''ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ'' ਤਹਿਤ ਯੂ.ਕੇ. ਸਰਕਾਰ 16 ਜੁਲਾਈ ਨੂੰ ਖੋਲ੍ਹੇਗੀ ਪੋਰਟਲ, ਜਾਣੋ ਕੀ ਹੈ ਪੂਰੀ ਸਕੀਮ
Friday, Jul 12, 2024 - 12:29 AM (IST)

ਇੰਟਰਨੈਸ਼ਨਲ ਡੈਸਕ- 'ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ' ਤਹਿਤ ਯੂ.ਕੇ. ਦੀ ਸਰਕਾਰ ਨੇ ਭਾਰਤੀ ਪੇਸ਼ਵੇਰਾਂ ਨੂੰ ਇੰਗਲੈਂਡ 'ਚ ਰਹਿਣ, ਪੜ੍ਹਨ ਤੇ ਕੰਮ ਕਰਨ ਲਈ ਅਪਲਾਈ ਕਰਨ ਦੇ ਪੋਰਟਲ ਨੂੰ 16 ਜੁਲਾਈ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਸਕੀਮ 'ਚ ਹਿੱਸਾ ਲੈਣ ਲਈ ਇੰਗਲੈਂਡ ਸਰਕਾਰ ਦੀ ਅਧਿਕਾਰਿਤ ਵੈੱਬਸਾਈਟ www.gov.uk/ 'ਤੇ ਅਪਲਾਈ ਕੀਤਾ ਜਾ ਸਕਦਾ ਹੈ।
ਇਹ ਪੋਰਟਲ 16 ਜੁਲਾਈ 2024, ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਖੁੱਲ੍ਹ ਜਾਵੇਗਾ ਤੇ 18 ਜੁਲਾਈ 2024 ਨੂੰ 1.30 ਵਜੇ ਬੰਦ ਹੋ ਜਾਵੇਗਾ। ਇਸ ਦੌਰਾਨ ਉਮੀਦਵਾਰ ਆਨਲਾਈਨ ਆਪਣੀ ਜਾਣਕਾਰੀ ਭਰ ਕੇ ਇੰਗਲੈਂਡ ਜਾ ਕੇ ਰਹਿਣ, ਪੜ੍ਹਨ ਤੇ ਕੰਮ ਕਰਨ ਲਈ ਅਪਲਾਈ ਕਰ ਸਕਦੇ ਹਨ।
ਇਸ ਸਕੀਮ 'ਚ ਹਿੱਸਾ ਲੈਣ ਲਈ ਉਮੀਦਵਾਰ ਦੀ ਉਮਰ 18 ਸਾਲ ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ, ਉਨ੍ਹਾਂ ਕੋਲ ਘੱਟੋ-ਘੱਟ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਅਪਲਾਈ ਕਰਨ ਲਈ 298 ਪੌਂਡ ਫ਼ੀਸ ਲੱਗੇਗੀ, ਪਰ ਉਨ੍ਹਾਂ ਕੋਲ ਆਪਣੇ ਆਪ ਨੂੰ ਘੱਟੋ-ਘੱਟ 2,530 ਪੌਂਡ (ਕਰੀਬ 2 ਲੱਖ 72 ਹਜ਼ਾਰ ਰੁਪਏ) ਵੀ ਹੋਣੇ ਚਾਹੀਦੇ ਹਨ। ਜੋ ਉਮੀਦਵਾਰ ਚੁਣੇ ਜਾਣਗੇ, ਉਨ੍ਹਾਂ ਕੋਲ ਵੀਜ਼ਾ ਫ਼ੀਸ ਜਮ੍ਹਾ ਕਰਵਾ ਕੇ ਤੇ ਸ਼ਰਤਾਂ ਪੂਰੀਆਂ ਕਰ ਕੇ 90 ਦਿਨਾਂ ਅੰਦਰ ਵੀਜ਼ਾ ਅਪਲਾਈ ਕਰਨਾ ਪਵੇਗਾ।
ਇਸ ਸਕੀਮ ਤਹਿਤ 3,000 ਉਮੀਦਵਾਰ ਚੁਣੇ ਜਾਣਗੇ, ਜਿਨ੍ਹਾਂ 'ਚੋਂ ਬਹੁਤੀਆਂ ਸੀਟਾਂ ਫਰਵਰੀ ਦੌਰਾਨ ਹੋਈ ਚੋਣ 'ਚ ਭਰ ਗਈਆਂ ਸਨ, ਬਾਕੀ ਬਚੀਆਂ ਸੀਟਾਂ ਜੁਲਾਈ ਦੀ ਚੋਣ 'ਚ ਭਰੀਆਂ ਜਾਣਗੀਆਂ। ਇਸ ਸਕੀਮ ਤਹਿਤ ਚੁਣੇ ਗਏ ਉਮੀਦਵਾਰ 2 ਸਾਲ ਦਾ ਇੰਗਲੈਂਡ ਦਾ ਵੀਜ਼ਾ ਪ੍ਰਾਪਤ ਕਰਨਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e