ਦੁਨੀਆ ’ਚ ਕੋਰੋਨਾ ਵੈਕਸੀਨ ਨੂੰ ਲੈ ਕੇ ਮਾਰਾ-ਮਾਰੀ ਦਰਮਿਆਨ ਹਾਂਗਕਾਂਗ ਵੈਕਸੀਨ ਕੂੜੇ ’ਚ ਸੁੱਟਣ ਨੂੰ ਮਜਬੂਰ

Wednesday, May 26, 2021 - 12:21 PM (IST)

ਦੁਨੀਆ ’ਚ ਕੋਰੋਨਾ ਵੈਕਸੀਨ ਨੂੰ ਲੈ ਕੇ ਮਾਰਾ-ਮਾਰੀ ਦਰਮਿਆਨ ਹਾਂਗਕਾਂਗ ਵੈਕਸੀਨ ਕੂੜੇ ’ਚ ਸੁੱਟਣ ਨੂੰ ਮਜਬੂਰ

ਇੰਟਰਨੈਸ਼ਨਲ ਡੈਸਕ : ਦੁਨੀਆ ਭਰ ’ਚ ਇਸ ਸਮੇਂ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ। ਵੱਖ-ਵੱਖ ਦੇਸ਼ ਆਪਣੇ ਪੱਧਰ ’ਤੇ ਕੋਰੋਨਾ ਦੇ ਕਹਿਰ ਨੂੰ ਘੱਟ ਕਰਨ ਲਈ ਉਪਰਾਲੇ ਕਰ ਰਹੇ ਹਨ ਤੇ ਕਈ ਦੇਸ਼ਾਂ ਨੇ ਵੈਕਸੀਨ ਤਿਆਰ ਕੀਤੀਆਂ ਹਨ। ਇਸ ਦੇ ਟੀਕੇ ਲੱਗ ਵੀ ਰਹੇ ਹਨ ਪਰ ਇਨ੍ਹਾਂ ਦੀ ਸਪਲਾਈ ਓਨੀ ਵੱਡੀ ਮਾਤਰਾ ’ਚ ਨਹੀਂ ਹੋ ਰਹੀ ਜਿੰਨੀ ਚਾਹੀਦੀ ਹੈ। ਇਸ ਦਰਮਿਆਨ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹਾਂਗਕਾਂਗ ਤੋਂ ਆ ਰਹੀ ਹੈ, ਜਿਥੇ ਵੈਕਸੀਨ ਦੀਆਂ ਲੱਖਾਂ ਡੋਜ਼ ਕੂੜੇ ’ਚ ਸੁੱਟਣ ਦੀ ਤਿਆਰੀ ਹੋ ਰਹੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਹਾਂਗਕਾਂਗ ’ਚ ਵੱਡੀ ਪੱਧਰ ’ਤੇ ਤਿਆਰ ਕੀਤੀ ਗਈ ਵੈਕਸੀਨ ਐਕਸਪਾਇਰ ਹੋਣ ਵਾਲੀ ਹੈ। ਅਜਿਹੀ ਹਾਲਤ ’ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵੈਕਸੀਨ ਨੂੰ ਸੁੱਟਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।

ਵੈਕਸੀਨ ਨੂੰ ਲੈ ਕੇ ਲੋਕਾਂ ਦਾ ਨਹੀਂ ਮਿਲਿਆ ਹੁੰਗਾਰਾ
ਇਕ ਪ੍ਰਸਿੱਧ ਟੀ. ਵੀ. ਚੈਨਲ ਦੀ ਰਿਪੋਰਟ ਅਨੁਸਾਰ ਹਾਂਗਕਾਂਗ ’ਚ ਅਧਿਕਾਰੀਆਂ ਨੇ ਦੱਸਿਆ ਕਿ ਵੈਕਸੀਨ ਲਗਵਾਉਣ ਲਈ ਲੋਕਾਂ ਦਾ ਹੁੰਗਾਰਾ ਬਹੁਤਾ ਉਤਸ਼ਾਹਜਨਕ ਨਹੀਂ ਹੈ। ਉਹ ਵੈਕਸੀਨ ਲਗਵਾਉਣ ਲਈ ਖੁਦ ਨੂੰ ਰਜਿਸਟਰ ਨਹੀਂ ਕਰਵਾ ਰਹੇ। ਜ਼ਿਕਰਯੋਗ ਹੈ ਕਿ ਹਾਂਗਕਾਂਗ ਉਨ੍ਹਾਂ ਚੋਣਵੀਆਂ ਥਾਵਾਂ ’ਚੋਂ ਹੈ, ਜਿਥੇ ਲੋੜ ਤੋਂ ਵੱਧ ਵੈਕਸੀਨ ਮੁਹੱਈਆ ਹੈ। ਇਥੋਂ ਦੀ ਆਬਾਦੀ 75 ਲੱਖ ਹੈ। ਆਨਲਾਈਨ ਪਲੇਟਫਾਰਮ ’ਤੇ ਹੋ ਰਹੇ ਪ੍ਰਚਾਰ ਕਾਰਨ ਲੋਕ ਕੋਰੋਨਾ ਵੈਕਸੀਨ ਲਗਵਾਉਣ ਤੋਂ ਕੰਨੀਂ ਕਤਰਾਅ ਰਹੇ ਹਨ। ਸਰਕਾਰ ਦੇ ਵੈਕਸੀਨ ਟਾਸਕਫੋਰਸ ਦੇ ਇਕ ਮੈਂਬਰ ਨੇ ਦੱਸਿਆ ਕਿ ਮੌਜੂਦ ਵੈਕਸੀਨ ਸਟਾਕ ਅਗਲੇ ਤਿੰਨ ਮਹੀਨਿਆਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਵੈਕਸੀਨ ਖਰਾਬ ਹੋ ਜਾਵੇਗੀ। ਹਾਂਗਕਾਂਗ ਨੂੰ ਮਿਲਿਆ ਫਾਈਜ਼ਰ ਬਾਇਓਨਟੈੱਕ ਵੈਕਸੀਨ ਦਾ ਪਹਿਲਾ ਬੈਚ ਐਕਸਪਾਇਰ ਹੋਣ ਵਾਲਾ ਹੈ। ਉਥੇ ਹੀ ਸੈਂਟਰ ਫਾਰ ਹੈਲਥ ਪ੍ਰੋਟੈਕਸ਼ਨ ਦੇ ਸਾਬਕਾ ਕੰਟਰੋਲਰ ਥਾਮਸ ਸੈਂਗ ਨੇ ਕਿਹਾ ਕਿ ਸਾਰੇ ਵੈਕਸੀਨ ਦੀ ਐਕਸਪਾਇਰੀ ਡੇਟ ਹੁੰਦੀ ਹੈ। ਇਸ ਤੋਂ ਬਾਅਦ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।

ਥਾਮਸ ਸੈਂਗ ਨੇ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ’ਚ ਵੈਕਸੀਨ ਲਈ ਮਾਰਾ ਮਾਰੀ ਹੈ ਤੇ ਅਜਿਹੀ ਹਾਲਤ ’ਚ ਇਹ ਬਿਲਕੁਲ ਵੀ ਸਹੀ ਨਹੀਂ ਹੈ ਕਿ ਅਸੀਂ ਵੈਕਸੀਨ ਸੁੱਟ ਦੇਈਏ। ਸਾਡੇ ਕੋਲ ਜਿੰਨੀ ਵੈਕਸਨੀ ਹੈ, ਉਹ ਪੂਰੇ ਸਾਲ ਲਈ ਕਾਫ਼ੀ ਹੈ। ਹਾਂਗਕਾਂਗ ਨੇ ਫਾਈਜ਼ਰ ਤੇ ਚੀਨ ਦੀ ਬਣੀ ਸਿਨੋਵੈਕ ਕੰਪਨੀ ਦੀਆਂ 75 ਲੱਖ ਡੋਜ਼ਾਂ ਖਰੀਦੀਆਂ ਸਨ, ਹਾਲਾਂਕਿ ਚੀਨ ਦੀ ਵੈਕਸੀਨ ਨੂੰ ਅਜੇ ਤਕ ਵਿਸ਼ਵ ਸਿਹਤ ਸੰਗਠਨ ਦੀ ਆਗਿਆ ਨਹੀਂ ਮਿਲੀ। ਮਿਲੀ ਰਿਪੋਰਟ ਮੁਤਾਬਕ ਹਾਂਗਕਾਂਗ ’ਚ ਅਜੇ ਸਿਰਫ 19 ਫੀਸਦੀ ਆਬਾਦੀ ਨੂੰ ਹੀ ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਹੈ, ਜਦਕਿ 14 ਫੀਸਦੀ ਆਬਾਦੀ ਨੂੰ ਦੋਵੇਂ ਵੈਕਸੀਨ ਲੱਗ ਸਕਦੀਆਂ ਹਨ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਆਮ ਲੋਕਾਂ ਦੀ ਗੱਲ ਤਾਂ ਦੂਰ ਇਕ ਹਸਪਤਾਲ ਦੇ ਇਕ ਤਿਹਾਈ ਸਟਾਫ ਨੇ ਵੀ ਵੈਕਸੀਨ ਨਹੀਂ ਲਗਵਾਈ ਹੈ।


author

Manoj

Content Editor

Related News