ਭਾਰਤੀ ਰਾਜਦੂਤ ਨੇ ਇਟਲੀ ਸਰਕਾਰ ਨੂੰ ਹਵਾਈ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਆਖਿਆ

Thursday, Jul 15, 2021 - 10:49 AM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਸਰਕਾਰ ਵੱਲੋਂ ਭਾਰਤੀ ਉਡਾਣਾਂ 'ਤੇ ਲਾਈ ਪਾਬੰਦੀ ਨੂੰ ਹਟਾਉਣ ਅਤੇ ਦੋਹਾਂ ਦੇਸ਼ਾਂ ਵਿਚ ਹਵਾਈ ਆਵਾਜਾਈ ਨੂੰ ਮੁੜ ਤੋਂ ਬਹਾਲ ਕਰਵਾਉਣ ਲਈ ਇਟਲੀ ਵਿਚ ਭਾਰਤੀ ਰਾਜਦੂਤ ਸ਼੍ਰੀਮਤੀ ਨੀਨਾ ਮਲਹੋਤਰਾ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹ ਜ਼ੂਮ ਮੀਟਿੰਗਾਂ ਰਾਹੀਂ ਇਟਲੀ ਦੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਬਣਾ ਰਹੇ ਹਨ। ਇੰਡੀਆ ਵਿਚ ਫਸੇ 8 ਹਜ਼ਾਰ ਦੇ ਕਰੀਬ ਭਾਰਤੀਆਂ ਨੂੰ ਮੁੜ ਤੋਂ ਇਟਲੀ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੰਦਿਆਂ ਨੀਨਾ ਮਲਹੋਤਰਾ ਨੇ ਇਕ ਆਨਲਾਈਨ ਮੀਟਿੰਗ ਰਾਹੀਂ ਦੱਸਿਆ ਕਿ ਦੇਸ਼ ਦੇ ਨਾਗਰਿਕਾਂ ਦੀ ਹਰ ਮੁਸ਼ਕਲ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਚਿੰਤਤ ਹਨ।

PunjabKesari

ਮੀਟਿੰਗ ਵਿਚ ਮੌਜੂਦ ਇਟਾਲੀਅਨ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਆਗੂਆਂ ਨੇ ਆਖਿਆ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਕੁੱਝ ਦਿਨਾਂ ਲਈ ਭਾਰਤ ਗਏ ਸਨ ਪਰ ਕੋਰੋਨਾ ਨੂੰ ਵੇਖਦੇ ਹੋਏ ਉਡਾਣਾਂ 'ਤੇ ਲੱਗੀ ਪਾਬੰਦੀ ਕਾਰਨ ਉਹ ਉਥੇ ਫਸ ਗਏ ਹਨ। ਇਸ ਲਈ ਉਨ੍ਹਾਂ ਨੂੰ ਵਾਪਸ ਇਟਲੀ ਆਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇੰਡੀਅਨ ਸਿੱਖ ਕਮਿਊਨਿਟੀ ਦੇ ਆਗੂ ਸੁਖਦੇਵ ਸਿੰਘ ਕੰਗ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਜੇ ਇੰਡੀਆ ਵਿਚ ਫਸੇ ਭਾਰਤੀਆ ਨੂੰ ਸਮੇਂ ਸਿਰ ਇਟਲੀ ਨਾ ਸੱਦਿਆ ਗਿਆ ਅਤੇ ਉਨ੍ਹਾਂ ਦੇ ਛੋਟੇ-ਛੋਟੇ ਬੱਚਿਆਂ ਦੀ ਪਡ਼੍ਹਾਈ ਦਾ ਇਕ ਸਾਲ ਖ਼ਰਾਬ ਹੋ ਜਾਣ ਦਾ ਖਾਦਸ਼ਾ ਹੈ।

ਇਸ ਆਨਲਾਈਨ ਮੀਟਿੰਗ ਵਿਚ ਜਿਥੇ ਇਟਲੀ ਦੇ ਕਈ ਉੱਚ ਅਧਿਕਾਰੀ ਅਤੇ ਸਰਕਾਰੀ ਸਲਾਹਕਾਰ ਮੌਜੂਦ ਸਨ, ਉਥੇ ਹੀ ਭਾਰਤੀ ਕਮਿਊਨਿਟੀ ਦੇ  ਕਈ ਹੋਰਨਾਂ ਨੁਮਾਇੰਦਿਆਂ ਤੋਂ ਇਲਾਵਾ ਰਵਿੰਦਰਜੀਤ ਸਿੰਘ ਬੁਲਜਾਨੋ, ਕਰਮਜੀਤ ਸਿੰਘ ਢਿੱਲੋਂ ਤੇ ਸੁਰਿੰਦਰਜੀਤ ਸਿੰਘ ਪੰਡੋਰੀ ਵਲੋਂ ਵੀ ਭਾਰਤੀਆਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਇਟਾਲੀਅਨ ਅਧਿਕਾਰੀਆਂ ਅਤੇ ਭਾਰਤੀ ਅੰਬੈਸੀ ਨਾਲ ਸਾਂਝਾ ਕੀਤਾ ਗਿਆ।


cherry

Content Editor

Related News