ਰਾਜਨੀਤੀ ''ਚ ਘੁਸਪੈਠ ਦੀ ਤਿਆਰੀ ''ਚ ਅੱਤਵਾਦੀ ਹਾਫਿਜ਼ ਸਈਦ, ਬਣਾਈ ਪਾਰਟੀ
Tuesday, Aug 08, 2017 - 06:10 AM (IST)
ਇਸਲਾਮਾਬਾਦ— 2008 'ਚ ਹੋਏ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਅਤੇ ਅੱਤਵਾਦੀ ਹਾਫਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਵਾ ਨੇ ਚੋਣ ਰਾਜਨੀਤੀ ਵਿਚ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ ਹੈ। ਸਈਦ ਦੀ ਸਿਆਸੀ ਪਾਰਟੀ ਦਾ ਨਾਂ 'ਮਿੱਲੀ ਮੁਸਲਿਮ ਲੀਗ' ਹੈ। ਜਮਾਤ-ਉਦ-ਦਾਵਾ ਦੇ ਸੀਨੀਅਰ ਮੈਂਬਰ ਸੈਫ-ਉਲਾ ਖਾਲਿਦ ਨੂੰ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੋਮਵਾਰ ਨੂੰ ਇਸਲਾਮਾਬਾਦ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਪਾਰਟੀ ਦਾ ਨਾਂ, ਲੋਗੋ ਅਤੇ ਝੰਡਾ ਜਨਤਕ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੈਫ-ਉਲਾ ਨੇ ਕਿਹਾ ਕਿ ਮਿੱਲੀ ਮੁਸਲਿਮ ਲੀਗ ਪਾਕਿਸਤਾਨ ਨੂੰ ਇਕ ਅਸਲ ਇਸਲਾਮਿਕ ਅਤੇ ਕਲਿਆਣਕਾਰੀ ਦੇਸ਼ ਬਣਾਉਣ ਲਈ ਕੰਮ ਕਰੇਗੀ।
ਸੈਫ-ਉਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਚਾਰਧਾਰਕ ਇਤਫਾਕ ਰੱਖਣ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਹਾਲਾਂਕਿ ਅਜੇ ਇਹ ਸਾਫ ਨਹੀਂ ਹੋਇਆ ਕਿ ਪਾਰਟੀ ਵਿਚ ਹਾਫਿਜ਼ ਦੀ ਕੀ ਭੂਮਿਕਾ ਹੋਵੇਗੀ। ਸਈਦ ਵਲੋਂ ਸਿਆਸਤ ਵਿਚ ਆਉਣ ਦਾ ਐਲਾਨ ਅਜਿਹੇ ਸਮੇਂ 'ਤੇ ਕੀਤਾ ਗਿਆ ਹੈ ਜਦੋਂ ਪਾਕਿਸਤਾਨ ਵਿਚ ਸਿਆਸੀ ਉਥਲ-ਪੁਥਲ ਦਾ ਮਾਹੌਲ ਬਣਿਆ ਹੋਇਆ ਹੈ। ਪਨਾਮਾ ਕੇਸ ਮਾਮਲੇ ਵਿਚ ਨਵਾਜ਼ ਸ਼ਰੀਫ ਨੂੰ ਪੀ. ਐੱਮ. ਦੀ ਕੁਰਸੀ ਗੁਆਉਣੀ ਪੈ ਗਈ ਹੈ। ਅਜਿਹੇ ਵਿਚ ਹਾਫਿਜ਼ ਨੂੰ ਲੱਗਦਾ ਹੈ ਕਿ ਉਸ ਲਈ ਇਹ ਸਿਆਸਤ ਵਿਚ ਆਉਣ ਦਾ ਸਭ ਤੋਂ ਬੇਹਤਰ ਮੌਕਾ ਹੈ ਕਿਉਂਕਿ ਪਾਕਿ ਦੀ ਫੌਜ ਅਤੇ ਆਈ. ਐੱਸ. ਆਈ. ਵਿਚ ਉਸ ਦਾ ਚੰਗਾ ਰਸੂਖ ਹੈ।
