ਭਾਰਤ ਅਤੇ ਅਮਰੀਕਾ ਨੇ 2 ਮਹੱਤਵਪੂਰਨ ਸਮਝੌਤਿਆਂ ’ਤੇ ਕੀਤੇ ਦਸਤਖਤ

Saturday, Aug 24, 2024 - 10:53 AM (IST)

ਭਾਰਤ ਅਤੇ ਅਮਰੀਕਾ ਨੇ 2 ਮਹੱਤਵਪੂਰਨ ਸਮਝੌਤਿਆਂ ’ਤੇ ਕੀਤੇ ਦਸਤਖਤ

ਵਾਸ਼ਿੰਗਟਨ (ਭਾਸ਼ਾ) - ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵਾਸ਼ਿੰਗਟਨ ਦੇ ਅਧਿਕਾਰਿਕ ਦੌਰੇ ਦੌਰਾਨ ਭਾਰਤ ਅਤੇ ਅਮਰੀਕਾ ਨੇ 2 ਮਹੱਤਵਪੂਰਨ ਸਮਝੌਤਿਆਂ ’ਤੇ ਦਸਤਖਤ ਕੀਤੇ ਹਨ। ਰਾਜਨਾਥ ਸਿੰਘ ਦੋਵਾਂ ਦੇਸ਼ਾਂ ਦਰਮਿਆਨ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਲਈ ਅਮਰੀਕਾ ਦੇ ਦੌਰੇ ’ਤੇ ਪਹੁੰਚੇ ਹਨ।

ਇਹ ਸਮਝੌਤੇ ਸੁਰੱਖਿਆ ਪ੍ਰਬੰਧਾਂ ਦੀ ਸਪਲਾਈ (ਐੱਸ. ਓ. ਐੱਸ. ਏ.) ਅਤੇ ਸੰਪਰਕ ਅਧਿਕਾਰੀਆਂ ਦੀ ਨਿਯੁਕਤੀ ਸਬੰਧੀ ਸਮਝੌਤਾ ਪੱਤਰ ਨਾਲ ਸਬੰਧਤ ਹਨ। ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ‘ਐਕਸ’ ’ਤੇ ਇਕ ਪੋਸਟ ’ਚ ਇਸ ਸਮਾਗਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਅਮਰੀਕਾ ਦੌਰੇ ਦੌਰਾਨ ਵਾਸ਼ਿੰਗਟਨ ’ਚ 2 ਮਹੱਤਵਪੂਰਨ ਦਸਤਾਵੇਜ਼ਾਂ ’ਤੇ ਦਸਤਖਤ ਕੀਤੇ ਗਏ।

ਦੋਵਾਂ ਦੇਸ਼ਾਂ ਦੇ ਸੀਨੀਅਰ ਰੱਖਿਆ ਅਧਿਕਾਰੀਆਂ ਨੇ ਸੁਰੱਖਿਆ ਪ੍ਰਬੰਧਾਂ ਦੀ ਸਪਲਾਈ (ਐੱਸ. ਓ. ਐੱਸ. ਏ.) ਅਤੇ ਸੰਪਰਕ ਅਫਸਰਾਂ ਦੀ ਨਿਯੁਕਤੀ ਸਬੰਧੀ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ।

ਅਮਰੀਕੀ ਰੱਖਿਆ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਐੱਸ. ਓ. ਐੱਸ. ਏ. ਸਮਝੌਤੇ ਰਾਹੀਂ ਅਮਰੀਕਾ ਅਤੇ ਭਾਰਤ ਰਾਸ਼ਟਰੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਾਲੀਆਂ ਵਸਤਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਸਹਿਮਤ ਹੋਏ ਹਨ। ਇਸ ਦੇ ਤਹਿਤ ਦੋਵੇਂ ਦੇਸ਼ ਰਾਸ਼ਟਰੀ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਹੋਣਗੇ।

ਐੱਸ. ਓ. ਐੱਸ. ਏ. ’ਤੇ ਅਮਰੀਕਾ ਵੱਲੋਂ ਰੱਖਿਆ ਵਿਭਾਗ ਦੇ ਪ੍ਰਮੁੱਖ ਉਪ ਸਹਾਇਕ ਸਕੱਤਰ ਡਾ. ਵਿਕ ਰਾਮਦਾਸ ਅਤੇ ਰੱਖਿਆ ਮੰਤਰਾਲਾ ਵੱਲੋਂ ਐਡੀਸ਼ਨਲ ਸਕੱਤਰ ਅਤੇ ਡਾਇਰੈਕਟਰ ਜਨਰਲ ਸਮੀਰ ਕੁਮਾਰ ਸਿਨ੍ਹਾ ਨੇ ਦਸਤਖਤ ਕੀਤੇ।


author

Harinder Kaur

Content Editor

Related News