ਅਮਰੀਕੀ ਸੂਬੇ 'ਚ ਚੋਣ ਲੜੇਗੀ ਭਾਰਤੀ ਮੂਲ ਦੀ ਰਜਨੀ, ਸੈਨੇਟ ਦੌੜ 'ਚ ਬਣੀ ਪਹਿਲੀ ਰਿਪਬਲਿਕਨ ਉਮੀਦਵਾਰ

Wednesday, Aug 09, 2023 - 06:15 PM (IST)

ਅਮਰੀਕੀ ਸੂਬੇ 'ਚ ਚੋਣ ਲੜੇਗੀ ਭਾਰਤੀ ਮੂਲ ਦੀ ਰਜਨੀ, ਸੈਨੇਟ ਦੌੜ 'ਚ ਬਣੀ ਪਹਿਲੀ ਰਿਪਬਲਿਕਨ ਉਮੀਦਵਾਰ

ਵਾਸ਼ਿੰਗਟਨ (ਆਈ.ਏ.ਐੱਨ.ਐੱਸ.) ਭਾਰਤ ਵਿੱਚ ਜਨਮੀ ਕਾਲਜ ਵਿਦਿਆਰਥਣ ਰਜਨੀ ਰਵਿੰਦਰਨ (40) ਨੇ ਅਮਰੀਕੀ ਰਾਜ ਵਿਸਕਾਨਸਿਨ ਵਿੱਚ ਸੈਨੇਟ ਲਈ ਆਪਣੀ ਦਾਅਵੇਦਾਰੀ ਦਾ ਐਲਾਨ ਕੀਤਾ ਹੈ। ਇਸ ਨਾਲ ਉਹ ਡੈਮੋਕ੍ਰੇਟਿਕ ਸੈਨੇਟਰ ਟੈਮੀ ਬਾਲਡਵਿਨ ਖ਼ਿਲਾਫ਼ ਅਧਿਕਾਰਤ ਤੌਰ 'ਤੇ ਚੋਣ ਲੜਨ ਵਾਲੀ ਪਹਿਲੀ ਰਿਪਬਲਿਕਨ ਬਣ ਗਈ ਹੈ। ਯੂਨੀਵਰਸਿਟੀ ਆਫ ਵਿਸਕਾਨਸਿਨ-ਸਟੀਵਨਸ ਪੁਆਇੰਟ ਕਾਲਜ ਰਿਪਬਲਿਕਨ ਦੇ ਪ੍ਰਧਾਨ ਰਵੀਨਦਰਨ ਨੇ ਮੰਗਲਵਾਰ ਨੂੰ ਪੋਰਟੇਜ ਕਾਉਂਟੀ ਵਿੱਚ 61 ਸਾਲਾ ਬਾਲਡਵਿਨ ਖ਼ਿਲਾਫ਼ ਅਧਿਕਾਰਤ ਤੌਰ 'ਤੇ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਸ ਘੋਸ਼ਣਾ ਨੇ ਰਵਿੰਦਰਨ ਨੂੰ ਵਿਸਕਾਨਸਿਨ ਵਿੱਚ ਪਹਿਲੀ ਰਿਪਬਲਿਕਨ ਸੈਨੇਟ ਦੀ ਉਮੀਦਵਾਰ ਬਣਾ ਦਿੱਤਾ ਹੈ, ਜਿਸ ਦੀਆਂ ਪ੍ਰਾਇਮਰੀ ਚੋਣਾਂ ਵਿੱਚ ਸਿਰਫ਼ ਇੱਕ ਸਾਲ ਬਾਕੀ ਹੈ। ਮੰਗਲਵਾਰ ਨੂੰ ਆਪਣੀ ਉਮੀਦਵਾਰੀ ਦਾ ਐਲਾਨ ਕਰਦੇ ਹੋਏ ਉਸਨੇ ਕਿਹਾ ਕਿ "ਮੈਂ ਬਹੁਤ ਸਾਰੇ ਸਿਆਸਤਦਾਨਾਂ, ਲਾਬਿਸਟਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਮਿਲੀ ਹਾਂ। ਉਨ੍ਹਾਂ ਵਿੱਚੋਂ ਬਹੁਤ ਸਾਰੇ 20, 30 ਅਤੇ ਇੱਥੋਂ ਤੱਕ ਕਿ 40 ਸਾਲਾਂ ਤੋਂ ਉੱਥੇ ਹਨ। ਅਸੀਂ ਉਨ੍ਹਾਂ ਨੂੰ ਚੁਣਦੇ ਹਾਂ, ਭੇਜਦੇ ਹਾਂ ਅਤੇ ਉਹ ਵਾਸ਼ਿੰਗਟਨ ਡੀਸੀ ਜਾਣ ਵਿੱਚ ਜਾ ਕੇ ਇੰਨੇ ਆਰਾਮਦੇਹ ਹੋ  ਜਾਂਦੇ ਹਨ ਕਿ ਸਾਡੇ ਬਾਰੇ ਸਭ ਕੁਝ ਭੁੱਲ ਜਾਂਦੇ ਹਨ ਕਿ ਅਸੀਂ ਉਨ੍ਹਾਂ ਨੂੰ ਉੱਥੇ ਕਿਉਂ ਭੇਜਿਆ ਹੈ।

ਤਿੰਨ ਬੱਚਿਆਂ ਦੀ ਮਾਂ ਹੈ ਰਜਨੀ

ਰਵਿੰਦਰਨ ਦੀ ਐਂਟਰੀ ਨਾਲ ਇਸ ਚੋਣ 'ਚ ਨਵਾਂ ਚਿਹਰਾ ਦੇਖਣ ਨੂੰ ਮਿਲੇਗਾ। ਤਿੰਨ ਬੱਚਿਆਂ ਦੀ ਮਾਂ ਰਜਨੀ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੋਈ ਹੈ। ਉਹ ਇਸ ਸਾਲ ਸਟੀਵਨਜ਼ ਪੁਆਇੰਟ ਕਾਲਜ ਰਿਪਬਲਿਕਨ ਵਿੱਚ ਸ਼ਾਮਲ ਹੋਈ ਅਤੇ ਇਸ ਗਰਮੀਆਂ ਦੇ ਸ਼ੁਰੂ ਵਿੱਚ ਵਾਸ਼ਿੰਗਟਨ ਦੀ ਯਾਤਰਾ ਤੋਂ ਬਾਅਦ ਹੀ ਉਸਨੇ ਸੈਨੇਟ ਲਈ ਚੋਣ ਲੜਨ ਦਾ ਫ਼ੈਸਲਾ ਕੀਤਾ। ਉਹ ਅਗਲੇ ਸਾਲ ਰਾਜਨੀਤੀ ਵਿਗਿਆਨ ਵਿੱਚ ਬੈਚਲਰ ਦੀ ਡਿਗਰੀ ਹਾਸਲ ਕਰਨ ਦੀ ਯੋਜਨਾ ਬਣਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ ਨੇ ਭਾਰਤੀਆਂ ਲਈ ਕੀਤਾ ਵੱਡਾ ਐਲਾਨ, ਹੁਣ ਮਿਲੇਗਾ 5 ਸਾਲ ਦਾ ਸ਼ੈਂਗੇਨ ਵੀਜ਼ਾ

ਸਿਆਸੀ ਪ੍ਰਣਾਲੀ ਨੂੰ ਬਦਲਣ ਦੀ ਲੋੜ

ਪਿਛਲੇ ਹਫਤੇ ਸਥਾਨਕ ਮੀਡੀਆ ਨਾਲ ਆਪਣੀ ਇੰਟਰਵਿਊ ਦੌਰਾਨ ਉਸਨੇ ਕਿਹਾ ਕਿ ਮੈਂ ਦੇਖ ਰਹੀ ਹਾਂ ਕਿ ਸਾਡੇ ਦੇਸ਼ ਵਿੱਚ ਕੀ ਹੋ ਰਿਹਾ ਹੈ। ਉਹ ਹਾਲ ਹੀ ਵਿੱਚ ਵਾਸ਼ਿੰਗਟਨ ਗਈ ਸੀ। ਉਸ ਨੇ ਕਿਹਾ ਕਿ ਮੈਨੂੰ ਅਹਿਸਾਸ ਹੋਇਆ ਕਿ ਇਨ੍ਹਾਂ ਚਮਕਦਾਰ ਚਿਹਰੇ ਵਾਲੇ ਸਿਆਸਤਦਾਨਾਂ ਦਾ ਡੀਸੀ 'ਤੇ ਕਿੰਨਾ ਦਬਦਬਾ ਹੈ। ਮੈਨੂੰ ਅਹਿਸਾਸ ਹੋਇਆ ਕਿ ਸਾਡੀ ਸਿਆਸੀ ਪ੍ਰਣਾਲੀ ਨੂੰ ਬਦਲਣ ਦੀ ਲੋੜ ਹੈ। ਸਾਨੂੰ ਤਾਜ਼ੇ ਵਿਚਾਰਾਂ ਵਾਲੇ ਕੁਝ ਨਵੇਂ ਚਿਹਰੇ ਚਾਹੀਦੇ ਹਨ। ਰਵਿੰਦਰਨ ਨੇ ਕਿਹਾ ਕਿ ਮੈਂ ਸਿਆਸਤਦਾਨ ਨਹੀਂ ਹਾਂ ਅਤੇ ਨਾ ਹੀ ਮੈਂ ਸਿਆਸਤਦਾਨ ਬਣਨਾ ਚਾਹੁੰਦੀ ਹਾਂ। ਇੱਥੇ ਦੱਸ ਦਈਏ ਕਿ ਰਵਿੰਦਰਨ 2011 ਵਿੱਚ ਭਾਰਤ ਤੋਂ ਅਮਰੀਕਾ ਚਲੀ ਗਈ ਸੀ ਅਤੇ ਉੱਥੇ ਉਸ ਨੇ ਇੱਕ ਨਰਸ ਅਤੇ ਦਾਈ ਵਜੋਂ ਵੀ ਕੰਮ ਕੀਤਾ ਸੀ। ਉਹ 2017 ਵਿੱਚ ਵਿਸਕਾਨਸਿਨ ਜਾਣ ਤੋਂ ਪਹਿਲਾਂ ਕੈਲੀਫੋਰਨੀਆ ਵਿੱਚ ਰਹਿੰਦੀ ਸੀ।

ਇਹਨਾਂ ਮੁੱਦਿਆਂ 'ਤੇ ਕਰੇਗੀ ਕੰਮ

ਉਸ ਨੇ ਕਿਹਾ ਕਿ ਮੈਂ ਇੱਕ ਆਮ ਆਦਮੀ ਹਾਂ ਜੋ ਆਮ ਲੋਕਾਂ ਦੇ ਜੀਵਨ ਹਾਲਾਤ ਨੂੰ ਜਾਣਦੀ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਰਵਿੰਦਰਨ 2015 ਵਿੱਚ ਅਮਰੀਕੀ ਨਾਗਰਿਕ ਬਣ ਗਈ ਸੀ। ਇਸਦਾ ਮਤਲਬ ਹੈ ਕਿ 2024 ਵਿੱਚ ਉਹ ਨਾਗਰਿਕਤਾ ਦੇ ਨੌਂ ਸਾਲ ਪੂਰੇ ਕਰ ਲਵੇਗੀ, ਜੋ ਕਿ ਸੈਨੇਟਰ ਬਣਨ ਲਈ ਲੋੜੀਂਦੇ ਘੱਟੋ-ਘੱਟ ਸਾਲਾਂ ਦੀ ਸੰਖਿਆ ਹੈ। ਰਵਿੰਦਰਨ ਨੇ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਸਰਹੱਦ ਨੂੰ ਸੁਰੱਖਿਅਤ ਕਰਨ ਅਤੇ ਫੈਂਟਾਨਿਲ ਵਰਗੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ 'ਤੇ ਸ਼ਿਕੰਜਾ ਕੱਸਣ, ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਅਤੇ "ਮੈਡੀਕਲ ਅਜ਼ਾਦੀ" ਦੀ ਵਕਾਲਤ ਕਰਨ 'ਤੇ ਕੇਂਦਰਿਤ ਕਰੇਗੀ। ਰਿਪਬਲਿਕਨ ਦੇ ਸਭ ਤੋਂ ਵੱਧ ਪਸੰਦੀਦਾ ਉਮੀਦਵਾਰ ਗੈਲਾਘਰ ਨੇ ਵੀ ਉਮੀਦਵਾਰੀ ਤੋਂ ਇਨਕਾਰ ਕਰ ਦਿੱਤਾ ਹੈ। ਰਵਿੰਦਰਨ ਨੇ ਕਿਹਾ ਹੈ ਕਿ ਉਸ ਨੇ 2016 ਅਤੇ 2020 ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕੀਤਾ ਸੀ ਅਤੇ 2024 ਵਿੱਚ ਦੁਬਾਰਾ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News