ਭਾਰਤੀ-ਅਮਰੀਕੀ ਲੈਬ ਮਾਲਕ ਮੈਡੀਕੇਅਰ ਘੁਟਾਲੇ 'ਚ ਦੋਸ਼ੀ ਕਰਾਰ
Saturday, Dec 17, 2022 - 09:06 AM (IST)
ਵਾਸ਼ਿੰਗਟਨ (ਭਾਸ਼ਾ)- ਅਟਲਾਂਟਾ ਵਿਚ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਮੀਨਲ ਪਟੇਲ ਨੂੰ ਮੈਡੀਕੇਅਰ ਸਿਹਤ ਬੀਮਾ ਪ੍ਰੋਗਰਾਮ ਵਿਚ ਧੋਖਾਧੜੀ ਕਰਕੇ ਜੈਨੇਟਿਕ ਜਾਂਚ ਦੇ 44.75 ਕਰੋੜ ਡਾਲਰ ਦੇ ਘੁਟਾਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਸੰਘੀ ਵਕੀਲਾਂ ਨੇ ਦੱਸਿਆ ਕਿ ਲੈਬ ਸਲਿਊਸ਼ਨ ਐੱਲ.ਐੱਲ.ਸੀ. ਦੀ ਮਾਲਕ ਪਟੇਲ ਨੇ ਮਰੀਜ਼ਾਂ ਦੇ ਬ੍ਰੋਕਰ, ਟੈਲੀਮੈਡੀਸਨ ਕੰਪਨੀਆਂ ਅਤੇ ਕਾਲ ਸੈਂਟਰਾਂ ਨਾਲ ਸਾਜ਼ਿਸ਼ ਰਚ ਕੇ ਮੈਡੀਕੇਅਰ ਬੀਮਾ ਦੇ ਲਾਭਪਾਤਰੀਆਂ ਨੂੰ ਫੋਨ ਕਰਕੇ ਝੂਠ ਬੋਲਿਆ ਕਿ ਉਹ ਆਪਣੇ ਬੀਮਾ ਤਹਿਤ ਕੈਂਸਰ ਦੀ ਮਹਿੰਗੀ ਜੈਨੇਟਿਕ ਜਾਂਚ ਕਰਵਾ ਸਕਦੇ ਹਨ।
ਨਿਆਂ ਵਿਭਾਗ ਨੇ ਦੱਸਿਆ ਕਿ ਜਦੋਂ ਮੈਡੀਕੇਅਰ ਦੇ ਲਾਭਪਾਤਰੀ ਜਾਂਚ ਕਰਾਉਣ ਲਈ ਸਹਿਮਤ ਹੋ ਜਾਂਦੇ ਤਾਂ ਪਟੇਲ ਟੈਲੀਮੈਡੀਸਨ ਕੰਪਨੀਆਂ ਤੋਂ ਜਾਂਚ ਦੀ ਮਨਜ਼ੂਰੀ ਦੇਣ ਵਾਲੇ ਡਾਕਟਰ ਦੇ ਦਸਤਖ਼ਤ ਵਾਲੇ ਪਰਚੇ ਹਾਸਲ ਕਰਨ ਲਈ ਮਰੀਜ਼ਾਂ ਦੇ ਬ੍ਰੋਕਰ ਨੂੰ ਰਿਸ਼ਵਤ ਦਿੰਦੀ ਸੀ। ਫਲੋਰਿਡਾ ਵਿਚ ਇਕ ਸੰਘੀ ਅਦਾਲਤ ਨੇ ਪਟੇਲ ਨੂੰ ਸਿਹਤ ਸੰਭਾਲ ਧੋਖਾਧੜੀ, ਅਮਰੀਕਾ ਨਾਲ ਧੋਖਾਧੜੀ ਕਰਨ ਲਈ ਸਾਜ਼ਿਸ਼ ਰਚਣ, ਸਿਹਤ ਸੰਭਾਲ ਸਬੰਧੀ ਰਿਸ਼ਵਤ ਲੈਣ ਅਤੇ ਦੇਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਇਕ ਮੀਡੀਆ ਬਿਆਨ ਮੁਤਾਬਕ ਪਟੇਲ ਨੂੰ 7 ਮਾਰਚ 2023 ਨੂੰ ਸਜ਼ਾ ਸੁਣਾਈ ਜਾਏਗੀ ਅਤੇ ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।