ਭਾਰਤ ਨੇ ਆਸਾਮ ਨੂੰ ਲੈ ਕੇ ਗਲਤ ਬਿਆਨਬਾਜ਼ੀ ’ਤੇ OIC ਨੂੰ ਪਾਈ ਝਾੜ
Sunday, Oct 10, 2021 - 02:29 PM (IST)
ਇੰਟਰਨੈਸ਼ਨਲ ਡੈਸਕ– ਭਾਰਤ ਨੇ ਆਸਾਮ ’ਚ ਬੇਦਖਲੀ ਮੁਹਿੰਮ ਨੂੰ ਲੈ ਕੇ ਗਲਤ ਬਿਆਨਬਾਜ਼ੀ ’ਤੇ ਮੁਸਲਿਮ ਦੇਸ਼ਾਂ ਦੇ ਇਸਲਾਮਿਕ ਸਹਿਯੋਗ ਸੰਗਠਨ (OIC) ਨੂੰ ਝਾੜ ਪਾਈ ਹੈ। ਭਾਰਤ ਨੇ ਕਿਹਾ ਕਿ ਸਮੂਹ ਕੋਲ ਦੇਸ਼ ਦੇ ਅੰਦਰੂਨੀ ਮਾਮਲਿਆਂ ’ਤੇ ਟਿਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਵਿਦੇਸ਼ ਮੰਤਰਾਲਾ (MEA) ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਅਜਿਹੇ ਸਾਰੇ ‘ਅਣਉਚਿਤ ਬਿਆਨਾਂ’ ਨੂੰ ਰੱਦ ਕਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਭਵਿੱਖ ’ਚ ਅਜਿਹਾ ਕੋਈ ਸੰਦਰਭ ਨਹੀਂ ਦਿੱਤਾ ਜਾਵੇਗਾ।
ਬਾਗਚੀ ਨੇ ਕਿਹਾ ਕਿ ਭਾਰਤ ਨੂੰ OIC ਦੇ ਗੈਰਜ਼ਿੰਮੇਵਾਰਾਨਾ ਬਿਆਨ ’ਤੇ ਬੇਹੱਦ ਦੁਖ ਹੈ। ਉਨ੍ਹਾਂ ਕਿਹਾ ਕਿ ਇਸਲਾਮਿਕ ਸਹਿਯੋਗ ਸੰਗਠਨ (OIC) ਨੇ ਭਾਰਤੀ ਸੂਬੇ ਆਸਾਮ ’ਚ ਦੁਰਭਾਗਪੂਰਨ ਘਟਨਾ ’ਤੇ ਅਸਲੀ ਰੂਪ ਨਾਲ ਗਲਤ ਅਤੇ ਭਰਮ ’ਚ ਪਾਉਣ ਵਾਲੇ ਬਿਆਨ ਜਾਰੀ ਕਰਕੇ ਇਕ ਵਾਰ ਫਿਰ ਭਾਰਤ ਦੇ ਅੰਦਰੂਨੀ ਮਾਮਲਿਆਂ ’ਤੇ ਟਿਪਣੀ ਕੀਤੀ ਹੈ। ਉਹ ਪਿਛਲੇ ਮਹੀਨੇ ਆਸਾਮ ਦੇ ਦਰਾਂਗ ਜ਼ਿਲ੍ਹੇ ਦੀ ਇਕ ਘਟਨਾ ’ਤੇ OIC ਦੀ ਟਿਪਣੀ ਬਾਰੇ ਮੀਡੀਆ ਦੇ ਇਕ ਸਵਾ ਦਾ ਜਵਾਬ ਦੇ ਰਹੇ ਸਨ।
ਬਾਗਚੀ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਇਸ ਸੰਬੰਧ ਚ ਉਚਿਤ ਕਾਨੂੰਨੀ ਕਾਰਵਾਈ ਕੀਤੀ ਹੈ। ਦੋਹਰਾਇਆ ਜਾਂਦਾ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਨਾਲ ਸੰਬੰਧਿਤ ਮੁੱਦਿਆਂ ’ਚ ਦਖਲ ਦੇਣ ਦਾ OIC ਨੂੰ ਕੋਈ ਅਧਿਕਾਰ ਨਹੀਂ ਹੈ। ਉਸ ਨੂੰ ਆਪਣੇ ਮੰਚ ਨੂੰ ਨਿੱਜੀ ਹਿੱਤਾਂ ਨਾਲ ਪ੍ਰਭਾਵਿਤ ਨਹੀਂ ਹੋਣ ਦੇਣਾ ਚਾਹੀਦਾ।