ਭਾਰਤ ਮੁੜ UNESCO ਦੇ ਕਾਰਜਕਾਰੀ ਬੋਰਡ ਦਾ ਚੁਣਿਆ ਗਿਆ ਮੈਂਬਰ
Thursday, Nov 18, 2021 - 04:00 PM (IST)
ਸੰਯੁਕਤ ਰਾਸ਼ਟਰ (ਭਾਸ਼ਾ)- ਭਾਰਤ ਨੂੰ ਸਾਲ 2021-25 ਲਈ ਯੂਨੈਸਕੋ ਦੇ ਕਾਰਜਕਾਰੀ ਬੋਰਡ ਦੇ ਮੈਂਬਰ ਵਜੋਂ ਮੁੜ ਚੁਣਿਆ ਗਿਆ ਹੈ। ਕਾਰਜਕਾਰੀ ਬੋਰਡ ਦੇ ਮੈਂਬਰਾਂ ਦੀ ਚੋਣ ਬੁੱਧਵਾਰ ਨੂੰ ਕੀਤੀ ਗਈ। ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਵਿਚ ਭਾਰਤ ਦੇ ਸਥਾਈ ਵਫ਼ਦ ਨੇ ਟਵੀਟ ਕੀਤਾ, "ਭਾਰਤ ਨੂੰ ਸਾਲ 2021-25 ਲਈ ਯੂਨੈਸਕੋ ਦੇ ਕਾਰਜਕਾਰੀ ਬੋਰਡ ਦਾ ਮੈਂਬਰ ਚੁਣੇ ਜਾਣ ਦੇ ਹੱਕ ਵਿਚ 164 ਵੋਟਾਂ ਮਿਲੀਆਂ।" ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀਰਵਾਰ ਨੂੰ ਇਸ ਚੋਣ ਲਈ ਪ੍ਰਸ਼ੰਸਾ ਪ੍ਰਗਟ ਕੀਤੀ ਅਤੇ ਟਵੀਟ ਕਰਕੇ ਵਿਦੇਸ਼ ਮੰਤਰਾਲਾ ਅਤੇ ਯੂਨੈਸਕੋ ਵਿਚ ਭਾਰਤ ਦੇ ਸਥਾਈ ਵਫ਼ਦ ਦੇ "ਚੰਗੇ ਕੰਮ" ਦੀ ਸ਼ਲਾਘਾ ਕੀਤੀ।
ਉਨ੍ਹਾਂ ਟਵੀਟ ਕੀਤਾ, ''ਵਿਦੇਸ਼ ਮੰਤਰਾਲਾ ਅਤੇ ਯੂਨੈਸਕੋ ਵਿਚ ਭਾਰਤ ਦੇ ਸਥਾਈ ਵਫ਼ਦ, ਤੁਸੀਂ ਸ਼ਾਨਦਾਰ ਕੰਮ ਕੀਤਾ ਹੈ।'' ਸੱਭਿਆਚਾਰ ਅਤੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਵੀਟ ਕੀਤਾ, ''ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਨੇ ਯੂਨੈਸਕੋ ਦੇ ਕਾਰਜਕਾਰੀ ਬੋਰਡ 'ਚ ਜਗ੍ਹਾ ਬਣਾ ਲਈ ਹੈ। ਸਾਡੀ ਉਮੀਦਵਾਰੀ ਦਾ ਸਮਰਥਨ ਕਰਨ ਵਾਲੇ ਸਾਰੇ ਮੈਂਬਰ ਦੇਸ਼ਾਂ ਨੂੰ ਦਿਲੋਂ ਵਧਾਈਆਂ ਅਤੇ ਧੰਨਵਾਦ।
ਇਹ ਵੀ ਪੜ੍ਹੋ : ਅਮਰੀਕਾ 'ਚ ਹਾਦਸੇ 'ਚ ਮਾਰੀ ਗਈ ਭਾਰਤੀ ਵਿਦਿਆਰਥਣ ਦਾ ਹੋਇਆ ਸਸਕਾਰ, ਜਾਂਦੇ-ਜਾਂਦੇ ਕਰ ਗਈ ਇਹ ਨੇਕ ਕੰਮ
‘ਗਰੁੱਪ ਫੋਰ ਏਸ਼ੀਆ ਐਂਡ ਪੈਸੀਫਿਕ ਕੰਟਰੀਜ਼’ ਤੋਂ ਜਾਪਾਨ, ਫਿਲੀਪੀਨਜ਼, ਵੀਅਤਨਾਮ, ਕੁੱਕ ਆਈਲੈਂਡਜ਼ ਅਤੇ ਚੀਨ ਵੀ ਕਾਰਜਕਾਰੀ ਬੋਰਡ ਦੇ ਮੈਂਬਰ ਚੁਣੇ ਗਏ ਹਨ। ਯੂਨੈਸਕੋ ਦਾ ਕਾਰਜਕਾਰੀ ਬੋਰਡ ਸੰਯੁਕਤ ਰਾਸ਼ਟਰ ਏਜੰਸੀ ਦੇ ਤਿੰਨ ਸੰਵਿਧਾਨਕ ਅੰਗਾਂ ਵਿਚੋਂ ਇਕ ਹੈ। ਇਸ ਨੂੰ ਜਨਰਲ ਕਾਨਫਰੰਸ ਰਾਹੀਂ ਚੁਣਿਆ ਜਾਂਦਾ ਹੈ। ਜਨਰਲ ਕਾਨਫਰੰਸ ਦੇ ਅਧੀਨ ਕੰਮ ਕਰਦੇ ਹੋਏ, ਇਹ ਕਾਰਜਕਾਰੀ ਬੋਰਡ ਸੰਸਥਾ ਦੇ ਪ੍ਰੋਗਰਾਮਾਂ ਅਤੇ ਡਾਇਰੈਕਟਰ-ਜਨਰਲ ਵੱਲੋਂ ਪੇਸ਼ ਕੀਤੇ ਗਏ ਸਬੰਧਤ ਬਜਟ ਅਨੁਮਾਨਾਂ ਦੀ ਜਾਂਚ ਕਰਦਾ ਹੈ। ਯੂਨੈਸਕੋ ਦੀ ਵੈੱਬਸਾਈਟ ਅਨੁਸਾਰ ਕਾਰਜਕਾਰੀ ਬੋਰਡ ਵਿਚ 58 ਮੈਂਬਰ ਦੇਸ਼ ਸ਼ਾਮਲ ਹਨ, ਜਿਨ੍ਹਾਂ ਦਾ ਕਾਰਦਕਾਲ ਚਾਰ ਸਾਲ ਦਾ ਹੁੰਦਾ ਹੈ। ਯੂਨੈਸਕੋ ਵਿਚ ਕੁੱਲ 193 ਮੈਂਬਰ ਦੇਸ਼ ਸ਼ਾਮਲ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।