ਸਿਡਨੀ ਸਥਿਤ ਸ਼ਾਪਿੰਗ ਸੈਂਟਰ ''ਚ ਹਾਦਸੇ ਦੀ ਸ਼ਿਕਾਰ ਹੋਈ ਕਾਰ, ਵਾਲ-ਵਾਲ ਬਚੀ ਔਰਤ
Wednesday, Mar 14, 2018 - 03:48 PM (IST)

ਸਿਡਨੀ— ਹਾਦਸਾ ਕਦੋਂ, ਕਿਵੇਂ ਅਤੇ ਕਿੱਥੇ ਵਾਪਰ ਜਾਵੇ, ਇਸ ਦੀ ਇਨਸਾਨ ਨੂੰ ਖਬਰ ਤੱਕ ਨਹੀਂ ਹੁੰਦੀ। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਇਕ ਔਰਤ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ ਪਰ ਖੁਸ਼ਕਿਸਮਤੀ ਨਾਲ ਉਹ ਵਾਲ-ਵਾਲ ਬਚ ਗਈ। ਕਾਰ 'ਚ ਸਵਾਰ ਔਰਤ ਦੀ ਕਾਰ ਤੀਜੀ ਮੰਜ਼ਲ 'ਤੇ ਲਟਕ ਗਈ।
ਦਰਅਸਲ ਔਰਤ ਦੱਖਣੀ ਸਿਡਨੀ 'ਚ ਸਥਿਤ ਵੈਸਟਮੀਡ ਮਿਰਾਡਾ ਸ਼ਾਪਿੰਗ ਸੈਂਟਰ ਦੀ ਤੀਜੀ ਮੰਜ਼ਲ 'ਤੇ ਸਥਿਤ ਪਾਰਿੰਗ ਏਰੀਏ 'ਚ ਕਾਰ ਪਾਰਕ ਕਰਨ ਗਈ ਸੀ ਤਾਂ ਕਾਰ ਬੇਕਾਬੂ ਹੋ ਗਈ ਅਤੇ ਗਾਰਡ ਰੇਲ 'ਤੇ ਕਾਰ ਜਾ ਕੇ ਰੁੱਕ ਗਈ ਅਤੇ ਲਟਕ ਗਈ। ਇਹ ਹਾਦਸਾ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ 11.30 ਵਜੇ ਦੇ ਕਰੀਬ ਵਾਪਰਿਆ। ਇਸ ਘਟਨਾ ਤੋਂ ਤੁਰੰਤ ਬਾਅਦ ਨਿਊ ਸਾਊਥ ਵੇਲਜ਼ ਦੇ ਐਂਬੂਲੈਂਸ ਅਧਿਕਾਰੀ, ਪੈਰਾ-ਮੈਡੀਕਲ ਅਤੇ ਸਪੈਸ਼ਲ ਆਪਰੇਸ਼ਨ ਪੈਰਾ-ਮੈਡੀਕਲ ਅਧਿਕਾਰੀ ਸ਼ਾਪਿੰਗ ਸੈਂਟਰ ਪੁੱਜੇ ਅਤੇ ਔਰਤ ਦਾ ਇਲਾਜ ਕੀਤਾ ਗਿਆ।
ਕਾਰ 'ਚ ਸਵਾਰ 40 ਸਾਲਾ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਨਿਊ ਸਾਊਥ ਵੇਲਜ਼ ਐਂਬੂਲੈਂਸ ਅਧਿਕਾਰੀ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਔਰਤ ਦੀ ਜਾਨ ਬਚ ਗਈ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਹਾਦਸੇ 'ਚ ਕਾਰ ਦਾ ਅਗਲਾ ਹਿੱਸਾ ਗਾਰਡ ਰੇਲ ਨਾਲ ਟਕਰਾਉਣ ਕਾਰਨ ਨੁਕਸਾਨਿਆ ਗਿਆ।