ਭਾਰਤ ਕਰੇਗਾ ਅਗਲੇ ਐੱਸ.ਸੀ.ਓ. ਸਿਖਰ ਸੰਮੇਲਨ ਦੀ ਮੇਜ਼ਬਾਨੀ
Friday, Sep 16, 2022 - 09:41 PM (IST)
ਸਮਰਕੰਦ– ਉਜ਼ਬੇਕਿਸਤਾਨ ਨੇ ਸ਼ੁੱਕਰਵਾਰ ਨੂੰ ਇੱਥੇ 8 ਮੈਂਬਰੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਪ੍ਰਧਾਨਗੀ ਭਾਰਤ ਨੂੰ ਸੌਂਪੀ। ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਓਯੇਵ ਨੇ ਸਮਰਕੰਦ ’ਚ 22ਵੇਂ ਐੱਸ.ਸੀ.ਓ. ਸਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ।
ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਵਲਾਦਿਮੀਰ ਨੋਰੋਵ ਨੇ ਟਵੀਟ ਕੀਤਾ, ‘ਐੱਸ.ਸੀ.ਓ. ਸਮਰਕੰਦ ਸਿਖਰ ਸੰਮੇਲਨ ਤੋਂ ਬਾਅਦ ਭਾਰਤ 2023 ’ਚ ਸੰਗਠਨ ਦੇ ਪ੍ਰਧਾਨ ਦੇ ਰੂਪ ’ਚ ਐੱਸ.ਸੀ.ਓ. ਦੇ ਅਗਲੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਅਸੀਂ ਇਸ ਜ਼ਿੰਮੇਵਾਰ ਮਿਸ਼ਨ ਨੂੰ ਲਾਗੂ ਕਰਨ ’ਚ ਆਪਣੀ ਰਣਨੀਤਕ ਭਾਈਵਾਲ ਭਾਰਤ ਦੀ ਸਹਾਇਤਾ ਲਈ ਪੂਰੀ ਕੋਸ਼ਿਸ਼ ਕਰਾਂਗੇ।’
ਸਮਰਕੰਦ ’ਚ ਆਯੋਜਿਤ ਸੰਮੇਲਨ ’ਚ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ, ਚੀਨੀ ਰਾਸ਼ਟਰਪਤੀ ਸ਼ੀ-ਜਿਨਪਿੰਗ, ਈਰਾਨ ਦੇ ਰਾਸ਼ਟਰਪਤੀ ਇਬ੍ਰਾਹਿਮ ਰਈਸੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਅਤੇ ਮੱਧ ਏਸ਼ੀਆਈ ਦੇਸ਼ਾਂ ਦੇ ਹੋਰ ਨੇਤਾ ਸ਼ਾਮਲ ਹੋਏ।
ਐੱਸ.ਸੀ.ਓ.ਦੀ ਸ਼ੁਰੂਆਤ ਜੂਨ 2001 ’ਚ ਸ਼ੰਘਾਈ ’ਚ ਹੋਈ ਸੀ ਅਤੇ ਇਸਦੇ 8 ਪੂਰਨ ਮੈਂਬਰ ਹਨ, ਜਿਨ੍ਹਾਂ ’ਚ 6 ਸੰਸਥਾਪਕ ਮੈਂਬਰ ਚੀਨ, ਕਜ਼ਾਖਸਤਾਨ, ਕਿਰਗਿਸਤਾਨ, ਰੂਸ, ਤਾਜ਼ਿਕਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ। ਭਾਰਤ ਅਤੇ ਪਾਕਿਸਤਾਨ ਇਸ ਵਿਚ 2017 ’ਚ ਪੂਰਨ ਮੈਂਬਰ ਦੇ ਰੂਪ ’ਚ ਸ਼ਾਮਲ ਹੋਏ ਸਨ। ਸਮਰਕੰਦ ਸਿਖਰ ’ਚ ਈਰਾਨ ਨੂੰ ਐੱਸ.ਸੀ.ਓ. ਦੇ ਸਥਾਈ ਮੈਂਬਰ ਦੇ ਰੂਪ ’ਚ ਸ਼ਾਮਲ ਕੀਤਾ ਗਿਆ ਹੈ।