ਭਾਰਤੀ ਔਰਤਾਂ ਦੀ ਹਰ ਮਦਦ ਲਈ ਟੋਰਾਂਟੋ ''ਚ ''One Stop Centre'' ਸ਼ੁਰੂ, ਵਿੱਤੀ ਸਹਾਇਤਾ ਦੀ ਵੀ ਸਹੂਲਤ

Wednesday, Jan 07, 2026 - 01:40 PM (IST)

ਭਾਰਤੀ ਔਰਤਾਂ ਦੀ ਹਰ ਮਦਦ ਲਈ ਟੋਰਾਂਟੋ ''ਚ ''One Stop Centre'' ਸ਼ੁਰੂ, ਵਿੱਤੀ ਸਹਾਇਤਾ ਦੀ ਵੀ ਸਹੂਲਤ

ਟੋਰਾਂਟੋ : ਕੈਨੇਡਾ ਦੇ ਟੋਰਾਂਟੋ 'ਚ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਮੁਸੀਬਤ ਵਿੱਚ ਫਸੀਆਂ ਭਾਰਤੀ ਮਹਿਲਾਵਾਂ ਦੀ ਮਦਦ ਲਈ ਸਥਾਪਿਤ ਕੀਤਾ ਗਿਆ 'ਵਨ ਸਟਾਪ ਸੈਂਟਰ ਫਾਰ ਵੂਮੈਨ' (OSCW) ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਗਿਆ ਹੈ। ਇਹ ਕੇਂਦਰ ਕੈਨੇਡਾ 'ਚ ਭਾਰਤੀ ਮਹਿਲਾ ਨਾਗਰਿਕਾਂ ਨੂੰ ਇੱਕ ਸੁਰੱਖਿਅਤ ਤੇ ਸੰਮਲਿਤ ਮਾਹੌਲ ਪ੍ਰਦਾਨ ਕਰਦੇ ਹੋਏ ਲੋੜੀਂਦੀ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ।

ਕਿਸ ਨੂੰ ਮਿਲੇਗੀ ਸਹਾਇਤਾ?
ਟੋਰਾਂਟੋ ਵਿੱਚ ਭਾਰਤ ਦੇ ਕਾਰਜਕਾਰੀ ਕੌਂਸਲ ਜਨਰਲ ਕਪਿਧਵਜ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਕੇਂਦਰ ਕੈਨੇਡੀਅਨ ਅਤੇ ਭਾਰਤੀ ਅਧਿਕਾਰੀਆਂ ਵਿਚਕਾਰ ਇੱਕ ਪੁਲ ਵਜੋਂ ਕੰਮ ਕਰੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਕੇਂਦਰ ਦਾ ਲਾਭ ਕੈਨੇਡਾ ਵਿੱਚ ਰਹਿ ਰਹੀਆਂ ਪੀ.ਆਰ. (PR) ਧਾਰਕ ਭਾਰਤੀ ਮੂਲ ਦੀਆਂ ਔਰਤਾਂ ਦੇ ਨਾਲ-ਨਾਲ ਵਿਜ਼ਟਰ, ਵਰਕਰ ਅਤੇ ਵਿਦਿਆਰਥੀ ਵੀ ਲੈ ਸਕਦੇ ਹਨ। ਸਿੰਘ ਅਨੁਸਾਰ, ਸੱਭਿਆਚਾਰਕ ਅਤੇ ਸਮਾਜਿਕ ਰੁਕਾਵਟਾਂ ਕਾਰਨ ਕਈ ਵਾਰ ਔਰਤਾਂ ਖੁੱਲ੍ਹ ਕੇ ਆਪਣੀ ਗੱਲ ਨਹੀਂ ਕਰ ਪਾਉਂਦੀਆਂ, ਜਿਸ ਕਾਰਨ ਉਹ ਮਦਦ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ।

ਇਨ੍ਹਾਂ ਸਮੱਸਿਆਵਾਂ ਦਾ ਹੋਵੇਗਾ ਹੱਲ
ਇਹ ਕੇਂਦਰ ਭਾਰਤੀ ਔਰਤਾਂ ਨੂੰ ਕਈ ਗੰਭੀਰ ਮੁੱਦਿਆਂ 'ਤੇ ਸਹਾਇਤਾ ਪ੍ਰਦਾਨ ਕਰੇਗਾ, ਜਿਨ੍ਹਾਂ ਵਿੱਚ ਸ਼ਾਮਲ ਹਨ:
• ਘਰੇਲੂ ਹਿੰਸਾ, ਦਾਜ ਅਤੇ ਸ਼ੋਸ਼ਣ।
• ਪਰਿਵਾਰਕ ਝਗੜੇ, ਤਿਆਗ ਅਤੇ ਕਾਨੂੰਨੀ ਚੁਣੌਤੀਆਂ।

ਮਿਲਣ ਵਾਲੀਆਂ ਸਹੂਲਤਾਂ
ਕੇਂਦਰ ਵੱਲੋਂ ਪ੍ਰਭਾਵਿਤ ਔਰਤਾਂ ਨੂੰ ਕਾਨੂੰਨੀ, ਵਿੱਤੀ ਅਤੇ ਭਾਵਨਾਤਮਕ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਕੇਂਦਰ ਵੱਲੋਂ ਤੁਰੰਤ ਕੌਂਸਲਿੰਗ, ਮਨੋ-ਸਮਾਜਿਕ ਸਹਾਇਤਾ ਅਤੇ ਕਾਨੂੰਨੀ ਸਲਾਹ-ਮਸ਼ਵਰੇ ਲਈ ਤਾਲਮੇਲ ਵੀ ਕੀਤਾ ਜਾਵੇਗਾ। ਕੌਂਸਲੇਟ ਜਨਰਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਕੇਂਦਰ ਦੀ ਸਾਰੀ ਕਾਰਵਾਈ ਕੈਨੇਡਾ ਦੇ ਸਥਾਨਕ ਕਾਨੂੰਨਾਂ ਦੇ ਅਧੀਨ ਹੋਵੇਗੀ।

ਮਿਲ ਰਿਹੈ ਭਰਵਾਂ ਹੁੰਗਾਰਾ
26 ਦਸੰਬਰ, 2025 ਨੂੰ ਸਥਾਪਿਤ ਕੀਤੇ ਗਏ ਇਸ ਕੇਂਦਰ ਨੂੰ ਪਹਿਲੇ ਕੁਝ ਦਿਨਾਂ ਵਿੱਚ ਹੀ ਭਰਵਾਂ ਹੁੰਗਾਰਾ ਮਿਲਿਆ ਹੈ। ਕਪਿਧਵਜ ਪ੍ਰਤਾਪ ਸਿੰਘ ਅਨੁਸਾਰ, ਹੁਣ ਤੱਕ ਇੱਕ ਦਰਜਨ ਤੋਂ ਵੱਧ ਔਰਤਾਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਇਸ ਕੇਂਦਰ ਤੱਕ ਪਹੁੰਚ ਕਰ ਚੁੱਕੀਆਂ ਹਨ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਕੇਂਦਰ ਲੋੜਵੰਦ ਔਰਤਾਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News