ਦੱਖਣੀ ਕੋਰੀਆ ''ਚ ਜਨਮਦਰ ਘਟੀ, ਬਜ਼ੁਰਗ ਵਧੇ, ਜਨਸੰਖਿਆ ਵਧਾਉਣ ਲਈ ਸਰਕਾਰ ਨੇ ਖ਼ਰਚੇ 16 ਲੱਖ ਕਰੋੜ
Thursday, Jul 06, 2023 - 01:11 PM (IST)
ਸਿਓਲ- ਦੱਖਣੀ ਕੋਰੀਆ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਬਾਲ ਸੰਭਾਲ ਸਹੂਲਤਾਂ ਵਿੱਚ ਕਮੀ ਆਈ ਹੈ, ਜਦੋਂ ਕਿ ਬਜ਼ੁਰਗਾਂ ਲਈ ਸਹੂਲਤਾਂ ਵਿੱਚ ਵਾਧਾ ਹੋਇਆ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਦੱਖਣੀ ਕੋਰੀਆ ਵਿੱਚ ਜਨਮਦਰ ਘੱਟ ਰਹੀ ਹੈ ਅਤੇ ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ 2017 ਵਿੱਚ 40,000 ਤੋਂ ਵੱਧ ਬਾਲ ਸੰਭਾਲ ਕੇਂਦਰ ਸਨ, ਜੋ ਪਿਛਲੇ ਸਾਲ ਦੇ ਅੰਤ ਤੱਕ ਘੱਟ ਕੇ 30,900 ਰਹਿ ਗਏ। ਉਥੇ ਹੀ ਬਜ਼ੁਰਗਾਂ ਦੀਆਂ ਸਹੂਲਤਾਂ ਲਈ ਬਣਾਈਆਂ ਗਈਆਂ ਵੱਖ-ਵੱਖ ਸੰਸਥਾਵਾਂ ਦੀ ਗਿਣਤੀ 2017 ਵਿੱਚ 76,000 ਸੀ, ਜੋ ਵੱਧ ਕੇ 2022 ਵਿੱਚ 89,643 ਹੋ ਗਈ ਹੈ।
ਇਸ ਤੋਂ ਇਲਾਵਾ ਇੱਥੇ 65 ਸਾਲ ਤੋਂ ਵੱਧ ਉਮਰ ਦੇ 40 ਫ਼ੀਸਦੀ ਤੋਂ ਵੱਧ ਲੋਕ ਗਰੀਬੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਦੀ ਆਮਦਨ ਔਸਤ ਘਰੇਲੂ ਖਰਚਿਆਂ ਨਾਲੋਂ 50 ਫ਼ੀਸਦੀ ਘੱਟ ਹੈ। ਬਜ਼ੁਰਗਾਂ ਦੀ ਗਰੀਬੀ ਦਰ ਅਤੇ ਉਨ੍ਹਾਂ ਦੀ ਵਧਦੀ ਗਿਣਤੀ ਦੇ ਕਾਰਨ, ਆਉਣ ਵਾਲੇ ਸਾਲਾਂ ਵਿੱਚ ਉਨ੍ਹਾਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਦੀ ਮੰਗ ਵਧਣੀ ਤੈਅ ਹੈ। ਉਥੇ ਹੀ ਸਰਕਾਰ ਪਿਛਲੇ 16 ਸਾਲਾਂ ਵਿਚ ਜਨਸੰਖਿਆ ਵਧਾਉਣ ਲਈ ਲਗਭਗ 16.4 ਲੱਖ ਕਰੋੜ ਰੁਪਏ ਤੋਂ ਵੱਧ ਖ਼ਰਚ ਕਰ ਚੁੱਕੀ ਹੈ।