ਭਾਰਤ ਅਤੇ ਚੀਨ ਮੁੱਦਿਆਂ ਦੇ ਹੱਲ ਦਾ ਰਸਤਾ ਲੱਭ ਲੈਣਗੇ : ਪੁਤਿਨ
Saturday, Jun 05, 2021 - 05:00 PM (IST)
ਮਾਸਕੋ (ਵਾਰਤਾ) : ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਹੈ ਕਿ ਚੀਨ ਅਤੇ ਭਾਰਤ ਆਪਣੇ ਵਿਚਾਲੇ ਦੇ ਮੁੱਦਿਆਂ ਦੇ ਹੱਲ ਲਈ ਰਸਤਾ ਲੱਭ ਲੈਣਗੇ ਅਤੇ ਗੈਰ-ਖੇਤਰੀ ਸ਼ਕਤੀਆਂ ਨੂੰ ਇਸ ਵਿਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਪੁਤਿਨ ਨੇ ਸ਼ੁੱਕਰਵਾਰ ਨੂੰ ਸੈਂਟ ਪੀਟਰਸਬਰਗ ਇੰਟਰਨੈਸ਼ਨਲ ਇਕੋਨਾਮਿਕ ਫੋਰਮ (ਐਸ.ਪੀ.ਆਈ.ਈ.ਐਫ.) ਵਿਚ ਅੰਤਰਰਾਸ਼ਟਰੀ ਸਮਾਚਾਰ ਏਜੰਸੀਆਂ ਦੇ ਪ੍ਰਮੁੱਖਾਂ ਨਾਲ ਬੈਠਕ ਦੌਰਾਨ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬਹੁਤ ਜ਼ਿੰਮੇਦਾਰ ਲੋਕ ਹਨ ਅਤੇ ਇਕ-ਦੂਜੇ ਨਾਲ ਵਿਅਕਤੀਗਤ ਰੂਪ ਨਾਲ ਬਹੁਤ ਸਨਮਾਨ ਨਾਲ ਵਿਵਹਾਰ ਕਰਦੇ ਹਨ।
ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਹ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਹੱਲ ਕਰਨ ਦੇ ਉਪਾਅ ਲੱਭ ਲੈਣਗੇ। ਮੁੱਖ ਗੱਲ ਇਹ ਹੈ ਕਿ ਗੈਰ-ਖੇਤਰੀ ਸ਼ਕਤੀਆਂ ਇਸ ਵਿਚ ਦਖ਼ਲਅੰਦਾਜ਼ੀ ਨਾ ਕਰਨ।’ ਪੂਰਬੀ ਲੱਦਾਖ ਵਿਚ ਸਰਹੱਦ ਸਬੰਧਤ ਮੌਜੂਦਾ ਰੁਕਾਵਟ ਨੂੰ ਖ਼ਤਮ ਕਰਨ ਲਈ ਭਾਰਤ ਅਤੇ ਚੀਨ ਵਿਚਾਲੇ ਹੁਣ ਤੱਕ ਕੋਰ ਕਮਾਂਡਰ-ਪੱਧਰ ਦੀ ਗੱਲਬਾਤ ਦੇ 10 ਤੋਂ ਜ਼ਿਆਦਾ ਦੌਰ ਹੋ ਚੁੱਕੇ ਹਨ।