ਪਾਬੰਦੀਆਂ ਦੇ ਜਵਾਬ 'ਚ ਰੂਸ ਨੇ ਅਮਰੀਕਾ ਅਤੇ ਜਾਪਾਨ ਵਿਰੁੱਧ ਕੀਤੀ ਕਾਰਵਾਈ

Tuesday, Sep 06, 2022 - 12:19 PM (IST)

ਮਾਸਕੋ (ਵਾਰਤਾ): ਰੂਸ ਨੇ ਪਾਬੰਦੀਆਂ ਦੇ ਜਵਾਬ ਵਿਚ ਅਮਰੀਕਾ ਅਤੇ ਜਾਪਾਨ ਵਿਰੁੱਧ ਸਖ਼ਤ ਕਦਮ ਚੁੱਕੇ ਹਨ।ਰੂਸ ਨੇ ਚਾਰ ਵਿਵਾਦਿਤ ਪ੍ਰਸ਼ਾਂਤ ਟਾਪੂਆਂ 'ਤੇ ਜਾਪਾਨ ਦੇ ਨਾਗਰਿਕਾਂ ਲਈ ਵੀਜ਼ਾ ਮੁਕਤ ਯਾਤਰਾ ਸਮਝੌਤੇ ਨੂੰ ਖ਼ਤਮ ਕਰ ਦਿੱਤਾ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਯੂਕ੍ਰੇਨ ਦੀ ਸਥਿਤੀ 'ਤੇ ਜਾਪਾਨ ਦੀਆਂ ਰੂਸ ਵਿਰੋਧੀ ਪਾਬੰਦੀਆਂ ਦੇ ਜਵਾਬ ਵਿੱਚ ਆਪਣੇ ਨਾਗਰਿਕਾਂ ਲਈ ਵੀਜ਼ਾ ਮੁਕਤ ਯਾਤਰਾ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ। ਵਰਣਨਯੋਗ ਹੈ ਕਿ ਰੂਸ ਅਤੇ ਜਾਪਾਨ ਵਿਚਾਲੇ 1999 ਦੇ ਇਕ ਸਮਝੌਤੇ ਦੇ ਤਹਿਤ ਟਾਪੂਆਂ ਦੇ ਸਾਬਕਾ ਨਿਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੂਸ ਦੁਆਰਾ ਨਿਯੰਤਰਿਤ ਟਾਪੂਆਂ 'ਤੇ ਬਿਨਾਂ ਵੀਜ਼ਾ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਜਾਣ ਦੀ ਉਡੀਕ 'ਚ ਬੈਠੇ ਭਾਰਤੀਆਂ ਲਈ ਚੰਗੀ ਖ਼ਬਰ, ਜਾਰੀ ਹੋਣਗੇ 1.60 ਲੱਖ ਵੀਜ਼ੇ

ਰੂਸ ਨੇ 25 ਹੋਰ ਅਮਰੀਕੀਆਂ ਦੇ ਦਾਖਲੇ 'ਤੇ ਲਗਾਈ ਪਾਬੰਦੀ 

ਰੂਸ ਨੇ ਅਮਰੀਕੀ ਪਾਬੰਦੀਆਂ ਦੇ ਜਵਾਬ ਵਿਚ 25 ਹੋਰ ਅਮਰੀਕੀ ਨਾਗਰਿਕਾਂ ਦੇ ਦੇਸ਼ ਵਿਚ ਦਾਖਲੇ 'ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਰੂਸ "ਅਮਰੀਕੀ ਅਧਿਕਾਰੀਆਂ ਦੁਆਰਾ ਵਿਰੋਧੀ ਕਾਰਵਾਈਆਂ ਦਾ ਸਖ਼ਤ ਜਵਾਬ ਦੇਵੇਗਾ ਜੋ ਰੂਸ ਵਿਰੋਧੀ ਭਾਵਨਾ ਪੈਦਾ ਕਰਨਾ ਜਾਰੀ ਰੱਖਦੇ ਹਨ, ਦੁਵੱਲੇ ਸਬੰਧਾਂ ਨੂੰ ਤਬਾਹ ਕਰਦੇ ਹਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੰਘਰਸ਼ ਨੂੰ ਵਧਾਉਂਦੇ ਹਨ"। ਉਨ੍ਹਾਂ ਕਿਹਾ ਕਿ ਅਮਰੀਕੀ ਕਾਂਗਰਸ ਦੇ ਮੈਂਬਰ, ਉੱਚ ਦਰਜੇ ਦੇ ਅਧਿਕਾਰੀ, ਕਾਰੋਬਾਰੀ, ਮਾਹਿਰ ਅਤੇ ਸੱਭਿਆਚਾਰਕ ਹਸਤੀਆਂ ਅਤੇ ਵਣਜ ਸਕੱਤਰ ਜੀਨਾ ਰੇਮੋਂਡੋ ਵੀ ਨਵੀਂ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਰੂਸ 1073 ਅਮਰੀਕੀ ਲੋਕਾਂ 'ਤੇ ਪਾਬੰਦੀਆਂ ਲਗਾ ਚੁੱਕਾ ਹੈ।
 


Vandana

Content Editor

Related News