ਭਾਰਤ ਤੇ ਬੰਗਲਾਦੇਸ਼ ਦੇ ਵਿਦੇਸ਼ ਸਕੱਤਰਾਂ ਨੇ ਸਬੰਧਾਂ ''ਚ ਤਣਾਅ ਦਰਮਿਆਨ ਢਾਕਾ ''ਚ ਕੀਤੀ ਮੁਲਾਕਾਤ

Monday, Dec 09, 2024 - 05:04 PM (IST)

ਭਾਰਤ ਤੇ ਬੰਗਲਾਦੇਸ਼ ਦੇ ਵਿਦੇਸ਼ ਸਕੱਤਰਾਂ ਨੇ ਸਬੰਧਾਂ ''ਚ ਤਣਾਅ ਦਰਮਿਆਨ ਢਾਕਾ ''ਚ ਕੀਤੀ ਮੁਲਾਕਾਤ

ਢਾਕਾ (ਭਾਸ਼ਾ) : ਸਬੰਧਾਂ ਵਿਚ ਤਣਾਅ ਦਰਮਿਆਨ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸੋਮਵਾਰ ਨੂੰ ਇੱਥੇ ਆਪਣੇ ਬੰਗਲਾਦੇਸ਼ੀ ਹਮਰੁਤਬਾ ਮੁਹੰਮਦ ਜਸ਼ੀਮੁਦੀਨ ਨਾਲ ਮੁਲਾਕਾਤ ਕੀਤੀ। ਅਗਸਤ 'ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਨੂੰ ਬੇਦਖਲ ਕਰਨ ਤੋਂ ਬਾਅਦ ਭਾਰਤ ਤੋਂ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੈ।

ਹਸੀਨਾ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਬੰਗਲਾਦੇਸ਼ 'ਚ ਹਿੰਦੂਆਂ ਸਮੇਤ ਘੱਟ ਗਿਣਤੀਆਂ 'ਤੇ ਹਮਲਿਆਂ ਨੂੰ ਲੈ ਕੇ ਨਵੀਂ ਦਿੱਲੀ ਅਤੇ ਢਾਕਾ ਵਿਚਾਲੇ ਰਿਸ਼ਤਿਆਂ 'ਚ ਵਧਦੇ ਤਣਾਅ ਦੇ ਵਿਚਕਾਰ ਮਿਸਰੀ ਦਾ ਦੌਰਾ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਿਸਰੀ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਢਾਕਾ ਪਹੁੰਚੇ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਹਵਾਈ ਅੱਡੇ 'ਤੇ ਭਾਰਤੀ ਹਾਈ ਕਮਿਸ਼ਨਰ ਪ੍ਰਣਯ ਵਰਮਾ ਵੀ ਮੌਜੂਦ ਸਨ। ਇੱਥੇ ਪਹੁੰਚਣ ਤੋਂ ਤੁਰੰਤ ਬਾਅਦ ਮਿਸਰੀ ਨੇ ਜਸ਼ੀਮੁਦੀਨ ਨਾਲ ਮੀਟਿੰਗ ਕੀਤੀ।

ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਾਡੇ ਵਿਦੇਸ਼ ਸਕੱਤਰ ਜਸ਼ੀਮੁਦੀਨ ਅਤੇ ਉਨ੍ਹਾਂ ਦੇ ਹਮਰੁਤਬਾ ਵਿਕਰਮ ਮਿਸਰੀ ਦਰਮਿਆਨ ਮੀਟਿੰਗ ਸਟੇਟ ਗੈਸਟ ਹਾਊਸ 'ਚ ਤੈਅ ਪ੍ਰੋਗਰਾਮ ਅਨੁਸਾਰ ਹੋ ਰਹੀ ਹੈ। ਪਹਿਲਾਂ ਉਨ੍ਹਾਂ ਨੇ ਸੰਖੇਪ ਆਹਮੋ-ਸਾਹਮਣੇ ਗੱਲਬਾਤ ਕੀਤੀ ਤੇ ਫਿਰ ਦੋਵਾਂ ਪੱਖਾਂ ਦੇ ਪ੍ਰਤੀਨਿਧੀਆਂ ਨਾਲ ਰਸਮੀ ਮੀਟਿੰਗਾਂ ਸ਼ੁਰੂ ਹੋਈਆਂ। ਅਧਿਕਾਰੀ ਨੇ ਕਿਹਾ ਕਿ ਬੰਗਲਾਦੇਸ਼ੀ ਪੱਖ ਸੋਮਵਾਰ ਨੂੰ ਗੱਲਬਾਤ ਬਾਰੇ ਮੀਡੀਆ ਨੂੰ ਜਾਣਕਾਰੀ ਦੇਵੇਗਾ, ਜਿਸ ਵਿੱਚ ਦੁਵੱਲੇ ਸਬੰਧਾਂ ਦੇ ਸਾਰੇ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।

ਮਿਸਰੀ ਬੰਗਲਾਦੇਸ਼ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮੁਹੰਮਦ ਤੌਹੀਦ ਹੁਸੈਨ ਨਾਲ ਵੀ ਮੁਲਾਕਾਤ ਕਰਨਗੇ। ਉਹ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਪ੍ਰੋਫੈਸਰ ਮੁਹੰਮਦ ਯੂਨਸ ਨਾਲ ਵੀ ਰਸਮੀ ਮੁਲਾਕਾਤ ਕਰਨ ਵਾਲੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਢਾਕਾ ਕੋਲ ਹਿੰਦੂਆਂ 'ਤੇ ਹਮਲਿਆਂ ਸਬੰਧੀ ਭਾਰਤ ਦੀਆਂ ਚਿੰਤਾਵਾਂ ਨੂੰ ਉਠਾਉਣਗੇ। ਅਗਸਤ ਵਿੱਚ, ਵੱਡੇ ਪੱਧਰ 'ਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਸੀ। ਹਸੀਨਾ ਦੇ ਭਾਰਤ ਵਿਚ ਸ਼ਰਨ ਲੈਣ ਤੋਂ ਕੁਝ ਦਿਨ ਬਾਅਦ ਹੀ ਯੂਨਸ ਨੇ ਅੰਤਰਿਮ ਸਰਕਾਰ ਦੀ ਵਾਗਡੋਰ ਸੰਭਾਲੀ ਸੀ। ਗੁਆਂਢੀ ਦੇਸ਼ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧ ਤਣਾਅਪੂਰਨ ਹੋ ਗਏ ਹਨ।

ਬੰਗਲਾਦੇਸ਼ 'ਚ ਹਿੰਦੂਆਂ 'ਤੇ ਹਮਲਿਆਂ ਅਤੇ ਹਿੰਦੂ ਸੰਤ ਚਿਨਮੋਏ ਕ੍ਰਿਸ਼ਨ ਦਾਸ ਦੀ ਗ੍ਰਿਫਤਾਰੀ ਤੋਂ ਬਾਅਦ ਹਾਲ ਹੀ ਦੇ ਹਫਤਿਆਂ 'ਚ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਹੋਰ ਤਣਾਅਪੂਰਨ ਹੋ ਗਏ ਹਨ। ਤ੍ਰਿਪੁਰਾ ਦੇ ਅਗਰਤਲਾ ਸਥਿਤ ਬੰਗਲਾਦੇਸ਼ ਸਬ ਹਾਈ ਕਮਿਸ਼ਨ ਵਿੱਚ ਪ੍ਰਦਰਸ਼ਨਕਾਰੀਆਂ ਦੇ ਜ਼ਬਰਦਸਤੀ ਦਾਖ਼ਲ ਹੋਣ ਦੇ ਮੁੱਦੇ ਨੇ ਵੀ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪ੍ਰਭਾਵਿਤ ਕੀਤਾ। ਪਿਛਲੇ ਕੁਝ ਹਫ਼ਤਿਆਂ ਵਿੱਚ, ਗੁਆਂਢੀ ਦੇਸ਼ ਵਿੱਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਵਿਰੁੱਧ ਹਿੰਸਾ ਦੇ ਨਾਲ-ਨਾਲ ਮੰਦਰਾਂ 'ਤੇ ਹਮਲਿਆਂ ਦੀਆਂ ਘਟਨਾਵਾਂ ਹੋਈਆਂ ਹਨ, ਜਿਸ ਕਾਰਨ ਨਵੀਂ ਦਿੱਲੀ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ।


author

Baljit Singh

Content Editor

Related News