ਭਾਰਤ-ਅਮਰੀਕਾ ਭਾਈਵਾਲੀ ਵਿਸ਼ਵ ਪੱਧਰ 'ਤੇ ਸਭ ਤੋਂ ਮਹੱਤਵਪੂਰਨ : ਡੈਮੋਕਰੇਟਿਕ ਨੇਤਾ ਮਖੀਜਾ

Sunday, Nov 03, 2024 - 04:19 PM (IST)

ਭਾਰਤ-ਅਮਰੀਕਾ ਭਾਈਵਾਲੀ ਵਿਸ਼ਵ ਪੱਧਰ 'ਤੇ ਸਭ ਤੋਂ ਮਹੱਤਵਪੂਰਨ : ਡੈਮੋਕਰੇਟਿਕ ਨੇਤਾ ਮਖੀਜਾ

ਫਿਲਾਡੇਲਫੀਆ (ਭਾਸ਼ਾ) : ਅਮਰੀਕਾ 'ਚ ਭਾਰਤੀ ਮੂਲ ਦੇ ਡੈਮੋਕ੍ਰੇਟਿਕ ਨੇਤਾ ਨੀਲ ਮਖੀਜਾ ਨੇ ਕਿਹਾ ਹੈ ਕਿ ਭਾਰਤ-ਅਮਰੀਕਾ ਸਾਂਝੇਦਾਰੀ ਵਿਸ਼ਵ ਪੱਧਰ 'ਤੇ ਸਭ ਤੋਂ ਮਹੱਤਵਪੂਰਨ ਹੈ ਤੇ ਜੇਕਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਮਰੀਕਾ ਦੀ ਰਾਸ਼ਟਰਪਤੀ ਬਣਦੇ ਹਨ ਤਾਂ ਇਹ ਸਹਿਯੋਗ ਹੋਰ ਵਧੇਗਾ ਕਿਉਂਕਿ ਉਹ ਇਨ੍ਹਾਂ ਸਬੰਧਾਂ ਦੀ ਮਹੱਤਤਾ ਨੂੰ ਜਾਣਦੀ ਹੈ।

ਹੈਰਿਸ ਦੇ ਕਰੀਬੀ ਮੰਨੇ ਜਾਂਦੇ ਨੌਜਵਾਨ ਆਗੂ ਮਖੀਜਾ ਨੇ ਪੀਟੀਆਈ ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਦੀ ਵੀ ਸਖ਼ਤ ਆਲੋਚਨਾ ਕੀਤੀ, ਜਿਸ ਨੇ ਭਾਰਤੀ-ਅਮਰੀਕੀਆਂ ਸਮੇਤ ਅਮਰੀਕਾ 'ਚ ਪ੍ਰਵਾਸੀ ਭਾਈਚਾਰਿਆਂ 'ਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਭਾਰਤ-ਅਮਰੀਕਾ ਸਾਂਝੇਦਾਰੀ 'ਤੇ ਮਖੀਜਾ ਨੇ ਕਿਹਾ ਕਿ ਇਹ ਭਵਿੱਖ ਲਈ ਸਭ ਤੋਂ ਮਹੱਤਵਪੂਰਨ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਚੀਨ ਦੇ ਨਾਲ ਅਮਰੀਕਾ ਦੇ ਮੁਕਾਬਲੇ ਬਾਰੇ ਸੋਚਦੇ ਹੋ, ਜਦੋਂ ਤੁਸੀਂ ਰੂਸ ਦੁਆਰਾ ਚੁੱਕੇ ਜਾ ਰਹੇ ਕਦਮਾਂ ਬਾਰੇ ਸੋਚਦੇ ਹੋ, ਜੋ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਦੇ ਹਿੱਤਾਂ ਦੇ ਉਲਟ ਹਨ, ਤਾਂ ਭਾਰਤ ਆਪਣੇ ਆਕਾਰ ਅਤੇ ਆਰਥਿਕਤਾ ਲਈ ਅਸਲ 'ਚ ਅਮਰੀਕਾ ਦੇ ਲਈ ਸਭ ਤੋਂ ਮਹੱਤਵਪੂਰਨ ਦੇਸ਼ ਹੈ। ਮਾਖੀਜਾ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਅਮਰੀਕਾ ਦੇ ਭਵਿੱਖ ਦੇ ਰਾਸ਼ਟਰਪਤੀ ਇਹ ਸਮਝਦੇ ਹਨ ਕਿ ਭਾਰਤ ਕਈ ਤਰੀਕਿਆਂ ਨਾਲ ਅਮਰੀਕਾ ਲਈ ਬਹੁਤ ਮਹੱਤਵਪੂਰਨ ਭਾਈਵਾਲ ਹੈ।

ਉਨ੍ਹਾਂ ਕਿਹਾ ਕਿ ਜਦੋਂ ਸਾਡੀ ਰੱਖਿਆ, ਜਲਵਾਯੂ ਪਰਿਵਰਤਨ ਵਰਗੇ ਗਲੋਬਲ ਮੁੱਦਿਆਂ ਨਾਲ ਨਜਿੱਠਣ ਵਰਗੀਆਂ ਗਲੋਬਲ ਤਰਜੀਹਾਂ ਦੀ ਗੱਲ ਆਉਂਦੀ ਹੈ ਤਾਂ ਅਮਰੀਕਾ ਤੇ ਭਾਰਤ ਮਿਲ ਕੇ ਕੰਮ ਕਰ ਸਕਦੇ ਹਨ। ਇਸ ਲਈ ਸਾਨੂੰ ਅਜਿਹੇ ਰਾਸ਼ਟਰਪਤੀ ਦੀ ਜ਼ਰੂਰਤ ਹੈ ਜੋ ਇਸ ਨੂੰ ਪਛਾਣਦਾ ਹੋਵੇ ਅਤੇ ਉਹ ਵਿਅਕਤੀ ਹੈ ਕਮਲਾ ਹੈਰਿਸ। ਮਾਖੀਜਾ ਨੇ ਅਗਲੇ ਹਫਤੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਨੂੰ ਲੋਕਤੰਤਰ ਲਈ ਖਤਰਾ ਦੱਸਿਆ। ਹਾਰਵਰਡ ਤੋਂ ਪੜ੍ਹੇ ਮਾਖੀਜਾ ਭਾਰਤੀ ਮੂਲ ਦੇ ਹਨ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਮੁੱਖ ਚਿਹਰੇ ਵਜੋਂ ਉਭਰ ਰਹੇ ਹਨ। ਉਹ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਮੀਤ ਪ੍ਰਧਾਨ ਕਮਲਾ ਹੈਰਿਸ ਲਈ ਪੈਨਸਿਲਵੇਨੀਆ 'ਚ ਚੋਣ ਮੁਹਿੰਮ ਨੂੰ ਸੰਭਾਲ ਰਹੇ ਹਨ।

ਮਖੀਜਾ ਮੋਂਟਗੋਮਰੀ ਕਾਉਂਟੀ ਦੇ ਚੋਣ ਬੋਰਡ ਦੇ ਕਮਿਸ਼ਨਰ ਅਤੇ ਚੇਅਰਮੈਨ ਹਨ। ਉਹ ਪੈਨਸਿਲਵੇਨੀਆ ਦੇ ਪਹਿਲੇ ਭਾਰਤੀ ਅਮਰੀਕੀ ਕਮਿਸ਼ਨਰ ਹਨ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਕਈ ਨੇਤਾਵਾਂ ਦਾ ਮੰਨਣਾ ਹੈ ਕਿ ਜੇਕਰ ਹੈਰਿਸ ਚੋਣ ਜਿੱਤ ਜਾਂਦੇ ਹਨ ਤਾਂ ਮਖੀਜਾ ਉਨ੍ਹਾਂ ਦੇ ਮੰਤਰੀ ਮੰਡਲ 'ਚ ਸ਼ਾਮਲ ਹੋ ਸਕਦੇ ਹਨ।


author

Baljit Singh

Content Editor

Related News