ਕੋਵਿਡ-19: ਚਿੰਤਤ ਭਾਰਤੀ-ਅਮਰੀਕੀ ਡਾਕਟਰਾਂ ਨੇ ਕੀਤੀ ਦੇਸ਼ ਬੰਦ ਕਰਨ ਦੀ ਅਪੀਲ

03/20/2020 3:39:16 PM

ਵਾਸ਼ਿੰਗਟਨ- ਅਮਰੀਕਾ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ ਤੇਜ਼ੀ ਨਾਲ ਫੈਲਣ ਨੂੰ ਲੈ ਕੇ ਚਿੰਤਤ ਭਾਰਤੀ-ਅਮਰੀਕੀ ਡਾਕਟਰਾਂ ਦੇ ਇਕ ਪ੍ਰਭਾਵਸ਼ਾਲੀ ਸਮੂਹ ਨੇ ਸੰਘੀ ਤੇ ਸੂਬਾਈ ਸਰਕਾਰ ਨੂੰ ਸ਼ਹਿਰਾਂ ਤੇ ਸੰਸਥਾਨਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਤੇ ਦੇਸ਼ਵਾਸੀਆਂ ਨੂੰ ਇਸ ਦੌਰਾਨ ਪੂਰੀ ਅਹਿਤਿਆਤੀ ਵਰਤਣ ਦੀ ਅਪੀਲ ਕੀਤੀ ਹੈ।

ਅਮਰੀਕਾ ਵਿਚ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 14,299 ਹੈ ਤੇ 218 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਦੇ ਮਾਮਲੇ ਸਾਰੇ 50 ਸੂਬਿਆਂ ਤੇ ਡਿਸਟ੍ਰਿਕਟ ਆਫ ਕੋਲੰਬੀਆ ਅਤੇ ਪਿਯੂਤੋ ਰਿਕੋ ਵਿਚ ਦਰਜ ਕੀਤੇ ਗਏ ਹਨ। ਏ.ਏ.ਪੀ.ਆਈ. ਦੇ ਪ੍ਰਧਾਨ ਸੁਰੇਸ਼ ਰੈੱਡੀ ਨੇ ਕਿਹਾ ਕਿ ਅਮਰੀਕਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਸ ਆਫ ਇੰਡੀਅਨ ਓਰੀਜਨ ਜਾਂ ਏ.ਏ.ਪੀ.ਆਈ. ਸੰਘੀ, ਸੂਬਾ ਤੇ ਸਥਾਨਕ ਸਰਕਾਰਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਇਸ ਸੰਕਟ ਦੇ ਕੰਟਰੋਲ ਤੋਂ ਬਾਹਰ ਹੋਣ ਤੋਂ ਰੋਕਣ ਲਈ ਤੁਰੰਤ ਤੇ ਗੰਭੀਰ ਕਦਮ ਚੁੱਕਣ ਦੀ ਅਪੀਲ ਕਰਦੀ ਹੈ। ਅਮਰੀਕਾ ਵਿਚ ਭਾਰਤੀ ਮੂਲ ਦੇ ਤਕਰੀਬਨ 1 ਲੱਖ ਡਾਕਟਰਾਂ ਦੀ ਅਗਵਾਈ ਕਰਨਵਾਲੀ ਏ.ਏ.ਪੀ.ਆਈ. ਦੇਸ਼ ਵਿਚ ਸਭ ਤੋਂ ਵੱਡਾ ਮੈਡੀਕਲ ਸੰਘ ਹੈ। ਰੈੱਡੀ ਨੇ ਕਿਹਾ ਕਿ ਏ.ਏ.ਪੀ.ਆਈ. ਦੇ ਮੈਂਬਰ ਕੋਵਿਡ-19 ਗਲੋਬਲ ਮਹਾਮਾਰੀ ਦੇ ਵਧਣ ਤੇ ਸਮਾਜ, ਸਿਹਤ ਦੇਖਭਾਲ ਪ੍ਰਣਾਲੀ ਤੇ ਅਰਥਵਿਵਸਥਾ 'ਤੇ ਇਸ ਦੇ ਅਸਰ ਨੂੰ ਲੈ ਕੇ ਚਿੰਤਤ ਹੈ।

ਉਹਨਾਂ ਨੇ ਕਿਹਾ ਕਿ ਡਾਕਟਰਾਂ, ਨਰਸਾਂ, ਈ.ਐਮ.ਐਸ. ਪੈਰਾਮੀਡਿਕਸ, ਡਾਕਟਰਾਂ ਦੇ ਸਹਾਇਕਾਂ ਤੇ ਸਿਹਤ ਦੇਖਭਾਲ ਪੇਸ਼ੇਵਰਾਂ ਸਣੇ ਸਿਹਤ ਦੇਖਭਾਲ ਦੇ ਆਪਣੇ ਸਾਥੀ ਕਰਮਚਾਰੀਆਂ ਦੀ ਸ਼ਲਾਘਾ ਕਰਨ ਦੇ ਨਾਲ ਹੀ ਅਸੀਂ ਦੁਖੀ ਹਾਂ ਕਿ ਕਈ ਲੋਕ ਮਰੀਜ਼ਾਂ ਦੀ ਦੇਖਭਾਲ ਕਰਦੇ ਇਨਫੈਕਟਡ ਹੋ ਗਏ ਤੇ ਅਕਸਰ ਉਹਨਾਂ ਦੇ ਕੋਲ ਸੁਰੱਖਿਆ ਉਪਕਰਨ ਨਹੀਂ ਹੁੰਦੇ, ਜਿਸ ਨਾਲ ਉਹਨਾਂ ਤੇ ਉਹਨਾਂ ਦੇ ਪਰਿਵਾਰ 'ਤੇ ਖਤਰਾ ਬਣਿਆ ਰਹਿੰਦਾ ਹੈ। ਏ.ਏ.ਪੀ.ਆਈ. ਦੀ ਉਪ ਪ੍ਰਧਾਨ ਅਨੁਪਮਾ ਹੋਟੀਮੁਕੁਲਾ ਨੇ ਸਾਵਧਾਨ ਕੀਤਾ ਕਿ ਜੇਕਰ ਪ੍ਰਭਾਵੀ ਕਾਰਵਾਈ ਤੋਂ ਬਿਨਾਂ ਮੌਜੂਦਾ ਹਾਲਾਤ ਬਣੇ ਰਹੇ ਤਾਂ ਸਾਨੂੰ ਪੰਜ ਤੋਂ 6 ਦਿਨਾਂ ਵਿਚ ਇਨਫੈਕਸ਼ਨ ਦੇ ਤਿੰਨ ਗੁਣਾ ਮਾਮਲੇ ਤੇ ਮੌਤਾਂ ਦੇਖਣ ਨੂੰ ਮਿਲ ਸਕਦੀਆਂ ਹਨ। 


Baljit Singh

Content Editor

Related News