ਗਾਜ਼ਾ ਨੂੰ 2 ਹਿੱਸਿਆਂ ’ਚ ਵੰਡੇਗਾ ਅਮਰੀਕਾ, ਗ੍ਰੀਨ ਜ਼ੋਨ ’ਤੇ ਇਜ਼ਰਾਈਲ ਦਾ ਕੰਟਰੋਲ

Sunday, Nov 16, 2025 - 12:27 AM (IST)

ਗਾਜ਼ਾ ਨੂੰ 2 ਹਿੱਸਿਆਂ ’ਚ ਵੰਡੇਗਾ ਅਮਰੀਕਾ, ਗ੍ਰੀਨ ਜ਼ੋਨ ’ਤੇ ਇਜ਼ਰਾਈਲ ਦਾ ਕੰਟਰੋਲ

ਵਾਸ਼ਿੰਗਟਨ – ਅਮਰੀਕਾ ਗਾਜ਼ਾ ਪੱਟੀ ਨੂੰ 2 ਹਿੱਸਿਆਂ ਵਿਚ ਵੰਡਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਇਕ ਲੰਮੇ ਸਮੇਂ ਦਾ ਪਲਾਨ ਬਣਾਇਆ ਗਿਆ ਹੈ। ਇਕ ਹਿੱਸੇ ’ਤੇ ਇੰਟਰਨੈਸ਼ਨਲ ਫੋਰਸ (ਆਈ. ਐੱਸ. ਐੱਫ.) ਤੇ ਇਜ਼ਰਾਈਲੀ ਫੌਜ ਦਾ ਕੰਟਰੋਲ ਰਹੇਗਾ। ਇਸ ਨੂੰ ਗ੍ਰੀਨ ਜ਼ੋਨ ਕਿਹਾ ਜਾਵੇਗਾ।

ਫਿਲਸਤੀਨੀ ਆਬਾਦੀ ਵਾਲੇ ਦੂਜੇ ਹਿੱਸੇ ਨੂੰ ਫਿਲਹਾਲ ਖੰਡਰ ਦੀ ਅਵਸਥਾ ’ਚ ਹੀ ਰਹਿਣ ਦਿੱਤਾ ਜਾਵੇਗਾ। ਇਸ ਨੂੰ ਰੈੱਡ ਜ਼ੋਨ ਨਾਂ ਦਿੱਤਾ ਗਿਆ ਹੈ। ਲੱਗਭਗ ਸਾਰੇ ਫਿਲਸਤੀਨੀ ਰੈੱਡ ਜ਼ੋਨ ਵਿਚ ਭੇਜੇ ਗਏ ਹਨ। ਰਿਪੋਰਟ ਮੁਤਾਬਕ ਇਸ ਪਲਾਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਗਾਜ਼ਾ ਦੇ ਪੂਰਬੀ ਹਿੱਸੇ ਵਿਚ ਗ੍ਰੀਨ ਜ਼ੋਨ ਬਣਾਇਆ ਜਾਵੇਗਾ। ਇੱਥੇ ਇਜ਼ਰਾਈਲੀ ਫੌਜੀਆਂ ਦੇ ਨਾਲ ਵਿਦੇਸ਼ੀ ਜਵਾਨ ਵੀ ਤਾਇਨਾਤ ਕੀਤੇ ਜਾਣਗੇ ਅਤੇ ਮੁੜ-ਵਿਕਾਸ ਦਾ ਕੰਮ ਹੋਵੇਗਾ। ਅਮਰੀਕਾ ਇੱਥੇ ਤਾਇਨਾਤ ਹੋਣ ਵਾਲੀਆਂ ਕੌਮਾਂਤਰੀ ਸੁਰੱਖਿਆ ਫੋਰਸਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਰਸਮੀ ਮਨਜ਼ੂਰੀ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਯੋਜਨਾ ਮੁਤਾਬਕ ਇੱਥੇ ਸ਼ੁਰੂ ਵਿਚ 100 ਫੌਜੀ ਤਾਇਨਾਤ ਕੀਤੇ ਜਾਣਗੇ। ਬਾਅਦ ’ਚ ਇਨ੍ਹਾਂ ਦੀ ਗਿਣਤੀ ਵਧਾ ਕੇ 20 ਹਜ਼ਾਰ ਕੀਤੀ ਜਾ ਸਕਦੀ ਹੈ। ਗ੍ਰੀਨ ਜ਼ੋਨ ’ਚੋਂ ਬਾਹਰ ਜਾਣ ਦੀ ਮਨਜ਼ੂਰੀ ਕਿਸੇ ਵੀ ਵਿਦੇਸ਼ੀ ਫੌਜ ਨੂੰ ਨਹੀਂ ਹੋਵੇਗੀ।

ਖੰਡਰ ਹੋ ਚੁੱਕਾ ਪੱਛਮੀ ਗਾਜ਼ਾ ਬਣੇਗਾ ਰੈੱਡ ਜ਼ੋਨ
ਇਜ਼ਰਾਈਲ ਦੇ ਕੰਟਰੋਲ ਵਾਲੀ ਯੈਲੋ ਲਾਈਨ ਦੇ ਪੱਛਮ ਦਾ ਹਿੱਸਾ ਰੈੱਡ ਜ਼ੋਨ ਕਹਾਏਗਾ। ਇੱਥੇ ਕੋਈ ਵੀ ਮੁੜ-ਵਿਕਾਸ ਨਹੀਂ ਕੀਤਾ ਜਾਵੇਗਾ। 2 ਸਾਲ ਦੀ ਜੰਗ ਵਿਚ ਸਭ ਤੋਂ ਵੱਧ ਨੁਕਸਾਨ ਇਸੇ ਇਲਾਕੇ ਨੂੰ ਪਹੁੰਚਿਆ ਹੈ। ਇੱਥੇ ਲੱਗਭਗ 20 ਲੱਖ ਦੀ ਆਬਾਦੀ ਫਸੀ ਹੋਈ ਹੈ। ਇਹ ਪੂਰੀ ਯੋਜਨਾ ਹੁਣੇ ਜਿਹੇ ਸੀਜ਼ਫਾਇਰ ਅਤੇ ਡੋਨਾਲਡ ਟਰੰਪ ਦੇ ਵਾਅਦਿਆਂ ’ਤੇ ਸਵਾਲ ਖੜ੍ਹੇ ਕਰਦੀ ਹੈ।

ਟਰੰਪ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਗਾਜ਼ਾ ਨੂੰ ਇਕਜੁੱਟ ਕਰ ਕੇ ਫਿਲਸਤੀਨੀ ਰਾਜ ਨੂੰ ਬਹਾਲ ਕੀਤਾ ਜਾਵੇਗਾ। ਟਰੰਪ ਨੇ 13 ਅਕਤੂਬਰ ਨੂੰ ਮਿਸਰ ਦੇ ਸ਼ਹਿਰ ਸ਼ਰਮ-ਅਲ-ਸ਼ੇਖ ’ਚ ਗਾਜ਼ਾ ਸ਼ਾਂਤੀ ਸਮਝੌਤੇ ’ਤੇ ਹਸਤਾਖਰ ਕੀਤੇ ਸਨ। ਇਸ ਦੌਰਾਨ 20 ਤੋਂ ਵੱਧ ਦੇਸ਼ਾਂ ਦੇ ਨੇਤਾ ਉੱਥੇ ਮੌਜੂਦ ਸਨ ਪਰ ਇਜ਼ਰਾਈਲ ਤੇ ਹਮਾਸ ਨੂੰ ਨਹੀਂ ਦੱਸਿਆ ਗਿਆ ਸੀ।


author

Inder Prajapati

Content Editor

Related News