ਕਮਲਾ ਹੈਰਿਸ ਮਿਊਨਿਖ ਸੁਰੱਖਿਆ ਸੰਮੇਲਨ 'ਚ ਰੂਸ ਨੇ ਦੇ ਸਕਦੀ ਹੈ ਸਖ਼ਤ ਚਿਤਾਵਨੀ
Saturday, Feb 19, 2022 - 02:16 PM (IST)
ਮਿਊਨਿਖ (ਭਾਸ਼ਾ)- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸ਼ਨੀਵਾਰ ਨੂੰ ਮਿਊਨਿਖ ਸੁਰੱਖਿਆ ਸੰਮੇਲਨ ਵਿੱਚ ਆਪਣੇ ਭਾਸ਼ਣ ਵਿੱਚ ਰੂਸ ਨੂੰ ਚਿਤਾਵਨੀ ਦੇ ਸਕਦੀ ਹੈ ਕਿ ਜੇਕਰ ਉਸ ਨੇ ਯੂਕਰੇਨ 'ਤੇ ਹਮਲਾ ਕੀਤਾ ਤਾਂ ਉਸ ਨੂੰ ਇਸ ਦੀ ਭਾਰੀ ਆਰਥਿਕ ਕੀਮਤ ਚੁਕਾਉਣੀ ਪੈ ਸਕਦੀ ਹੈ। ਸੰਮੇਲਨ ਵਿੱਚ ਹੈਰਿਸ ਦੇ ਸੰਬੋਧਨ ਤੋਂ ਇੱਕ ਦਿਨ ਪਹਿਲਾਂ, ਰਾਸ਼ਟਰਪਤੀ ਜੋਅ ਬਾਈਡੇਨ ਦਾ ਬਿਆਨ ਆਇਆ ਸੀ ਕਿ ਉਹਨਾਂ ਨੂੰ "ਯਕੀਨ" ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ 'ਤੇ ਹਮਲਾ ਕਰਨ ਦਾ ਫ਼ੈਸਲਾ ਲਿਆ ਹੈ।
ਉਪ ਰਾਸ਼ਟਰਪਤੀ ਦਾ ਉਦੇਸ਼ ਯੂਰਪੀਅਨ ਦੇਸ਼ਾਂ ਨੂੰ ਇਹ ਦੱਸਣਾ ਹੈ ਕਿ ਪੱਛਮੀ ਦੇਸ਼ਾਂ ਕੋਲ "ਏਕਤਾ ਦੇ ਮਾਧਿਅਮ ਨਾਲ ਸ਼ਕਤੀ" ਹੈ। ਉਨ੍ਹਾਂ ਦੇ ਸੰਬੋਧਨ 'ਚ ਇਸ ਗੱਲ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਯੂਕਰੇਨ 'ਤੇ ਹਮਲਾ ਹੋਣ 'ਤੇ ਨਾਟੋ ਤੋਂ ਰੂਸ ਨੂੰ ਬਹੁਤ ਸਖ਼ਤ ਪ੍ਰਤੀਕਿਰਿਆ ਮਿਲ ਸਕਦੀ ਹੈ। ਮਿਊਨਿਖ ਵਿਚ ਹੈਰਿਸ ਦੇ ਕੂਟਨੀਤਕ ਯਤਨਾਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਵਾਲੇ ਇਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ। ਹੈਰਿਸ ਨੇ ਸ਼ੁੱਕਰਵਾਰ ਨੂੰ ਸਿਖਰ ਸੰਮੇਲਨ ਤੋਂ ਇਲਾਵਾ ਐਸਟੋਨੀਆ, ਲਾਤਵੀਆ ਅਤੇ ਲਿਥੁਆਨੀਆ ਦੇ ਨੇਤਾਵਾਂ ਨਾਲ ਹੋਈ ਮੁਲਾਕਾਤ ਵਿਚ ਕਿਹਾ "ਏਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ"।
ਪੜ੍ਹੋ ਇਹ ਅਹਿਮ ਖ਼ਬਰ- ਯੂਕਰੇਨ ਸੰਕਟ 'ਤੇ ਬਾਈਡੇਨ ਦੀ ਰੂਸ ਨੂੰ ਚਿਤਾਵਨੀ, ਬੋਲੇ- ਹਾਲੇ ਵੀ ਦੇਰ ਨਹੀਂ ਹੋਈ
ਬਾਲਟਿਕ ਦੇਸ਼ਾਂ ਨੇ ਅਮਰੀਕਾ ਨੂੰ ਬੇਨਤੀ ਕੀਤੀ ਹੈ ਕਿ ਉਹ ਨਾਟੋ ਦੇ ਪੂਰਬੀ ਮੈਂਬਰ ਦੇਸ਼ਾਂ ਵਿੱਚ ਆਪਣੇ ਸੈਨਿਕਾਂ ਦੀ ਤਾਇਨਾਤੀ ਨੂੰ ਵਧਾਏ। ਹੈਰਿਸ ਨੇ ਕਿਹਾ ਸੀ ਕਿ ਇਸ ਸਮੇਂ ਇਹ ਸਪੱਸ਼ਟ ਹੈ ਕਿ ਸਾਡੀ ਏਕਤਾ ਹੀ ਸਾਡੀ ਤਾਕਤ ਹੈ। ਯੂਰਪੀ ਸਹਿਯੋਗੀਆਂ ਤੋਂ ਇਲਾਵਾ, ਹੈਰਿਸ ਪੁਤਿਨ ਨੂੰ ਇਹ ਸੰਦੇਸ਼ ਦੇ ਸਕਦੀ ਹੈ ਕਿ ਉਹ ਯੁੱਧ ਤੋਂ ਦੂਰ ਰਹਿਣ ਨਹੀਂ ਤਾਂ ਰੂਸ 'ਤੇ ਬਹੁਤ ਸਖ਼ਤ ਆਰਥਿਕ ਪਾਬੰਦੀਆਂ ਲੱਗ ਸਕਦੀਆਂ ਹਨ।