ਧਾਰਾ 370 ਹਟਣ 'ਤੇ ਬੌਖਲਾਇਆ ਪਾਕਿਸਤਾਨ, ਦਿੱਤੀ ਜੰਗ ਦੀ ਧਮਕੀ

Tuesday, Aug 06, 2019 - 03:17 PM (IST)

ਧਾਰਾ 370 ਹਟਣ 'ਤੇ ਬੌਖਲਾਇਆ ਪਾਕਿਸਤਾਨ, ਦਿੱਤੀ ਜੰਗ ਦੀ ਧਮਕੀ

ਇਸਲਾਮਾਬਾਦ— ਜੰਮੂ-ਕਸ਼ਮੀਰ ਲਈ ਬਣੀ ਧਾਰਾ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਬੌਖਲਾ ਗਿਆ ਹੈ। ਪਾਕਿਸਤਾਨ ਨੇ ਇਸ ਦੌਰਾਨ ਭਾਰਤ ਨੂੰ ਜੰਗ ਦੀ ਵੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਹੁਸੈਨ ਨੇ ਕਿਹਾ ਕਿ ਭਾਰਤ ਕਸ਼ਮੀਰ ਨੂੰ ਇਕ ਹੋਰ ਫਿਲਸਤੀਨ ਬਣਾਉਣਾ ਚਾਹੁੰਦਾ ਹੈ ਤੇ ਜੇਕਰ ਉਨ੍ਹਾਂ 'ਤੇ ਜੰਗ ਦਾ ਦਬਾਅ ਬਣਿਆ ਤਾਂ ਇਸਲਾਮਾਬਾਦ ਨੂੰ ਇਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ।

ਉਨ੍ਹਾਂ ਦਾ ਇਹ ਬਿਆਨ ਭਾਰਤ ਵਲੋਂ ਧਾਰਾ 370 ਨੂੰ ਖਤਮ ਕਰਨ ਦੇ ਰਾਜ ਸਭਾ 'ਚ ਪਾਸ ਹੋਏ ਪ੍ਰਸਤਾਵ ਤੋਂ ਇਕ ਦਿਨ ਬਾਅਦ ਆਇਆ ਹੈ, ਜੋ ਕਿ ਜੰਮੂ-ਕਸ਼ਮੀਰ ਨੂੰ ਇਕ ਵਿਸ਼ੇਸ਼ ਸਟੇਟਸ ਪ੍ਰਦਾਨ ਕਰਦੀ ਸੀ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਤੇ ਲਦਾਖ ਨੂੰ ਦੋ ਯੂਨੀਅਨ ਟੈਰੀਟਰੀਜ਼ 'ਚ ਤਬਦੀਲ ਕਰ ਦਿੱਤਾ ਗਿਆ ਹੈ। ਮੰਤਰੀ ਨੇ ਆਪਣੇ ਬਿਆਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਕਸ਼ਮੀਰ ਨੂੰ ਇਕ ਹੋਰ ਫਿਲਸਤੀਨ ਬਣਾਉਣ 'ਚ ਲੱਗੀ ਹੋਈ ਹੈ। ਮੰਤਰੀ ਨੇ ਕਿਹਾ ਕਿ ਸੰਸਦ 'ਚ ਬੇਕਾਰ ਦੇ ਵਿਸ਼ਿਆਂ 'ਚ ਉਲਝਣ ਦੀ ਬਜਾਏ ਸਾਨੂੰ ਭਾਰਤ ਦਾ ਜਵਾਬ ਖੂਨ, ਹੰਝੂਆਂ ਤੇ ਪਸੀਨੇ ਨਾਲ ਦੇਣਾ ਹੋਵੇਗਾ। ਸਾਨੂੰ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ।

ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਸਬੰਧੀ ਬਿੱਲ ਨੂੰ ਰਾਜ ਸਭਾ 'ਚ ਪਾਸ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਪਾਕਿਸਤਾਨ ਦੀ ਸਰਕਾਰ ਤੇ ਉਥੋਂ ਦੀਆਂ ਸਿਆਸੀ ਪਾਰਟੀਆਂ 'ਚ ਬੌਖਲਾਹਟ ਹੈ। ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਉਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲੰਮੇਂ ਹੱਥੀ ਲੈਂਦਿਆਂ ਸੰਸਦ ਦੇ ਸੈਸ਼ਨ 'ਚ ਸ਼ਾਮਲ ਨਾ ਹੋਣ 'ਤੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਈਆਂ।


author

Baljit Singh

Content Editor

Related News