ਇਟਲੀ ਵਿਖੇ ਧੂਮ-ਧਾਮ ਨਾਲ ਮਨਾਇਆ ਭਾਰਤ ਦਾ 72ਵਾਂ ਆਜ਼ਾਦੀ ਦਿਵਸ
Wednesday, Aug 15, 2018 - 07:27 PM (IST)
ਰੋਮ (ਕੈਂਥ)— ਇਟਲੀ ਦੀ ਰਾਜਧਾਨੀ ਰੋਮ ਸਥਿਤ ਭਾਰਤੀ ਅੰਬੈਂਸੀ ਦੇ ਸਮੂਹ ਸਟਾਫ਼ ਅਤੇ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਭਾਰਤ ਦਾ 72ਵਾਂ ਆਜ਼ਾਦੀ ਦਿਵਸ ਬਹੁਤ ਹੀ ਉਤਸਾਹ ਅਤੇ ਜੋਸ਼ ਨਾਲ ਮਾਨਯੋਗ ਭਾਰਤੀ ਅੰਬੈਂਸੀ ਰੋਮ ਦੀ ਅੰਬੈਸਡਰ ਮੈਡਮ ਰੀਨਤ ਸੰਧੂ ਦੇ ਗ੍ਰਹਿ ਵਿਖੇ ਮਨਾਇਆ ਗਿਆ । ਇਸ ਮੌਕੇ ਭਾਰਤੀ ਅੰਬੈਂਸੀ ਰੋਮ ਦੀ ਅੰਬੈਸਡਰ ਮੈਡਮ ਰੀਨਤ ਸੰਧੂ ਵੱਲੋਂ ਤਿੰਰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਜਿਸ ਉਪੰਰਤ ਦੇਸ਼ ਦਾ ਰਾਸ਼ਟਰੀ ਗੀਤ ਜਨ ਗਣ ਮਨ ਹਾਜ਼ਰੀਨ ਭਾਰਤੀਆਂ ਵੱਲੋਂ ਬਹੁਤ ਹੀ ਸਤਿਕਾਰ ਅਤੇ ਪਿਆਰ ਨਾਲ ਗਾਇਆ ਗਿਆ । ਇਸ ਮੌਕੇ ਮੈਡਮ ਸੰਧੂ ਜੀ ਹੁਰਾਂ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਜੀ ਦਾ ਰਾਸ਼ਟਰ ਦੇ ਨਾਂਅ ਸੰਦੇਸ਼ ਵੀ ਪੜ੍ਹਕੇ ਸੁਣਾਇਆ ਗਿਆ । ਦੇਸ਼ ਦੇ ਇਸ 72ਵੇਂ ਆਜ਼ਾਦੀ ਦਿਵਸ ਵਿੱਚ ਵੱਡਿਆਂ ਦੇ ਨਾਲ-ਨਾਲ ਮੰਨੇ-ਮੁੰਨੇ ਬੱਚਿਆਂ ਨੇ ਸਮੂਲੀਅਤ ਕੀਤੀ । ਇਸ ਮੌਕੇ ਮੈਡਮ ਰੀਨਤ ਸੰਧੂ ਜੀ ਨੇ ਇਟਲੀ ਦੇ ਭਾਰਤੀਆਂ ਨੂੰ 72ਵੇਂ ਆਜ਼ਾਦੀ ਦਿਵਸ ਦੀਆਂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਟਲੀ ਵਿੱਚ ਭਾਰਤੀ ਲੋਕ ਮਿਹਨਤ ਕਰਕੇ ਜਿੰਦਗੀ ਬਸਰ ਕਰ ਰਹੇ ਹਨ ਅਤੇ ਪਿਛਲੇ ਸਮੇਂ ਨਾਲੋਂ ਇਸ ਸਮੇਂ ਇਟਲੀ ਵਿੱਚ ਭਾਰਤੀਆਂ ਦੀ ਗਿਣਤੀ ਵਧੀ ਹੈ ਕਿਉਂਕਿ ਇੱਥੇ ਸਭ ਨੂੰ ਰਲ-ਮਿਲਕੇ ਕੰਮ ਕਰਨ ਦੇ ਜ਼ਿਆਦਾ ਅਵਸਰ ਮਿਲਦੇ ਹਨ । ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਅੱਜ ਸਾਡੇ ਮਹਾਨ ਭਾਰਤ ਨੂੰ ਆਜ਼ਾਦੀ ਮਿਲੀ ਸੀ ਉਹਨਾਂ ਵੱਲੋਂ ਇਟਲੀ ਦੇ ਸਭ ਭਾਰਤੀਆਂ ਨੂੰ ਆਜ਼ਾਦੀ ਦਿਵਸ ਦੀ ਬਹੁਤ ਜ਼ਿਆਦਾ ਵਧਾਈ ਹੈ । ਇਸ ਮੌਕੇ ਭਾਰਤੀ ਅੰਬੈਂਸੀ ਰੋਮ ਦੇ ਅਵਿਨਾਸ਼ ਗੁਪਤਾ ਵੱਲੋਂ ਦੇਸ਼ ਭਗਤੀ ਦਾ ਗੀਤ“ ਬੰਦੇ ਮਾਤਰਮ“ ਵੀ ਗਾਇਆ ਗਿਆ । ਰੋਮ ਵਿਖੇ ਮਨਾਏ ਭਾਰਤ ਦੇ 72ਵੇਂ ਆਜ਼ਾਦੀ ਦਿਵਸ ਮੌਕੇ ਭਾਰਤੀ ਭਾਈਚਾਰੇ ਤੋਂ ਇਲਾਵਾ ਹੋਰ ਦੇਸ਼ਾਂ ਦੇ ਲੋਕਾਂ ਨੇ ਸਿਰਕਤ ਕੀਤੀ।