ਭਾਰਤ ਦੁਨੀਆ ''ਚ ਸਥਿਰਤਾ ਲਿਆਉਣ ''ਚ ਨਿਭਾ ਸਕਦਾ ਹੈ ਅਹਿਮ ਭੂਮਿਕਾ : ਜੈਸ਼ੰਕਰ
Thursday, Sep 29, 2022 - 12:28 PM (IST)
ਵਾਸ਼ਿੰਗਟਨ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਅਜਿਹੇ ਸਮੇਂ 'ਚ ਸਥਿਰਤਾ ਲਿਆਉਣ ਅਤੇ ਇਕ ਪੁਲ ਦੀ ਭੂਮਿਕਾ ਨਿਭਾ ਸਕਦਾ ਹੈ ਜਦੋਂ ਦੁਨੀਆ 'ਚ ਉਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ ਅਤੇ ਕੌਮਾਂਤਰੀ ਭਾਈਚਾਰਾ ਚਿੰਤਤ ਹੈ। ਉਨ੍ਹਾਂ ਕਿਹਾ ਕਿ ਭਾਰਤ ਗਲੋਬਲ ਅਰਥਵਿਵਸਥਾ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਅਤੇ ਸਿਆਸੀ ਨਜ਼ਰੀਏ ਤੋਂ ਕਿਸੇ ਤਰ੍ਹਾਂ ਦੁਨੀਆ ਦੇ ਧਰੁਵੀਕਰਨ ਨੂੰ ਰੋਕਣ ਵਿਚ ਮਦਦ ਕਰ ਸਕਦਾ ਹੈ। ਜੈਸ਼ੰਕਰ ਨੇ ਬੁੱਧਵਾਰ ਨੂੰ ਭਾਰਤੀ ਪੱਤਰਕਾਰਾਂ ਦੇ ਇੱਕ ਸਮੂਹ ਨੂੰ ਕਿਹਾ, 'ਦੁਨੀਆ ਵਿੱਚ ਅਸਲ ਵਿੱਚ ਉਮੀਦ ਦੀ ਕੋਈ ਕਿਰਨ ਨਹੀਂ ਦਿੱਸ ਰਹੀ। ਮੈਨੂੰ ਲੱਗਦਾ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਬਹੁਤ ਚਿੰਤਤ ਹੈ।'
ਮੰਤਰੀ ਨੇ ਕਿਹਾ ਕਿ ਭਾਰਤ ਲਈ ਇਹ ਮੌਕਿਆਂ ਤੋਂ ਕਿਤੇ ਵੱਧ ਹੈ, ਕਿਉਂਕਿ ਇਹ ਬਹੁਤ ਮੁਸ਼ਕਲ ਸਥਿਤੀ ਹੈ। ਉਨ੍ਹਾਂ ਕਿਹਾ, 'ਮੈਨੂੰ ਲੱਗਦਾ ਹੈ ਕਿ ਭਾਰਤ ਇਸ ਦਿਸ਼ਾ 'ਚ ਯੋਗਦਾਨ ਪਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਅੱਜ ਅਸੀਂ ਸਥਿਰਤਾ ਲਿਆਉਣ ਵਿੱਚ ਇਕ ਭੂਮਿਕਾ ਨਿਭਾ ਸਕਦੇ ਹਾਂ। ਅਸੀਂ ਇੱਕ ਪੁਲ ਵਾਂਗ ਕੰਮ ਕਰ ਸਕਦੇ ਹਾਂ। ਅਸੀਂ ਕੂਟਨੀਤਕ ਤੌਰ 'ਤੇ ਇਕ ਭੂਮਿਕਾ ਨਿਭਾ ਸਕਦੇ ਹਾਂ। ਸਾਨੂੰ ਅਸਲ ਵਿੱਚ ਆਰਥਿਕ ਦ੍ਰਿਸ਼ਟੀਕੋਣ ਤੋਂ ਵੇਖਣਾ ਹੋਵੇਗਾ ਕਿ ਅਸੀਂ ਵਿਸ਼ਵਵਿਆਪੀ ਅਰਥ-ਵਿਵਸਥਾ ਲਈ ਖ਼ਤਰੇ ਨੂੰ ਘੱਟ ਕਰਨ ਵਿੱਚ ਕਿਵੇਂ ਯੋਗਦਾਨ ਪਾ ਸਕਦੇ ਹਾਂ? ਅਤੇ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਅਸੀਂ ਕਿਸੇ ਤਰ੍ਹਾਂ ਦੁਨੀਆ ਦਾ ਧਰੁਵੀਕਰਨ ਰੋਕਣ ਵਿੱਚ ਕਿਵੇਂ ਮਦਦ ਕਰ ਸਕਦੇ ਹਾਂ?" ਜੈਸ਼ੰਕਰ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਹੋਰ ਦੇਸ਼ਾਂ, ਖਾਸ ਕਰਕੇ 'ਗਲੋਬਲ ਸਾਊਥ' ਦੇ ਦੇਸ਼ਾਂ ਨੂੰ ਭਾਰਤ ਤੋਂ ਬਹੁਤ ਉਮੀਦਾਂ ਹਨ।
ਉਨ੍ਹਾਂ ਕਿਹਾ, “ਅਸੀਂ ਜੋ ਵੀ ਕਰ ਸਕਦੇ ਹਾਂ ਉਹ ਕਰਾਂਗੇ ਅਤੇ ਅਸੀਂ ਦੁਨੀਆ ਦੇ ਸਾਰੇ ਹਾਸ਼ੀਏ ਵਾਲੇ ਦੇਸ਼ਾਂ ਤੱਕ ਵੀ ਪਹੁੰਚ ਕਰਾਂਗੇ।” ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਸਾਲਾਨਾ ਇਜਲਾਸ 'ਚ ਸ਼ਾਮਲ ਹੋਣ ਲਈ ਨਿਊਯਾਰਕ 'ਚ ਆਪਣੀ ਹਾਲ ਹੀ 'ਚ ਸਮਾਪਤ ਹੋਈ ਯਾਤਰਾ ਦੌਰਾਨ ਜੈਸ਼ੰਕਰ ਨੇ ਦੁਨੀਆ ਭਰ ਦੇ ਵਿਸ਼ਵ ਨੇਤਾਵਾਂ ਅਤੇ ਉਨ੍ਹਾਂ ਦੇ ਹਮਰੁਤਬਾ ਨਾਲ ਲੱਗਭਗ 100 ਬੈਠਕਾਂ ਕੀਤੀਆਂ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਬੈਠਕਾਂ ਇਸ ਲਈ ਕੀਤੀਆਂ ਗਈਆਂ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਮਿਲਣ ਦੀ ਇੱਛਾ ਪ੍ਰਗਟਾਈ ਸੀ। ਕਈ ਦੇਸ਼ ਗੱਲਬਾਤ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ, "ਕਈ ਦੇਸ਼ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਸਨ ਕਿਉਂਕਿ ਅਜਿਹੀ ਧਾਰਨਾ ਹੈ ਕਿ ਅਸੀਂ ਵੱਡੀਆਂ ਸ਼ਕਤੀਆਂ ਦੇ ਸੰਪਰਕ ਵਿੱਚ ਹਾਂ, ਅਸੀਂ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਾਂ, ਅਸੀਂ ਇੱਕ ਵਿਚਾਰ ਨੂੰ ਰੂਪ ਦੇ ਸਕਦੇ ਹਾਂ, ਅਸੀਂ ਯੋਗਦਾਨ ਪਾ ਸਕਦੇ ਹਾਂ ...।''