ਅਮਰੀਕਾ 'ਚ ਮ੍ਰਿਤਕ ਮਿਲੀ ਗੋਦ ਲਈ ਬੱਚੀ ਦੇ ਭਾਰਤੀ-ਅਮਰੀਕੀ ਮਾਪਿਆਂ ਦਾ ਓ. ਸੀ. ਆਈ. ਕਾਰਡ ਰੱਦ

09/08/2018 6:10:39 PM

ਹਿਊਸਟਨ (ਭਾਸ਼ਾ)— ਭਾਰਤ ਨੇ ਅਮਰੀਕਾ ਦੇ ਡਲਾਸ ਵਿਚ ਬੀਤੇ ਸਾਲ ਮ੍ਰਿਤਕ ਮਿਲੀ 3 ਸਾਲਾ ਲੜਕੀ ਸ਼ੇਰਿਨ ਮੈਥਿਊਜ਼ ਨੂੰ ਗੋਦ ਲੈਣ ਵਾਲੇ ਭਾਰਤੀ-ਅਮਰੀਕੀ ਮਾਤਾ-ਪਿਤਾ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ (ਓ. ਸੀ. ਆਈ.) ਕਾਰਡ ਰੱਦ ਕਰ ਦਿੱਤਾ ਹੈ। ਹਿਊਸਟਨ ਵਿਚ ਭਾਰਤ ਦੇ ਕੌਂਸਲ ਜਨਰਲ ਅਨੁਪਮ ਰੇਅ ਨੇ ਕਿਹਾ ਕਿ ਭਾਰਤ ਵੇਸਲੀ ਮੈਥਿਊਜ਼, ਉਸ ਦੀ ਪਤਨੀ ਸਿਨੀ ਅਤੇ ਜੋੜੇ ਦੇ ਕੁਝ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਓ. ਸੀ. ਆਈ. ਕਾਰਡ ਰੱਦ ਕਰ ਰਿਹਾ ਹੈ, ਕਿਉਂਕਿ ਭਾਰਤ ਵਿਚ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਦੀ ਇਨ੍ਹਾਂ ਦੀ ਯਾਤਰਾ ਜਨਹਿੱਤ ਵਿਚ ਨਹੀਂ ਹੈ। ਮੈਥਿਊਜ਼ ਪਰਿਵਾਰ ਦੇ ਦੋਸਤ ਮਨੋਜ ਐੱਨ. ਅਬ੍ਰਾਹਮ ਅਤੇ ਨਿਸਸੀ ਟੀ ਅਬ੍ਰਾਹਮ ਨੂੰ ਸਭ ਤੋਂ ਪਹਿਲਾਂ ਓ. ਸੀ. ਆਈ. ਕਾਰਡ ਰੱਦ ਕਰਨ ਦਾ ਨੋਟਿਸ ਮਿਲਿਆ, ਜਿਸ ਨੂੰ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਵੇਸਲੀ ਦੇ ਮਾਤਾ-ਪਿਤਾ ਵੀ ਇਸ ਸੂਚੀ ਵਿਚ ਹਨ। ਰੇਅ ਨੇ ਦੱਸਿਆ ਕਿ ਭਾਰਤ ਇਸ ਛੋਟੀ ਜਿਹੀ ਬੱਚੀ ਨੂੰ ਨਹੀਂ ਭੁੱਲਿਆ ਹੈ। ਦੂਤਘਰ, ਭਾਰਤ ਸਰਕਾਰ ਦੀ ਕਾਲੀ ਸੂਚੀ ਵਿਚ ਛੇਤੀ ਤੋਂ ਛੇਤੀ ਇਨ੍ਹਾਂ ਦੇ ਨਾਂ ਪਾਉਣ ਦੀ ਸਿਫਾਰਸ਼ ਕਰੇਗਾ। 

ਇਹ ਸੀ ਮਾਮਲਾ—
3 ਸਾਲਾ ਸ਼ੇਰਿਨ ਮੈਥਿਊਜ਼ ਨਾਂ ਦੀ ਬੱਚੀ ਦੀ ਲਾਸ਼ 22 ਅਕਤਬੂਰ 2017 ਨੂੰ ਉਸ ਦੇ ਘਰ ਨੇੜਿਓਂ ਇਕ ਪੁਲ ਤੋਂ ਮਿਲੀ ਸੀ। ਇਸ ਤੋਂ ਦੋ ਹਫਤੇ ਪਹਿਲਾਂ ਉਸ ਦੇ ਭਾਰਤੀ-ਅਮਰੀਕੀ ਮਾਪਿਆਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਉਸ ਨੂੰ ਗੋਦ ਲੈਣ ਵਾਲੇ ਪਿਤਾ ਵੇਸਲੀ ਨੇ ਸ਼ੁਰੂਆਤ ਵਿਚ ਪੁਲਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਦੁੱਧ ਨਾ ਪੀਣ 'ਤੇ ਸਜ਼ਾ ਦੇਣ ਲਈ ਸ਼ੇਰਿਨ ਨੂੰ ਸਵੇਰੇ 3.00 ਵਜੇ ਘਰ ਦੇ ਬਾਹਰ ਛੱਡ ਦਿੱਤਾ ਸੀ ਪਰ ਬਾਅਦ ਵਿਚ ਉਨ੍ਹਾਂ ਨੇ ਆਪਣਾ ਬਿਆਨ ਬਦਲ ਲਿਆ। ਵੇਸਲੀ ਨੇ ਇਹ ਵੀ ਸਵੀਕਾਰ ਕੀਤਾ ਸੀ ਕਿ ਪਰਿਵਾਰ ਉਸ ਰਾਤ ਖਾਣਾ ਖਾਣ ਲਈ ਬਾਹਰ ਗਿਆ ਸੀ ਅਤੇ ਸ਼ੇਰਿਨ ਨੂੰ ਘਰ 'ਚ ਇਕੱਲਾ ਛੱਡ ਗਏ ਸਨ। ਇੱਥੇ ਦੱਸ ਦੇਈਏ ਕਿ ਸ਼ੇਰਿਨ ਨੂੰ ਬਿਹਾਰ ਤੋਂ 2016 'ਚ ਗੋਦ ਲਿਆ ਗਿਆ ਸੀ।


Related News