1978 ਦੇ ਸ਼ਹੀਦਾਂ ਦੀ ਯਾਦ ''ਚ ਹੋ ਰਹੇ ਸਮਾਗਮ ਮੌਕੇ ਸ਼ਹੀਦ ਗੁਰਬਖਸ਼ ਸਿੰਘ ਲਈ ਕੀਤੀ ਜਾਵੇਗੀ ਅਰਦਾਸ

03/27/2018 3:01:32 AM

ਲੰਡਨ (ਰਾਜਵੀਰ ਸਮਰਾ)— 1978 ਦੀ ਵਿਸਾਖੀ ਮੌਕੇ ਸ੍ਰੀ ਅੰਮ੍ਰਿਤਸਰ ਵਿਖੇ ਨਿਰੰਕਾਰੀ ਕਾਂਡ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਚਾਲੀ ਸਾਲਾਂ ਯਾਦ ਵਿੱਚ ਅਖੰਡ ਕੀਰਤਨੀ ਜਥਾ ਯੂ.ਕੇ. ਵੱਲੋਂ ਗੁਰਦੁਆਰਾ ਸਿੰਘ ਸਭਾ ਡਰਬੀ ਦੇ ਸਹਿਯੋਗ ਨਾਲ 7 ਦਿਨਾਂ ਸਮਾਗਮ ਸੋਮਵਾਰ 26 ਮਾਰਚ ਨੂੰ ਸ਼ੁਰੂ ਹੋ ਗਏ ਹਨ। ਇਹ ਪ੍ਰੋਗਰਾਮ ਅਖੰਡ ਕੀਰਤਨੀ ਜਥੇ ਦੀ ਵੈਬਸਾਈਟ ਅਤੇ ਸਿੰਘ ਸਭਾ ਦੇ ਯੂ ਟਿਊਬ ਅਤੇ ਯੂ.ਕੇ. ਦੇ ਕਈ ਸਿੱਖ ਚੈਨਲਾਂ ਰਾਹੀਂ ਦੁਨੀਆ ਭਰ ਵਿੱਚ ਦੇਖੇ ਜਾ ਰਹੇ ਹਨ ।
ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ ਸਿੱਖ ਚੈਨਲ ਅਤੇ ਅਕਾਲ ਚੈਨਲ ਰਾਹੀਂ ਸਮਾਗਮ ਬਾਰੇ ਜਾਣਕਾਰੀ ਸੰਗਤਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਰੱਖੇ ਗਏ ਅਖੰਡ ਪਾਠ ਦੇ ਭੋਗ ਦੀ ਬੁੱਧਵਾਰ ਨੂੰ ਸਮਾਪਤੀ ਮੌਕੇ ਜਿੱਥੇ 1978 ਦੇ ਸ਼ਹੀਦਾਂ ਸਬੰਧੀ ਅਰਦਾਸ ਕੀਤੀ ਜਾਣੀ ਹੈ, ਉਥੇ ਭਾਈ ਗੁਰਬਖਸ਼ ਸਿੰਘ ਖਾਲਸਾ ਲਈ ਵੀ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਅਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਸ਼ਹੀਦੀ ਦਿੱਤੀ ਹੈ। ਇਸ ਲਈ ਅਰਦਾਸ ਕੀਤੀ ਜਾਵੇਗੀ ਕਿ ਉਨ੍ਹਾਂ ਨੂੰ ਸਤਿਗੁਰੂ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ । ਅਕਾਲ ਚੈਨਲ ਤੇ ਭਾਈ ਗੁਰਬਖਸ਼ ਸਿੰਘ ਦੀ ਕੌਮ ਲਈ ਕੀਤੀ ਸੇਵਾ ਪ੍ਰਤੀ ਖਾਸ ਪ੍ਰੋਗਰਾਮ ਪੰਥ ਟਾਈਮ ਪ੍ਰਸਾਰਿਤ ਕੀਤਾ ਗਿਆ। ਜਿਸ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਅਕਾਲ ਫ਼ੈਡਰੇਸ਼ਨ ਨਰੈਣ ਸਿੰਘ ਚੌੜਾ ਵੱਲੋਂ ਭੇਜੇ ਲਿਖਤੀ ਪੱਤਰ ਵੀ ਪੜ੍ਹ ਕੇ ਸੁਣਾਏ ਗਏ । ਉਨ੍ਹਾਂ ਯੋਧਿਆਂ ਵੱਲੋਂ ਖਾਲਸਾ ਜੀ ਨੂੰ ਸ਼ਹੀਦ ਦਾ ਰੁਤਬਾ ਦਿੱਤਾ ਗਿਆ ਹੈ। ਡਾ: ਗੁਰਨਾਮ ਸਿੰਘ ਵੱਲੋਂ ਪੇਸ਼ ਕੀਤੇ ਗਏ ਇਸ ਪੰਥ ਟਾਈਮ ਪ੍ਰੋਗਰਾਮ ਦੌਰਾਨ ਪੈਨਲ ਵਿੱਚ ਹਾਜ਼ਰ ਭਾਈ ਜੋਗਾ ਸਿੰਘ, ਅਮਰੀਕ ਸਿੰਘ ਸਹੋਤਾ, ਡਾ: ਦਲਜੀਤ ਸਿੰਘ ਵਿਰਕ, ਰਾਜਿੰਦਰ ਸਿੰਘ ਪੁਰੇਵਾਲ ਅਤੇ ਮਨਪ੍ਰੀਤ ਸਿੰਘ ਨੇ ਹਾਜ਼ਰੀ ਭਰੀ।
ਸਮੂਹ ਪੈਨਲ ਦੇ ਸੇਵਾਦਾਰਾਂ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਮਨੁੱਖੀ ਹੱਕਾਂ ਲਈ ਕੀਤੀਆਂ ਸੇਵਾਵਾਂ ਅਤੇ ਕੁਰਬਾਨੀ ਦੀ ਸ਼ਲਾਘਾ ਕੀਤੀ ਤੇ ਉਸ ਨੂੰ ਸ਼ਹੀਦ ਦੀ ਉਪਾਧੀ ਦਿੱਤੀ। ਪ੍ਰੋਗਰਾਮ ਵਿੱਚ ਪੰਥਕ ਵਿਦਵਾਨ ਬਲਿਹਾਰ ਸਿੰਘ ਰੰਧਾਵਾ, ਤਰਲੋਚਨ ਸਿੰਘ ਡਰਬੀ, ਡਾ: ਭੋਗਲ ਵੱਲੋਂ ਭਾਈ ਗੁਰਬਖਸ਼ ਸਿੰਘ ਨੂੰ ਸ਼ਹੀਦ ਦੀ ਉਪਾਧੀ ਦੇਣ ਲਈ ਸਿੱਖ ਇਤਿਹਾਸ ਵਿੱਚੋਂ ਦਲੀਲਾਂ ਦਿੱਤੀਆਂ । ਉਨ੍ਹਾਂ ਗੁਰਬਖਸ਼ ਸਿੰਘ ਦੀ ਸ਼ਹੀਦੀ ਲਈ ਜਥੇਦਾਰ ਗੁਰਬਚਨ ਸਿੰਘ ਅਤੇ ਅਕਾਲੀ ਸਰਕਾਰ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਜਿੰਮੇਵਾਰ ਦੱਸਿਆ। ਇਸ ਦੌਰਾਨ ਸਰਕਾਰੀ ਏਜੰਸੀਆਂ ਦੀ ਕਾਰਗੁਜਾਰੀ ਦੀ ਅਤੇ ਕੁਝ ਗੁਰਸਿੱਖਾਂ ਵੱਲੋਂ ਭਾਈ ਗੁਰਬਖਸ਼ ਸਿੰਘ ਵਿਰੁੱਧ ਨੀਵੇਂ ਪੱਧਰ ਦੀ ਤੋਹਮਤਬਾਜ਼ੀ ਕਰਨ ਵਾਲਿਆਂ ਦੀ ਨਿਖੇਧੀ ਕੀਤੀ ਗਈ । ਸਮੂਹ ਸੰਗਤਾਂ ਨੂੰ ਡਰਬੀ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਗਈ ।


Related News