ਇਟਲੀ 'ਚ ਚੋਣਾਂ ਤੋਂ ਪਹਿਲਾਂ 'ਕਰਮਚਾਰੀ ਯੂਨੀਅਨ' ਨੇ ਕੀਤਾ ਰੋਸ ਪ੍ਰਦਰਸ਼ਨ

Wednesday, Feb 28, 2018 - 03:29 PM (IST)

ਰੋਮ, (ਕੈਂਥ)— ਕਰਮਚਾਰੀ ਜਿਸ ਮਰਜ਼ੀ ਦੇਸ਼ ਦੇ ਹੋਣ , ਉਨ੍ਹਾਂ ਦਾ ਸ਼ੋਸ਼ਣ ਹਾਕਮ ਜਮਾਤਾਂ ਅਤੇ ਮੌਕੇ ਦੀਆਂ ਸਰਕਾਰਾਂ ਮੁੱਢ ਤੋਂ ਹੀ ਕਰਦੀਆਂ ਆਈਆਂ ਹਨ। ਇਸ ਕਾਰਨ ਕਈ ਵਾਰ ਵਿਚਾਰੇ ਕਰਮਚਾਰੀਆਂ ਨੂੰ ਆਪਣੇ ਪਰਿਵਾਰ ਲਈ ਦੋ ਵਕਤ ਦੀ ਰੋਟੀ ਦੇਣਾ ਪਹਾੜ ਵਾਂਗ ਲੱਗਣ ਲੱਗਦਾ ਹੈ ਪਰ ਇਟਲੀ ਦੇ ਕਰਮਚਾਰੀਆਂ ਦੀ ਪ੍ਰਸਿੱਧ ਸੰਸਥਾ ਐੱਸ. ਆਈ. ਕੋਬਾਸ ਨੇ ਹਮੇਸ਼ਾ ਹੀ ਹਾਕਮ ਟੋਲੇ ਅਤੇ ਮੌਕੇ ਦੀਆਂ ਸਰਕਾਰਾਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ । ਬੀਤੇ ਦਿਨ ਜਿੱਥੇ ਪੂਰੇ ਇਟਲੀ ਵਾਸੀ ਪੈ ਰਹੀ ਧੜਾਧੜ ਬਰਫ਼ ਤੋਂ ਬਚਣ ਲਈ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ। ਇਸ ਸੰਸਥਾ ਦੇ 5000 ਤੋਂ ਵੱਧ ਕਰਮਚਾਰੀਆਂ ਨੇ ਇਟਾਲੀਅਨ ਸਰਕਾਰ ਖਿਲਾਫ਼ ਰਾਜਧਾਨੀ ਰੋਮ ਦੀਆਂ ਸੜਕਾਂ ਉੱਤੇ ਉੱਤਰ ਕੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਤੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਹੱਕਾਂ ਨੂੰ ਅਣਗੋਲਿਆ ਕੀਤਾ ਗਿਆ ਤਾਂ ਸੰਸਥਾ ਆਪਣੇ ਸੰਘਰਸ਼ ਨੂੰ ਪਹਿਲਾਂ ਤੋਂ ਵੀ ਹੋਰ ਤਿੱਖਾ ਕਰ ਦੇਵੇਗੀ। ਸੰਸਥਾ ਦੀ ਮੰਗ ਹੈ ਕਿ ਕੁਝ ਸਰਕਾਰੀ ਤੇ ਸਹਿਕਾਰੀ ਉਦਯੋਗਕ ਫਾਰਮਾਂ ਕਰਮਚਾਰੀਆਂ ਤੋਂ ਕੰਮ ਜ਼ਿਆਦਾ ਲੈਂਦੀਆਂ ਹਨ ਅਤੇ ਮਿਹਨਤਾਨਾ ਘੱਟ ਦਿੰਦੀਆਂ ਹਨ। ਹਾਲਾਂਕਿ ਕੁਝ ਪੇਪਰਾਂ ਵਿੱਚ ਮਿਹਨਤਾਨਾ ਵੱਧ ਦਿਖਾਉਂਂਦੀਆਂ ਹਨ ਅਤੇ ਦਿੰਦੀਆਂ ਘੱਟ ਹਨ। ਅਜਿਹੀਆਂ ਗਤੀਵਿਧੀਆਂ ਕਾਰਨ ਇੰਡਸਟਰੀ ਘਾਟੇ ਵਿੱਚ ਜਾ ਰਹੀ ਹੈ ਕਿਉਂਕਿ ਕਰਮਚਾਰੀਆਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਐੱਸ. ਆਈ. ਕੋਬਾਸ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੰਹਿਮ ਉਸ ਸਮੇਂ ਵਿੱਢੀ ਗਈ ਜਦੋਂ ਇਟਲੀ ਦੀ ਨਵੀਂ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ 4 ਮਾਰਚ ਨੂੰ ਇਟਲੀ ਵਿੱਚ ਸਰਕਾਰ ਬਣਾਉਣ ਲਈ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਵੋਟਾਂ ਵਿੱਚ ਜਿਹੜੀ ਨਵੀਂ ਸਰਕਾਰ ਬਣੇਗੀ ਉਸ ਲਈ ਇਹ ਮੁਜ਼ਾਹਰਾ ਵਿਸ਼ੇਸ਼ ਧਿਆਨ ਖਿੱਚੇਗਾ ਅਤੇ ਨਵੀਂ ਸਰਕਾਰ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਕੋਈ ਨਾ ਕੋਈ ਕੋਸ਼ਿਸ਼ ਜ਼ਰੂਰ ਕਰੇਗੀ। ਇਸ ਰੋਸ ਮੁਜ਼ਾਹਰੇ ਵਿੱਚ ਇਟਲੀ ਦੀ ਪੀ. ਡੀ. ਪਾਰਟੀ ਤੇ ਸੀ. ਜੀ. ਆਈ. ਐੱਲ ਸੰਸਥਾ ਦੀ ਵੀ ਨਿਖੇਧੀ ਕੀਤੀ ਗਈ ਤੇ ਕਿਹਾ ਗਿਆ ਕਿ ਇਨ੍ਹਾਂ ਸੰਸਥਾਵਾਂ ਵਿੱਚ ਕੁਝ ਲੋਕ ਵਿਰੋਧੀ ਕਾਰਵਾਈਆਂ ਕਰ ਰਹੇ ਹਨ। ਕਿਆਫੇ ਲਗਾਏ ਜਾ ਰਹੇ ਹਨ ਕਿ ਇਟਲੀ ਦੀ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਐੱਸ. ਆਈ. ਕੋਬਾਸ ਵੱਲੋਂ ਕਰਮਚਾਰੀਆਂ ਦੇ ਹੱਕਾਂ ਨੂੰ ਲੈ ਕੇ ਕੀਤਾ ਇਹ ਵਿਸ਼ਾਲ ਰੋਸ ਮੁਜ਼ਾਹਰਾ ਰਾਜਨੀਤੀ ਵਿੱਚ ਕਈ ਤਰ੍ਹਾਂ ਦੇ ਫੇਰ ਬਦਲ ਕਰ ਸਕਦਾ ਹੈ।


Related News