ਗੁਆਂਢੀ ਦੇਸ਼ਾਂ ਨੂੰ ਭਾਰਤ ਭੇਜ ਰਿਹੈ ਕੋਰੋਨਾ ਟੀਕਿਆਂ ਦੀ ਖੇਪ, ਅਮਰੀਕਾ ਨੇ ਕੀਤੀ ਸਿਫ਼ਤ

Saturday, Jan 23, 2021 - 10:58 AM (IST)

ਵਾਸ਼ਿੰਗਟਨ- ਭਾਰਤ ਦੀਆਂ ਦੋ ਵੈਕਸੀਨ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਅਤੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੀ ਦੁਨੀਆ ਭਰ ਵਿਚ ਮੰਗ ਵੱਧ ਰਹੀ ਹੈ। ਭਾਰਤ ਵਿਚ 16 ਜਨਵਰੀ ਤੋਂ ਦੇਸ਼ ਪੱਧਰੀ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਹੁਣ ਭਾਰਤ ਦੂਜੇ ਦੇਸ਼ਾਂ ਦੀ ਵੀ ਮਦਦ ਕਰ ਰਿਹਾ ਹੈ। 

ਭਾਰਤ ਨੇ ਬ੍ਰਾਜ਼ੀਲ ਨੂੰ ਕੋਰੋਨਾ ਦੀ ਵੈਕਸੀਨ ਦੀ ਖੇਪ ਭੇਜੀ ਹੈ। ਬ੍ਰਾਜ਼ੀਲ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਭਾਰਤ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਗਵਾਨ ਹਨੂਮਾਨ ਜੀ ਦੀ ਸੰਜੀਵਨੀ ਬੂਟੀ ਲੈ ਜਾਂਦਿਆਂ ਵਾਲੀ ਤਸਵੀਰ ਟਵੀਟ ਕੀਤੀ ਹੈ। 

ਅਮਰੀਕਾ ਦੇ 'ਡਿਪਾਰਟਮੈਂਟ ਆਫ਼ ਸਟੇਟ' ਦੇ ਦੱਖਣੀ ਅਤੇ ਮੱਧ ਏਸ਼ੀਆਈ ਦੇਸ਼ਾਂ ਦੇ ਵਿਭਾਗ ਨੇ ਭਾਰਤ ਵਲੋਂ ਆਪਣੇ ਗੁਆਂਢੀ ਦੇਸ਼ਾਂ ਦੀ ਮਦਦ ਕੀਤੇ ਜਾਣ ਦੀ ਜ਼ਬਰਦਸਤ ਪ੍ਰਸ਼ੰਸਾ ਕੀਤੀ ਹੈ। ਆਪਣੇ ਟਵਿੱਟਰ ਹੈਂਡਲ 'ਤੇ ਅਮਰੀਕਾ ਦੇ ਇਸ ਵਿਭਾਗ ਨੇ ਲਿਖਿਆ ਕਿ ਅਸੀਂ ਵਿਸ਼ਵ ਸਿਹਤ ਵਿਚ ਭਾਰਤ ਦੀ ਭੂਮਿਕਾ ਦੀ ਸਿਫ਼ਤ ਕਰਦੇ ਹਾਂ ਜੋ ਦੱਖਣੀ ਏਸ਼ੀਆ ਵਿਚ ਲੱਖਾਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਸਾਂਝੀਆਂ ਕਰ ਰਿਹਾ ਹੈ। ਭਾਰਤ ਵਲੋਂ ਵੈਕਸੀਨ ਦੀ ਖੇਪ ਮੁਫ਼ਤ ਸ਼ਿਪਮੈਂਟ ਰਾਹੀਂਮਾਲਦੀਵ, ਭੂਟਾਨ, ਬੰਗਲਾਦੇਸ਼ ਅਤੇ ਨੇਪਾਲ ਵਰਗੇ ਦੇਸ਼ਾਂ ਵਿਚ ਪੁੱਜਣ ਲੱਗ ਗਈ ਹੈ ਜੋ ਅੱਗੇ ਜਾ ਕੇ ਹੋਰ ਵੀ ਦੇਸ਼ਾਂ ਨੂੰ ਭੇਜੀਆਂ ਜਾਣਗੀਆਂ। ਭਾਰਤ ਇਕ ਸੱਚਾ ਦੋਸਤ ਹੈ ਜੋ ਆਪਣੇ ਫਾਰਮਾ ਦੀ ਵਰਤੋਂ ਵਿਸ਼ਵ ਭਾਈਚਾਰੇ ਦੀ ਮਦਦ ਲਈ ਕਰ ਰਿਹਾ ਹੈ। 

ਜਾਣਕਾਰੀ ਮੁਤਾਬਕ ਭਾਰਤ ਨੇ ਬ੍ਰਾਜ਼ੀਲ ਅਤੇ ਮੋਰੱਕੋ ਨੂੰ ਕੋਰੋਨਾ ਦੀਆਂ 20-20 ਲੱਖ ਖੁਰਾਕਾਂ ਭੇਜੀਆਂ ਹਨ। ਮਿਆਂਮਾਰ ਨੂੰ ਵੀ 15 ਲੱਖ ਖੁਰਾਕਾਂ ਦੀ ਖੇਪ ਭੇਜੀ ਗਈ ਹੈ। ਇਸ ਦੇ ਇਲਾਵਾ ਸੈਸ਼ਲਜ਼ ਨੂੰ ਵੈਕਸੀਨ ਦੀਆਂ 50 ਹਜ਼ਾਰ ਖੁਰਾਕਾਂ ਅਤੇ ਮੌਰੀਸ਼ਸ ਨੂੰ ਇਕ ਲੱਖ ਖੁਰਾਕਾਂ ਭੇਜੀਆਂ ਜਾਣੀਆਂ ਹਨ। 


Lalita Mam

Content Editor

Related News