ਸ਼ਾਂਤੀ ਸੰਮੇਲਨ ਵਿਚ ਟਰੰਪ ਨੇ ਕਿਹਾ : ਹੁਣ ਮਿਲ-ਜੁਲ ਕੇ ਰਹਿਣਗੇ ਭਾਰਤ ਅਤੇ ਪਾਕਿਸਤਾਨ

Wednesday, Oct 15, 2025 - 05:30 AM (IST)

ਸ਼ਾਂਤੀ ਸੰਮੇਲਨ ਵਿਚ ਟਰੰਪ ਨੇ ਕਿਹਾ : ਹੁਣ ਮਿਲ-ਜੁਲ ਕੇ ਰਹਿਣਗੇ ਭਾਰਤ ਅਤੇ ਪਾਕਿਸਤਾਨ

ਸ਼ਰਮ ਅਲ-ਸ਼ੇਖ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਹੁਣ ਮਿਲ-ਜੁਲ ਕੇ ਰਹਿਣਗੇ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲ ਪਿੱਛੇ ਮੁੜ ਕੇ ਦੇਖਿਆ ਅਤੇ ਪੁੱਛਿਆ-ਅਜਿਹਾ ਹੈ ਨਾ?

ਉਨ੍ਹਾਂ ਨੇ ਇਹ ਬਿਆਨ ਮਿਸਰ ਦੇ ਸ਼ਰਮ ਅਲ-ਸ਼ੇਖ ਵਿਚ ਗਾਜ਼ਾ ਸ਼ਾਂਤੀ ਸੰਮੇਲਨ ਦੌਰਾਨ ਦਿੱਤਾ। ਸਵਾਲ ਪੁੱਛੇ ਜਾਣ ਤੋਂ ਬਾਅਦ ਟਰੰਪ ਅਤੇ ਸਟੇਜ ’ਤੇ ਮੌਜੂਦ ਹੋਰ ਨੇਤਾ ਖਿੜਖਿੜਾ ਕੇ ਹੱਸਣ ਲੱਗੇ। ਇਸ ਤੋਂ ਇਲਾਵਾ ਟਰੰਪ ਨੇ ਭਾਰਤ ਨੂੰ ਇਕ ਮਹਾਨ ਦੇਸ਼ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਚੰਗਾ ਦੋਸਤ ਦੱਸਿਆ। ਟਰੰਪ ਨੇ ਗਾਜ਼ਾ ਸ਼ਾਂਤੀ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਸਮੇਤ 20 ਤੋਂ ਵੱਧ ਦੇਸ਼ਾਂ ਨੂੰ ਸੱਦਾ ਦਿੱਤਾ ਸੀ। ਹਾਲਾਂਕਿ ਭਾਰਤ ਵੱਲੋਂ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਸੰਮੇਲਨ ’ਚ ਹਿੱਸਾ ਲਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਮਵਾਰ ਨੂੰ ਰਾਸ਼ਟਰਪਤੀ ਟਰੰਪ ਨੂੰ ਸ਼ਾਂਤੀ ਦੂਤ ਦੇ ਰੂਪ ’ਚ ਸੋਨੇ ਦਾ ਇਕ ਕਬੂਤਰ ਭੇਟ ਕੀਤਾ। ਇਹ ਇਜ਼ਰਾਈਲ ਅਤੇ ਹਮਾਸ ਵਿਚਕਾਰ ਸ਼ਾਂਤੀ ਸਮਝੌਤੇ ਦੀ ਵਿਚੋਲਗੀ ਕਰਨ ਲਈ ਟਰੰਪ ਨੂੰ ਦਿੱਤਾ ਗਿਆ।

ਟਰੰਪ ਨੇ ਸੰਮੇਲਨ ਵਿਚ ਸ਼ਾਮਲ ਹੋਣ ਪੁੱਜੀ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ਕਿਹਾ, ‘ਤੁਸੀਂ ਸੁੰਦਰ ਹੋ।’ ਇਸ ਦੌਰਾਨ ਮੇਲੋਨੀ ਸਟੇਜ ’ਤੇ ਟਰੰਪ ਦੇ ਪਿੱਛੇ ਖੜ੍ਹੀ ਸੀ। ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਅਮਰੀਕਾ ਵਿਚ ਕਿਸੇ ਔਰਤ ਨੂੰ ਸੁੰਦਰ ਕਹਿੰਦੇ ਹੋ ਤਾਂ ਤੁਹਾਡਾ ਸਿਆਸੀ ਕਰੀਅਰ ਖ਼ਤਰੇ ਵਿਚ ਪੈ ਸਕਦਾ ਹੈ ਪਰ ਮੈਂ ਜੋਖਮ ਉਠਾਵਾਂਗਾ।’’ ਇਸ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਰੇਚਪ ਤੈਯਪ ਏਰਦੋਗਨ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ਸਿਗਰਟਨੋਸ਼ੀ ਛੱਡਣ ਲਈ ਕਿਹਾ। ਇਸ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਹੱਸੇ ਅਤੇ ਕਿਹਾ, ‘‘ਇਹ ਅਸੰਭਵ ਹੈ।’’

ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਕਿਹਾ ਰਾਸ਼ਟਰਪਤੀ
ਗਾਜ਼ਾ ਸ਼ਾਂਤੀ ਸੰਮੇਲਨ ਵਿਚ ਆਪਣੇ ਭਾਸ਼ਣ ਦੌਰਾਨ ਟਰੰਪ ਨੇ ਗਲਤੀ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਰਾਸ਼ਟਰਪਤੀ ਕਹਿ ਦਿੱਤਾ। ਉਨ੍ਹਾਂ ਦੀ ਇਸ ਗੱਲ ’ਤੇ ਉੱਥੇ ਮੌਜੂਦ ਸਾਰੇ ਲੋਕ ਹੱਸ ਪਏ। ਭਾਸ਼ਣ ਤੋਂ ਬਾਅਦ ਟਰੰਪ ਅਤੇ ਕਾਰਨੀ ਨੇ ਹੱਥ ਮਿਲਾਇਆ। ਕਾਰਨੀ ਨੇ ਮੁਸਕਰਾਉਂਦੇ ਹੋਏ ਕਿਹਾ, ‘ਧੰਨਵਾਦ, ਤੁਸੀਂ ਮੈਨੂੰ ਰਾਸ਼ਟਰਪਤੀ ਬਣਾ ਦਿੱਤਾ।’ ਇਸ ’ਤੇ ਟਰੰਪ ਨੇ ਪੁੱਛਿਆ, ‘ਓਹ, ਕੀ ਮੈਂ ਇਹ ਕਿਹਾ ਸੀ?’ ਅਤੇ ਫਿਰ ਮਜ਼ਾਕ ਵਿਚ ਜਵਾਬ ਦਿੱਤਾ, ‘ਘੱਟੋ-ਘੱਟ ਮੈਂ ਤੁਹਾਨੂੰ ਰਾਜਪਾਲ ਨਹੀਂ ਕਿਹਾ।’ ਦਰਅਸਲ, ਟਰੰਪ ਨੇ ਦਸੰਬਰ 2024 ਵਿਚ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ‘ਗਵਰਨਰ ਆਫ ਦਿ ਗ੍ਰੇਟ ਸਟੇਟ ਆਫ ਕੈਨੇਡਾ’ ਕਿਹਾ ਸੀ। ਇਸ ਤੋਂ ਪਹਿਲਾਂ ਟਰੰਪ ਕੈਨੇਡਾ ਨੂੰ ਅਮਰੀਕਾ ਵਿਚ ਮਿਲਾਉਣ ਬਾਰੇ ਗੱਲ ਕਰ ਚੁੱਕੇ ਹਨ।


author

Inder Prajapati

Content Editor

Related News