ਅੱਤਵਾਦ ਨੂੰ ਉਤਸ਼ਾਹ ਦੇਣ ਵਾਲਾ ‘ਦੁਸ਼ਟ ਦੇਸ਼’ ਹੈ ਪਾਕਿਸਤਾਨ : ਭਾਰਤ
Wednesday, Apr 30, 2025 - 12:58 AM (IST)

ਜੈਨੇਵਾਸ, (ਭਾਸ਼ਾ)– ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਖੁਲ੍ਹੇਆਮ ਮੰਨਿਆ ਹੈ ਕਿ ਉਨ੍ਹਾਂ ਦੇ ਦੇਸ਼ ਦਾ ਅੱਤਵਾਦੀ ਸੰਗਠਨਾਂ ਦਾ ਸਮਰਥਨ ਤੇ ਫੰਡਿੰਗ ਕਰਨ ਦਾ ਇਤਿਹਾਸ ਰਿਹਾ ਹੈ ਅਤੇ ਇਹ ਕਬੂਲਨਾਮਾ ਉਜਾਗਰ ਕਰਦਾ ਹੈ ਕਿ ਪਾਕਿਸਤਾਨ ਵੈਸ਼ਵਿਕ ਅੱਤਵਾਦ ਨੂੰ ਉਤਸ਼ਾਹ ਦੇਣ ਵਾਲਾ ਇਕ ‘ਦੁਸ਼ਟ ਦੇਸ਼’ ਹੈ ਅਤੇ ਖੇਤਰ ਨੂੰ ਅਸਥਿਰ ਕਰ ਰਿਹਾ ਹੈ।
ਸੰਯੁਕਤ ਰਾਸ਼ਟਰ ’ਚ ਭਾਰਤ ਦੀ ਉਪ-ਸਥਾਈ ਪ੍ਰਤੀਨਿਧੀ ਰਾਜਦੂਤ ਯੋਜਨਾ ਪਟੇਲ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੇ ਅੱਤਵਾਦ ਰੋਕੂ ਦਫਤਰ ਦੇ ‘ਵਿਕਟਿਮਜ਼ ਆਫ ਟੈਰੇਰਿਜ਼ਮ ਐਸੋਸੀਏਸ਼ਨ ਨੈੱਟਵਰਕ’ (ਵੋਟਨ) ਦੇ ਡਿਜੀਟਲ-ਕਮ-ਡਾਇਰੈਕਟ (ਹਾਈਬ੍ਰਿਡ) ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਅਤੇ ਪਾਕਿਸਤਾਨ ਦੇ ਪ੍ਰਤੀਨਿਧੀ ਵੱਲੋਂ ਜੰਮੂ-ਕਸ਼ਮੀਰ ਦੇ ਪਹਿਲਗਾਮ ਅੱਤਵਾਦੀ ਹਮਲੇ ਦਾ ਜ਼ਿਕਰ ਕੀਤੇ ਜਾਣ ’ਤੇ ਆਪਣੇ ‘ਜਵਾਬ ਦੇਣ ਦੇ ਅਧਿਕਾਰ’ ਦੀ ਵਰਤੋਂ ਕਰਦੇ ਹੋਏ ਅਤੇ ਇਸ ਦਾ ਜ਼ੋਰਦਾਰ ਤਰੀਕੇ ਨਾਲ ਜਵਾਬ ਦਿੱਤਾ।
ਪਟੇਲ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਇਕ ਵਿਸ਼ੇਸ਼ ਪ੍ਰਤੀਨਿਧੀ ਨੇ ਕੂੜ-ਪ੍ਰਚਾਰ ਕਰਨ ਅਤੇ ਭਾਰਤ ਦੇ ਖਿਲਾਫ ਬੇਬੁਨਿਆਦ ਦੋਸ਼ ਲਾਉਣ ਲਈ ਇਸ ਮੰਚ ਦੀ ਦੁਰਵਰਤੋਂ ਕਰਨ ਅਤੇ ਇਸ ਨੂੰ ਕਮਜ਼ੋਰ ਕਰਨ ਦਾ ਬਦਲ ਚੁਣਿਆ ਹੈ।
ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੂੰ ਹਾਲ ਹੀ ’ਚ ਇਕ ਟੈਲੀਵਿਜ਼ਨ ਇੰਟਰਵਿਊ ’ਚ ਅੱਤਵਾਦੀ ਸੰਗਠਨਾਂ ਦਾ ਸਮਰਥਨ, ਸਿਖਲਾਈ ਅਤੇ ਫੰਡਿੰਗ ਕਰਨ ਦੇ ਪਾਕਿਸਤਾਨ ਦੇ ਇਤਿਹਾਸ ਨੂੰ ਸਵੀਕਾਰ ਕਰਦੇ ਸੁਣਿਆ ਹੈ।