ਟਰੰਪ ਦੀ ਹਮਾਸ ਨੂੰ ਚਿਤਾਵਨੀ ; 3-4 ਦਿਨਾਂ ’ਚ ਸ਼ਾਂਤੀ ਪ੍ਰਸਤਾਵ ਕਰੋ ਸਵੀਕਾਰ
Wednesday, Oct 01, 2025 - 12:45 PM (IST)

ਵਾਸ਼ਿੰਗਟਨ (ਇੰਟ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਹਮਾਸ ਨੂੰ ਉਨ੍ਹਾਂ ਦੇ ਗਾਜ਼ਾ ਸ਼ਾਂਤੀ ਪ੍ਰਸਤਾਵ ’ਤੇ ਜਵਾਬ ਦੇਣ ਲਈ ਲੱਗਭਗ 3-4 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਮਾਸ ਪ੍ਰਸਤਾਵ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਇਸ ਦੇ ਬਹੁਤ ਮਾੜੇ ਨਤੀਜੇ ਹੋਣਗੇ। ਇਸ ਦੌਰਾਨ ਹਮਾਸ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ’ਤੇ ਵਿਚਾਰ ਕਰ ਕੇ ਜਵਾਬ ਦੇਵੇਗਾ।
ਟਰੰਪ ਨੇ ਕਿਹਾ ਕਿ ਹਮਾਸ ਜਾਂ ਤਾਂ ਇਸ ਨੂੰ ਸਵੀਕਾਰ ਕਰੇਗਾ ਜਾਂ ਨਹੀਂ ਪਰ ਜੇਕਰ ਇਹ ਇਸ ਨੂੰ ਰੱਦ ਕਰਦਾ ਹੈ ਤਾਂ ਨਤੀਜੇ ਬਹੁਤ ਮਾੜੇ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਸਤਾਵ ’ਤੇ ਚਰਚਾ ਲਈ ਕੋਈ ਖਾਸ ਗੁੰਜਾਇਸ਼ ਨਹੀਂ ਬਚੀ ਹੈ। ਇਜ਼ਰਾਈਲ ਅਤੇ ਅਰਬ ਦੇਸ਼ਾਂ ਦੇ ਨੇਤਾ ਪਹਿਲਾਂ ਹੀ ਇਸ ਨੂੰ ਮਨਜ਼ੂਰੀ ਦੇ ਚੁੱਕੇ ਹਨ ਅਤੇ ਹੁਣ ਹਮਾਸ ਦੇ ਫੈਸਲੇ ਦੀ ਉਡੀਕ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਸ ਪ੍ਰਸਤਾਵ ’ਤੇ ਗੱਲਬਾਤ ਦੀ ਗੁੰਜਾਇਸ਼ ਹੈ ਤਾਂ ਟਰੰਪ ਨੇ ਕਿਹਾ, ‘ਜ਼ਿਆਦਾ ਨਹੀਂ।’
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲ ਕੀਤੀ। ਇਸ ਤੋਂ ਬਾਅਦ ਵ੍ਹਾਈਟ ਹਾਊਸ ਨੇ ਗਾਜ਼ਾ ਵਿਚ ਚੱਲ ਰਹੇ ਇਜ਼ਰਾਈਲ-ਹਮਾਸ ਯੁੱਧ ਨੂੰ ਖਤਮ ਕਰਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਸਤਾਵਿਤ ਯੋਜਨਾ ਜਾਰੀ ਕੀਤੀ। ਸੋਮਵਾਰ ਨੂੰ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਯੋਜਨਾ ਦਾ ਸਮਰਥਨ ਕੀਤਾ।
ਹਰ ਕੋਈ ਟਰੰਪ ਦੀ ਪਹਿਲਕਦਮੀ ਦਾ ਸਮਰਥਨ ਕਰੇਗਾ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਦੀ ਜੰਗਬੰਦੀ ਯੋਜਨਾ ਦਾ ਸਵਾਗਤ ਕੀਤਾ। ਮੋਦੀ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਇਹ ਯੋਜਨਾ ਫਿਲਸਤੀਨੀ ਅਤੇ ਇਜ਼ਰਾਈਲੀ ਲੋਕਾਂ ਦੇ ਨਾਲ-ਨਾਲ ਪੂਰੇ ਪੱਛਮੀ ਏਸ਼ੀਆਈ ਖੇਤਰ ਲਈ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਦਾ ਰਾਹ ਪੱਧਰਾ ਕਰੇਗੀ। ਮੋਦੀ ਨੇ ਉਮੀਦ ਪ੍ਰਗਟ ਕੀਤੀ ਕਿ ਹਰ ਕੋਈ ਟਰੰਪ ਦੀ ਪਹਿਲਕਦਮੀ ਦਾ ਅਤੇ ਟਕਰਾਅ ਨੂੰ ਖਤਮ ਕਰਨ ਅਤੇ ਸ਼ਾਂਤੀ ਯਕੀਨੀ ਬਣਾਉਣ ਦੇ ਯਤਨਾਂ ਦਾ ਸਮਰਥਨ ਕਰੇਗਾ। ਰੂਸ ਨੇ ਕਿਹਾ ਕਿ ਉਹ ਗਾਜ਼ਾ ਵਿਚ ਸ਼ਾਂਤੀ ਬਹਾਲ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਿਸੇ ਵੀ ਯਤਨ ਦਾ ਸਵਾਗਤ ਅਤੇ ਸਮਰਥਨ ਕਰਦਾ ਹੈ।