ਬ੍ਰਿਸਬੇਨ ''ਚ ਇੰਡੋਜ਼ ਡੋਜ਼ ਪੰਜਾਬੀ ਸਿਹਤ ਸਭਾ ਵਲੋਂ ਕਵੀ ਦਰਬਾਰ ਆਯੋਜਿਤ

06/07/2017 6:17:58 PM

ਬ੍ਰਿਸਬੇਨ (ਸੁਰਿੰਦਰਪਾਲ ਖੁਰਦ)-ਆਸਟ੍ਰੇਲੀਆ ਦੀ ਨਾਮਵਾਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਮਹੀਨੇਵਾਰ ਕਵੀ ਦਰਬਾਰ ਇਨਾਲਾ ਵਿਖੇ ਆਯੋਜਿਤ ਕੀਤਾ ਗਿਆ, ਜਿਸ 'ਚ ਪੰਜਾਬੀ ਦੇ ਨੌਜਵਾਨ ਆਲੋਚਕ ਤੇ ਗਜ਼ਲਗੋ ਡਾ. ਜਗਵਿੰਦਰ ਜੋਧਾ ਵੱਲੋਂ ਅਨੁਵਾਦਿਤ ਵਿਸ਼ਵ ਪ੍ਰਸਿੱਧ ਇਨਕਲਾਬੀ ਅਰਨੇਸਟੋ ਚੀ ਗੁਵੇਰਾ ਦੀ ਚਰਚਿਤ ਪੁਸਤਕ 'ਮੋਟਰਸਾਈਕਲ ਡਾਇਰੀ' ਲੋਕ ਅਰਪਣ ਕੀਤੀ ਗਈ । ਸਮਾਗਮ ਦੀ ਪ੍ਰਧਾਨਗੀ ਪੰਜਾਬ ਤੋਂ ਆਏ ਉੱਘੇ ਕਵੀ ਇੰਦਰੇਸ਼ਮੀਤ, ਸਭਾ ਦੇ ਪ੍ਰਧਾਨ ਜਰਨੈਲ ਬਾਸੀ ਅਤੇ ਇੰਡੋਜ਼ ਗਰੁੱਪ ਦੇ ਡਾਇਰੈਕਟਰ ਅਮਰਜੀਤ ਮਾਹਲ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ । ਪ੍ਰੋਗਰਾਮ ਦਾ ਆਗਾਜ਼ ਸੁਰਜੀਤ ਸੰਧੂ ਵੱਲੋਂ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਗੀਤ ਨਾਲ ਕੀਤਾ ਗਿਆ। 
ਉਪਰੰਤ ਸ਼ਾਇਰਾਂ ਹਰਜੀਤ ਸੰਧੂ 'ਊੜੇ ਆੜੇ ਦੀ ਜੋਦੜੀ', ਰੀਤਿਕਾ ਅਹੀਰ, ਗ਼ਜ਼ਲਗੋ ਰੁਪਿੰਦਰ ਸੋਜ਼, ਹਿੰਦੀ, ਉਰਦੂ ਤੇ ਪੰਜਾਬੀ ਦੇ ਨਾਮਵਰ ਗ਼ਜ਼ਲਗੋ ਸ਼ਿਵ ਭਾਗੀਰਥ, ਕਵੀ ਸਰਬਜੀਤ ਸੋਹੀ, ਗਾਇਕ ਪਾਲ ਰਾਉਕੇ, ਕਵੀ ਹਰਮਨਦੀਪ ਗਿੱਲ, ਬਰਾਡਕਾਸਟਰ ਤੇ ਉੱਘੇ ਰੰਗਕਰਮੀ ਰਛਪਾਲ ਹੇਅਰ ਆਦਿ ਨੇ ਆਪਣੀਆਂ-ਆਪਣੀਆਂ ਰਚਨਾਵਾਂ ਨਾਲ ਬਹੁਤ ਵਧੀਆ ਰੰਗ ਬੰਨ੍ਹਿਆ। ਸਮਾਗਮ 'ਚ ਇੰਦਰੇਸ਼ਮੀਤ ਦੀ ਕਿਤਾਬ 'ਬੂਹੇ ਵਿਚਲੀ ਚੁੱਪ' ਤੇ ਹਰਮਨਦੀਪ ਗਿੱਲ ਵਲੋਂ ਕੁੰਜੀਵਤ ਬੋਲਦਿਆਂ ਬਹੁਤ ਵਧੀਆ ਪਰਚਾ ਪੜ੍ਹਿਆ ਗਿਆ । ਸਭਾ ਵਲੋਂ ਕਵੀ ਇੰਦਰੇਸ਼ਮੀਤ ਅਤੇ ਉਰਦੂ ਤੇ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਸ਼ਿਵ ਭਾਗੀਰਥ ਨੂੰ ਉਨ੍ਹਾਂ ਵਲੋਂ ਸਾਹਿਤਕ ਖੇਤਰ ਵਿਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਨਿੱਝਰ, ਰਣਦੀਪ ਸਿੰਘ ਜੌਹਲ ਆਦਿ ਵੀ ਹਾਜ਼ਰ ਸਨ।


Related News