ਬੱਚੇ ਨਹੀਂ ਪੈਦਾ ਕਰ ਪਾ ਰਹੇ ਲੋਕ! ਖਾਲੀ ਹੋਣ ਵਾਲਾ ਹੈ ਭਾਰਤ ਦਾ ਗੁਆਂਢੀ ਦੇਸ਼

Tuesday, Apr 15, 2025 - 07:13 PM (IST)

ਬੱਚੇ ਨਹੀਂ ਪੈਦਾ ਕਰ ਪਾ ਰਹੇ ਲੋਕ! ਖਾਲੀ ਹੋਣ ਵਾਲਾ ਹੈ ਭਾਰਤ ਦਾ ਗੁਆਂਢੀ ਦੇਸ਼

ਵੈੱਬ ਡੈਸਕ - ਜਾਪਾਨ ’ਚ ਆਬਾਦੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਦੇਸ਼ ਦੀ ਕੁੱਲ ਆਬਾਦੀ ਅਕਤੂਬਰ 2024 ਤੱਕ ਘਟ ਕੇ 120.3 ਮਿਲੀਅਨ (12 ਕਰੋੜ 3 ਲੱਖ) ਹੋਣ ਦੀ ਉਮੀਦ ਹੈ। ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਹ ਪਿਛਲੇ ਸਾਲ ਦੇ ਮੁਕਾਬਲੇ 8.98 ਲੱਖ ਦੀ ਵੱਡੀ ਗਿਰਾਵਟ ਹੈ। ਇਹ ਗਿਰਾਵਟ ਇੰਨੀ ਵੱਡੀ ਹੈ ਕਿ ਇਸ ਨੂੰ 1950 ਤੋਂ ਬਾਅਦ ਹੁਣ ਤੱਕ ਦੇ ਅੰਕੜਿਆਂ ’ਚ ਸਭ ਤੋਂ ਵੱਧ ਮੰਨਿਆ ਜਾਂਦਾ ਹੈ। ਜਾਪਾਨ ਦੀ ਜਨਮ ਦਰ ਹੁਣ ਦੁਨੀਆ ’ਚ ਸਭ ਤੋਂ ਘੱਟ ਹੈ। ਇਸ ਦਾ ਸਿੱਧਾ ਅਸਰ ਦੇਸ਼ ਦੇ ਕਾਰਜਬਲ 'ਤੇ ਪਿਆ ਹੈ। ਦੇਸ਼ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਰਹੀ ਹੈ। ਜਿਸ ਕਾਰਨ ਕੰਪਨੀਆਂ ਨੂੰ ਕਰਮਚਾਰੀਆਂ ਦੀ ਭਰਤੀ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਖਪਤਕਾਰਾਂ ਦੀ ਗਿਣਤੀ ਵੀ ਘੱਟ ਰਹੀ ਹੈ। ਇਸਦਾ ਸਿੱਧਾ ਅਸਰ ਜਾਪਾਨ ਦੀ ਆਰਥਿਕਤਾ 'ਤੇ ਪੈ ਰਿਹਾ ਹੈ।

ਸਰਕਾਰ ਵੱਲੋਂ ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹਯਾਸ਼ੀ ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਜਨਮ ਦਰ ਵੀ ਘੱਟ ਰਹੀ ਹੈ ਕਿਉਂਕਿ ਜੋ ਲੋਕ ਬੱਚੇ ਪੈਦਾ ਕਰਨਾ ਚਾਹੁੰਦੇ ਹਨ ਉਹ ਆਰਥਿਕ ਕਾਰਨਾਂ ਕਰਕੇ ਅਜਿਹਾ ਕਰਨ ਦੇ ਯੋਗ ਨਹੀਂ ਹਨ। ਜੇਕਰ ਅਸੀਂ ਵਿਦੇਸ਼ੀ ਨਾਗਰਿਕਾਂ ਨੂੰ ਸ਼ਾਮਲ ਕਰੀਏ, ਤਾਂ ਜਾਪਾਨ ਦੀ ਕੁੱਲ ਆਬਾਦੀ 123.8 ਮਿਲੀਅਨ (12 ਕਰੋੜ 38 ਲੱਖ) ਤੱਕ ਪਹੁੰਚ ਗਈ ਹੈ। ਇਹ ਲਗਾਤਾਰ 14ਵਾਂ ਸਾਲ ਹੈ ਜਦੋਂ ਦੇਸ਼ ਦੀ ਆਬਾਦੀ ’ਚ ਗਿਰਾਵਟ ਆਈ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਜਾਪਾਨ ਹੁਣ ਤੱਕ ਆਪਣੇ ਆਬਾਦੀ ਸੰਕਟ ਨੂੰ ਦੂਰ ਕਰਨ ਵਿੱਚ ਅਸਫਲ ਰਿਹਾ ਹੈ। ਇਕ ਹੋਰ ਵੱਡਾ ਕਾਰਨ ਇਹ ਹੈ ਕਿ ਜਪਾਨ ’ਚ ਨੌਜਵਾਨ ਦੇਰ ਨਾਲ ਵਿਆਹ ਕਰਵਾ ਰਹੇ ਹਨ। ਉਹ ਬੱਚਿਆਂ ਬਾਰੇ ਸੋਚਣ ’ਚ ਵੀ ਦੇਰੀ ਕਰ ਰਹੇ ਹਨ। ਅਨਿਸ਼ਚਿਤ ਨੌਕਰੀ ਦੀ ਸਥਿਤੀ, ਜੀਵਨ ਸ਼ੈਲੀ ’ਚ ਬਦਲਾਅ ਅਤੇ ਸਮਾਜਿਕ ਸੋਚ ’ਚ ਬਦਲਾਅ ਕਾਰਨ ਲੋਕ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਬਚ ਰਹੇ ਹਨ। ਹੁਣ ਵਿਆਹ ਅਤੇ ਪਰਿਵਾਰ ਨੂੰ ਪਹਿਲਾਂ ਵਾਂਗ ਮਹੱਤਵਪੂਰਨ ਨਹੀਂ ਮੰਨਿਆ ਜਾਂਦਾ।

ਕਾਮਿਆਂ ਦੀ ਘਾਟ ਨੂੰ ਦੇਖਦੇ ਹੋਏ, ਜਾਪਾਨ ਨੇ ਕਿਰਤ ਸ਼ਕਤੀ ਦੀ ਘਾਟ ਨੂੰ ਪੂਰਾ ਕਰਨ ਲਈ ਵਿਦੇਸ਼ੀ ਨੌਜਵਾਨਾਂ ਵੱਲ ਰੁਖ਼ ਕੀਤਾ ਹੈ। ਪਰ ਜਾਪਾਨ ਦੀ ਇਮੀਗ੍ਰੇਸ਼ਨ ਨੀਤੀ ਅਜੇ ਵੀ ਸਖ਼ਤ ਹੈ। ਵਿਦੇਸ਼ੀ ਕਾਮਿਆਂ ਨੂੰ ਸਿਰਫ਼ ਅਸਥਾਈ ਤੌਰ 'ਤੇ ਆਉਣ ਦੀ ਇਜਾਜ਼ਤ ਹੈ। ਹਯਾਸ਼ੀ ਨੇ ਕਿਹਾ ਕਿ ਸਰਕਾਰ ਹੁਣ ਨੌਜਵਾਨਾਂ ਲਈ ਤਨਖਾਹ ਵਧਾਉਣ ਅਤੇ ਬੱਚਿਆਂ ਦੀ ਪਰਵਰਿਸ਼ ਲਈ ਸਹਾਇਤਾ ਪ੍ਰਦਾਨ ਕਰਨ ਵੱਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਅਜਿਹੇ ਸਮਾਜ ਦੀ ਕਲਪਨਾ ਕਰ ਰਹੇ ਹਾਂ ਜਿੱਥੇ ਬੱਚੇ ਪੈਦਾ ਕਰਨਾ ਅਤੇ ਪਾਲਣ-ਪੋਸ਼ਣ ਕਰਨਾ ਚਾਹੁੰਦੇ ਲੋਕ... ਅਜਿਹਾ ਆਰਾਮ ਨਾਲ ਕਰ ਸਕਦੇ ਹਨ।


author

Sunaina

Content Editor

Related News