ਪਾਕਿਸਤਾਨੀ ਫੌਜ ਵਧਾ ਰਹੀ ਹੈ ''ਅੱਤਵਾਦੀਆਂ'' ਨਾਲ ਮੇਲਜੋਲ

12/29/2019 3:14:28 PM

ਇਸਲਾਮਾਬਾਦ- ਕੰਟਰੋਲ ਲਾਈਨ 'ਤੇ ਭਾਰਤੀ ਫੌਜ ਦੇ ਹੱਥੋਂ ਲਗਾਤਾਰ ਮੂੰਹ ਦੀ ਖਾਣ ਤੋਂ ਬਾਅਦ ਪਾਕਿਸਤਾਨੀ ਫੌਜ ਹੁਣ ਅੱਤਵਾਦੀਆਂ ਨਾਲ ਮੇਲਜੋਲ ਵਧਾਉਣ ਵਿਚ ਲੱਗ ਗਈ ਹੈ। ਪਾਕਿਸਤਾਨੀ ਫੌਜ ਤੇ ਸਰਕਾਰ ਦੇ ਕਈ ਮੰਤਰੀਆਂ ਦੀਆਂ ਇਹਨਾਂ ਹਰਕਤਾਂ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਤੇ ਗੁਜਰਾਤ ਦੇ ਸਰਹੱਦੀ ਇਲਾਕਿਆਂ ਵਿਚ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਹੈ। ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਅੱਤਵਾਦੀਆਂ ਦੀ ਮਦਦ ਨਾਲ ਪਾਕਿਸਤਾਨ ਭਾਰਤ ਵਿਚ ਵੱਡੇ ਹਮਲੇ ਕਰਨ ਦੀ ਫਿਰਾਕ ਵਿਚ ਹੈ।

ਹਿੰਦੁਸਤਾਨ ਟਾਈਮਸ ਦੀ ਖਬਰ ਮੁਤਾਬਕ 27 ਦਸੰਬਰ ਨੂੰ ਪਾਕਿਸਤਾਨੀ ਫੌਜ ਦੇ ਮੇਜਰ ਜਨਰਲ ਆਸਿਫ ਗਫੂਰ ਨੇ ਕਰਾਚੀ ਵਿਚ ਸਥਿਤ ਜਾਮੀਆ ਰਸ਼ੀਦੀਆ ਮਦਰਸੇ ਦਾ ਦੌਰਾ ਕੀਤਾ ਸੀ। ਜਾਮੀਆ ਰਸ਼ੀਦੀਆ ਮਦਰਸੇ ਦਾ ਸਬੰਧ ਜੈਸ਼-ਏ-ਮੁਹੰਮਦ ਨਾਲ ਹੈ ਤੇ ਸਈਦ ਸਲਾਹੂਦੀਨ ਕਈ ਵਾਰ ਇਸ ਮਦਰਸੇ ਦਾ ਦੌਰਾ ਕਰ ਚੁੱਕਿਆ ਹੈ। ਇੰਨਾ ਹੀ ਨਹੀਂ ਇਸ ਮਦਰਸੇ ਦਾ ਨਾਂ 2002 ਵਿਚ ਵਾਲ ਸਟ੍ਰੀਟ ਜਨਰਲ ਦੇ ਰਿਪੋਰਟਰ ਡੈਨੀਅਲ ਪਰਲ ਦੀ ਕਿਡਨੈਪਿੰਗ ਤੇ ਕਤਲ ਨਾਲ ਵੀ ਜੁੜਿਆ ਸੀ। ਇਸ ਘਟਨਾ ਤੋਂ ਬਾਅਦ ਸੰਯੁਕਤ ਰਾਸ਼ਟਰ ਤੇ ਅਮਰੀਕਾ ਨੇ ਇਸ ਨੂੰ ਅੱਤਵਾਦੀ ਸੰਗਠਨ ਐਲਾਨ ਕਰ ਦਿੱਤਾ ਸੀ।

ਜਨਰਲ ਆਸਿਫ ਗਫੂਰ ਨੇ ਇਸ ਯਾਤਰਾ 'ਤੇ ਕੋਈ ਜਨਤਕ ਪੋਸਟ ਨਹੀਂ ਕੀਤੀ ਪਰ ਕਈ ਲੋਕਾਂ ਨੇ ਜਾਮੀਆ ਰਸ਼ੀਦੀਆ ਮਦਰਸੇ ਦੇ ਵਿਦਿਆਰਥੀਆਂ ਦੇ ਵਿਚਾਲੇ ਉਹਨਾਂ ਦੀ ਤਸਵੀਰ ਨੂੰ ਸ਼ੇਅਰ ਕੀਤਾ। ਇਸ ਮਦਰਸੇ ਦੀ ਸਥਾਪਨਾ ਮੁਫਤੀ ਮੁਹੰਮਦ ਰਸ਼ੀਦ ਨੇ ਕੀਤੀ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿਚ ਪਾਕਿਸਤਾਨੀ ਰੇਂਜਰਾਂ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਅਹਿਲੇ ਸੁੰਨਤ ਵਲ ਜਮਾਤ ਦੇ ਮੁਖੀ ਔਰੰਗਜ਼ੇਬ ਫਾਰੁਕੀ ਨਾਲ ਮੁਲਾਕਾਤ ਕੀਤੀ ਸੀ। ਅਹਿਲੇ ਸੁੰਨਤ ਵਲ ਜਮਾਤ ਪਾਕਿਸਤਾਨ ਦੇ ਬਦਨਾਮ ਸਿਪਾਹ-ਏ-ਸਹਾਬਾ ਪਾਕਿਸਤਾਨ ਦਾ ਹਿੱਸਾ ਹੈ। ਇਹ ਸੰਗਠਨ ਪਾਕਿਸਤਾਨ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸ਼ਿਆ ਘੱਟ ਗਿਣਤੀਆਂ ਦੀ ਹੱਤਿਆ ਵਿਚ ਸ਼ਾਮਲ ਰਿਹਾ ਹੈ।

ਦੱਸ ਦਈਏ ਕਿ ਵਾਲ ਸਟ੍ਰੀਟ ਜਨਰਲ ਦੇ ਰਿਪੋਰਟਰ ਡੈਨੀਅਲ ਪਰਲ ਦੀ ਲਾਸ਼ ਮਈ 2002 ਵਿਚ ਜਾਮੀਆ ਰਸ਼ੀਦੀਆ ਮਦਰਸੇ ਤੋਂ 500 ਗਜ਼ ਦੀ ਦੂਰੀ 'ਤੇ ਅਲ ਰਸ਼ੀਦ ਟਰੱਸਟ ਦੀ ਮਲਕੀਅਤ ਵਾਲੀ ਜ਼ਮੀਨ ਵਿਚ ਸਥਿਤ ਇਕ ਕਬਰ ਤੋਂ ਬਰਾਮਦ ਹੋਈ ਸੀ। ਮੰਨਿਆ ਜਾਂਦਾ ਹੈ ਕਿ ਇਸ ਮਦਰਸੇ ਦਾ ਸਬੰਧ ਅਲਕਾਇਦਾ ਨਾਲ ਵੀ ਹੈ। ਸਿਪਾਹ-ਏ-ਸਹਾਬਾ ਪਾਕਿਸਤਾਨ ਨੂੰ 2002 ਵਿਚ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਪਾਬੰਦੀਸ਼ੁਦਾ ਕਰ ਦਿੱਤਾ ਸੀ। ਇਸ ਤੋਂ ਬਾਅਦ ਇਸ ਸੰਗਠਨ ਨੇ ਆਪਣਾ ਨਾਂ ਬਦਲ ਕੇ ਅਹਿਲੇ ਸੁੰਨਤ ਵਲ ਜਮਾਤ ਕਰ ਲਿਆ ਪਰ 2012 ਵਿਚ ਸਰਕਾਰ ਨੇ ਇਸ ਨੂੰ ਵੀ ਪਾਬੰਦੀਸ਼ੁਦਾ ਕਰ ਦਿੱਤਾ। ਵਰਤਮਾਨ ਵਿਚ ਇਹ ਦੋਵੇਂ ਸਮੂਹ ਰਾਸ਼ਟਰੀ ਕਾਊਂਟਰ ਟੈਰਰਿਜ਼ਮ ਰੈਗੂਲੇਟਰੀ ਦੀ ਸੂਚੀ ਵਿਚ ਸ਼ਾਮਲ ਹਨ। ਪਰ ਪਾਕਿਸਤਾਨੀ ਫੌਜ ਦੇ ਸੀਨੀਅਰ ਅਧਿਕਾਰੀਆਂ ਦਾ ਇਹਨਾਂ ਨਾਲ ਮਿਲਣਾ ਕਈ ਵੱਡੇ ਸਵਾਲ ਖੜੇ ਕਰ ਰਿਹਾ ਹੈ। ਇਸ ਨੂੰ ਲੈ ਕੇ ਭਾਰਤ ਵਿਚ ਸਾਵਧਾਨੀ ਵਧਾ ਦਿੱਤੀ ਗਈ ਹੈ।


Baljit Singh

Content Editor

Related News