਨੀਵਰਸਿਟੀਆਂ ਨੂੰ 1.2 ਅਰਬ ਡਾਲਰਾਂ ਦੀ ਰਾਸ਼ੀ ਦਾਨ 'ਚ ਦਿੱਤੀ ਹੈ। ਗੈਰ-ਲਾਭਕਾਰੀ ਸੰਗਠਨ ਇੰਡਿਆਸਪੋਰਾ ਦੀਆਂ ਸੂਚਨਾਵਾਂ ਦੇ ਮੁਤਾਬਕ ਇਨ੍ਹਾਂ 'ਚ 68 ਦਾਨ ਰਾਸ਼ੀ 10 ਲੱਖ ਡਾਲਰ ਤੋਂ ਵਧੇਰੇ ਸੀ। ਭਾਰਤੀ ਅਮਰੀਕੀ ਨਾਗਰਿਕਾਂ ਦੀ ਸਫਲਤਾ ਦਾ ਪੂਰੀ ਦੁਨੀਆ 'ਤੇ ਪ੍ਰਭਾਵ ਪਾਉਣ ਦਾ ਟੀਚਾ ਰੱਖਣ ਵਾਲੇ ਇੰਡਿਆਸਪੋਰਾ ਨੇ ਪਹਿਲੀ ਵਾਰ ਆਪਣੀ ਯੋਜਨਾ 'ਮਿਨੀਸਟਰ ਆਫ ਯੂਨੀਵਰਸਿਟੀ ਗਿਵਿੰਗ'  ਦੀ ਰਿਪੋਰਟ ਜਾਰੀ ਕੀਤੀ ਹੈ।

ਸਿਲੀਕਾਨ ਵੈੱਲੀ 'ਚ ਰਹਿਣ ਵਾਲੇ ਸਮਾਜ ਸੇਵਕ ਅਤੇ ਵੈਂਚਰ ਕੈਪਿਟਲਿਸਟ ਐੱਮ. ਆਰ. ਰੰਗਾਸਵਾਮੀ ਦਾ ਕਹਿਣਾ ਹੈ ਕਿ ਉੱਚ ਸਿੱਖਿਆ ਦੇ ਖੇਤਰ 'ਚ ਭਾਰਤੀ ਅਮਰੀਕੀਆਂ ਵਲੋਂ ਕੀਤੇ ਗਏ ਦਾਨ ਦੀ ਸੂਚਨਾ ਦੇਣ ਲਈ ਇਹ ਰਿਪੋਰਟ ਜਾਰੀ ਕੀਤੀ ਗਈ ਹੈ। ਇੰਡੀਆਸਪੋਰਾ ਦੀ ਸਥਾਪਨਾ 'ਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਰੰਗਾਸਵਾਮੀ ਦਾ ਕਹਿਣਾ ਹੈ ਕਿ ਇਸ ਨੂੰ ਜਾਰੀ ਕਰਨ ਦਾ ਇਕ ਹੀ ਮਕਸਦ ਹੈ ਕਿ ਲੋਕ ਇਹ ਜਾਣ ਸਕਣ ਕਿ ਕਿਵੇਂ ਭਾਰਤੀ-ਅਮਰੀਕੀ ਨਾਗਰਿਕ ਆਪਣੇ ਨਵੇਂ ਘਰ 'ਚ ਉੱਚ ਸਿੱਖਿਆ ਦੇ ਖੇਤਰ ਦੀ ਮਦਦ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ 'ਚ ਭਾਰਤੀ ਸਭ ਤੋਂ ਵੱਧ ਸਿੱਖਿਅਤ ਭਾਈਚਾਰਾ ਹੈ।


ਰਿਪੋਰਟ ਮੁਤਾਬਕ 50 ਲੋਕਾਂ ਨੇ 68 ਦਾਨ ਕੀਤੇ ਜਿਨ੍ਹਾਂ ਦੀ ਰਾਸ਼ੀ 10 ਲੱਖ ਡਾਲਰ ਜਾਂ ਇਸ ਤੋਂ ਜ਼ਿਆਦਾ ਸੀ। ਇਨ੍ਹਾਂ 'ਚ ਕਈ ਲੋਕਾਂ ਨੇ ਤਾਂ ਇਕ ਤੋਂ ਜ਼ਿਆਦਾ ਵਾਰ ਦਾਨ ਕੀਤਾ। ਰਿਪੋਰਟ ਮੁਤਾਬਕ ਨਿੱਜੀ ਸਿੱਖਿਅਕ ਸੰਸਥਾਵਾਂ ਨੂੰ ਜ਼ਿਆਦਾ ਦਾਨ ਮਿਲਿਆ ਹੈ। ਅਨੁਪਾਤ 'ਚ ਦੇਖੀਏ ਤਾਂ ਨਿੱਜੀ ਸਿੱਖਿਆ ਸੰਸਥਾਵਾਂ ਨੂੰ ਜਿੱਥੇ 5 ਡਾਲਰ ਦੀ ਰਾਸ਼ੀ ਮਿਲੀ ਸੀ, ਉੱਥੇ ਹੀ ਸਰਕਾਰੀ ਸੰਸਥਾਨਾਂ ਨੂੰ ਸਿਰਫ ਦੋ ਡਾਲਰ ਮਿਲੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਏਂਜਲਸ ਨੂੰ ਸਭ ਤੋਂ ਜ਼ਿਆਦਾ ਦਾਨ ਮਿਲਿਆ ਹੈ। ਉੱਥੇ ਹੀ ਹਾਰਵਰਡ ਯੂਨੀਵਰਸਿਟੀ ਅਤੇ ਬੋਸਟਨ ਯੂਨੀਵਰਸਿਟੀ ਦੂਜੇ ਸਥਾਨ 'ਤੇ ਰਹੇ ਹਨ।


Related News