ਇਟਲੀ 'ਚ ਹੁਸ਼ਿਆਰਪੁਰ ਦੀ ਨਵਨੀਤ ਕੌਰ ਨੇ ਵਧਾਇਆ ਮਾਣ, ਹਾਸਲ ਕੀਤੀ ਡਾਕਟਰੀ ਦੀ ਡਿਗਰੀ
Monday, Jun 19, 2023 - 01:13 PM (IST)
ਰੋਮ (ਦਲਵੀਰ ਕੈਂਥ,ਟੇਕ ਚੰਦ ਜਗਤਪੁਰ) ਧੀਆਂ ਮਾਪਿਆਂ ਲਈ ਤਾਜ ਬਣ ਸਕਦੀਆਂ ਹਨ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ ਅੱਜ ਤੋਂ 20 ਸਾਲ ਪਹਿਲਾਂ ਚੰਗੇ ਭੱਵਿਖ ਲਈ ਪੰਜਾਬ ਦੇ ਪਿੰਡ ਟਾਂਡਾ ਰਾਮ ਸਹਾਏ ਮੁਕੇਰੀਆ (ਹੁਸ਼ਿਆਰਪੁਰ) ਤੋਂ ਇਟਲੀ ਆਕੇ ਵਸੇ ਸੁਖਜਿੰਦਰ ਸਿੰਘ ਸਪੁੱਤਰ ਪਰਕਾਸ਼ ਸਿੰਘ, ਮਾਤਾ ਰੇਸ਼ਮ ਕੌਰ ਤੇ ਸਰਬਜੀਤ ਕੌਰ ਦੀ ਲਾਡਲੀ ਧੀ ਡਾਕਟਰ ਨਵਨੀਤ ਕੌਰ (24) ਨੇ। ਨਵਨੀਤ ਕੌਰ ਨੇ ਸਪੀਆਨਸਾ ਯੂਨੀਵਰਸਿਟੀ ਰੋਮ ਬਰਾਂਚ ਲਾਤੀਨਾ ਤੋਂ 6 ਸਾਲ ਦਾ ਡਾਕਟਰੀ ਕੋਰਸ ਮੈਡੀਸ਼ਨ ਅਤੇ ਸਰਜਰੀ (ਜਿਸ ਨੂੰ ਸ਼ਰਲ ਭਾਸ਼ਾ ਵਿੱਚ ਐੱਮ.ਬੀ.ਬੀ.ਐੱਸ ਦੀ ਡਿਗਰੀ ਕਿਹਾ ਜਾ ਸਕਦਾ ਹੈ) ਪਹਿਲੇ ਦਰਜੇ ਵਿੱਚ ਪਾਸ ਕਰ ਇਸ ਬੈੱਚ ਦੇ 120 ਵਿੱਦਿਆਰਥੀਆਂ ਵਿੱਚੋ 110/110 ਨੰਬਰ ਲੈ ਸਰਬੋਤਮ ਸਥਾਨ ਹਾਸਿਲ ਕਰਨ ਵਾਲੀ ਪਹਿਲੀ ਪੰਜਾਬਣ ਬਣੀ ਹੈ, ਜਿਸ ਦੀ ਸ਼ਿੱਦਤ ਨਾਲ ਕੀਤੀ ਪੜ੍ਹਾਈ ਨੂੰ ਇਟਾਲੀਅਨ ਵੀ ਸਲਾਮ ਕਰਦੇ ਹਨ।
ਇਸ ਰੁਤਬੇ ਲਈ ਯੂਨੀਵਰਸਿਟੀ ਵੱਲੋਂ ਡਾ. ਨਵਨੀਤ ਕੌਰ ਦਾ ਜਿੱਥੇ ਵਿਸ਼ੇਸ਼ ਸਨਮਾਨ ਕੀਤਾ ਗਿਆ, ਉੱਥੇ ਇਟਾਲੀਅਨ ਭਾਈਚਾਰੇ ਲਈ ਵਿਸ਼ੇਸ਼ ਚਰਚਾ ਵੀ ਬਣ ਰਹੀ ਹੈ। "ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ" ਨਾਲ ਡਾ. ਨਵਨੀਤ ਕੌਰ ਦੇ ਮਾਪਿਆਂ ਨੇ ਇਸ ਕਾਬਲੇ ਤਾਰੀਫ਼ ਕਾਰਵਾਈ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਦੇ 2 ਬੱਚੇ ਹਨ ਇੱਕ ਧੀ ਤੇ ਇੱਕ ਪੁੱਤ। ਇਹ ਦੋਨੋਂ ਬੱਚੇ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਹਨ। ਉਹਨਾਂ ਦੇ ਬੇਟੇ ਸਨਦੀਪ ਸਿੰਘ ਨੇ ਆਟੋ ਮਕੈਨਿਕ ਦਾ ਡਿਪਲੋਮਾ ਕੀਤਾ, ਉਹ ਵੀ ਪਹਿਲੇ ਨੰਬਰ ਵਿੱਚ ਤੇ ਹੁਣ ਧੀ ਨੇ ਡਾਕਟਰੀ ਦੀ ਡਿਗਰੀ ਕੀਤੀ ਹੈ, ਉਹ ਵੀ ਪਹਿਲੇ ਨੰਬਰ ਵਿੱਚ। ਬੱਚਿਆਂ ਦੀਆਂ ਪੜ੍ਹਾਈ ਵਿੱਚ ਮਾਰੀਆਂ ਮੱਲਾਂ ਨੇ ਉਹਨਾਂ ਦੇ ਨਾਲ ਪਿੰਡ, ਸੂਬੇ ਤੇ ਭਾਰਤ ਦੇਸ਼ ਦਾ ਨਾਮ ਵੀ ਰੁਸ਼ਨਾ ਦਿੱਤਾ ਹੈ।
ਨਵਨੀਤ ਕੌਰ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ। 4 ਜਮਾਤਾਂ ਪਹਿਲੇ ਨੰਬਰ ਵਿੱਚ ਇਸ ਨੇ ਪੰਜਾਬ ਤੋਂ ਕੀਤੀਆਂ ਤੇ ਸੰਨ 2008 ਤੋਂ ਇਸ ਨੇ ਇਟਲੀ ਪੜ੍ਹਾਈ ਸ਼ੁਰੂ ਕੀਤੀ ਤੇ ਇੱਥੇ ਵੀ ਇਸ ਬੱਚੀ ਨੇ ਸਾਰੀਆਂ ਕਲਾਸਾਂ ਪਹਿਲੇ ਨੰਬਰ ਵਿੱਚ ਕਰਕੇ ਸਕੂਲ, ਕਾਲਜ ਵਿਚ ਵਿਸ਼ੇਸ਼ ਸਥਾਨ ਹਾਸਲ ਕੀਤਾ। ਨਵਨੀਤ ਕੌਰ ਦੀ ਪੜ੍ਹਾਈ ਵਿੱਚ ਕਾਬਲੀਅਤ ਨੂੰ ਦੇਖਦਿਆਂ ਯੂਨੀਵਰਸਿਟੀ ਨੇ ਸਕਾਲਰਸਿਪ ਦੇ ਖਰਚ ਵਿੱਚ ਡਿਗਰੀ ਕਰਨ ਦਾ ਮੌਕਾ ਦਿੱਤਾ। ਡਾਕਟਰ ਨਵਨੀਤ ਕੌਰ ਨੇ "ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ "ਨੂੰ ਆਪਣੀ ਕਾਮਯਾਬੀ ਦੇ ਰਾਜ ਵਿੱਚ ਸ਼ਾਰੀਕ ਕਰਦਿਆਂ ਕਿਹਾ ਕਿ ਉਹ ਜਿਸ ਮੁਕਾਮ 'ਤੇ ਅੱਜ ਪਹੁੰਚੀ ਹੈ ਅਸਲ ਵਿੱਚ ਇਹ ਸਥਾਨ ਉਸ ਦੇ ਮਾਪਿਆਂ ਦੀਆਂ ਦੁਆਵਾਂ ਤੇ ਅਸ਼ੀਰਵਾਦ ਨਾਲ ਉਸ ਨੂੰ ਨਸੀਬ ਹੋਇਆ ਹੈ। ਉਸ ਨੂੰ ਕਦੀਂ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਕੁੜੀ ਹੈ ਉਸ ਦੇ ਮਾਪੇ ਉਸ ਦਾ ਖਿਆਲ ਮੁੰਡਿਆਂ ਤੋਂ ਵੀ ਵੱਧ ਰੱਖਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਪਹੁੰਚੇ ਜ਼ੇਲੇਂਸਕੀ, PM ਸੁਨਕ ਨੇ ਖੁਆਈ ਆਪਣੀ ਮਾਂ ਦੇ ਹੱਥ ਦੀ ਬਣੀ ਬਰਫੀ (ਵੀਡੀਓ ਵਾਇਰਲ)
ਉਸ ਦਾ ਕਹਿਣਾ ਕਿ ਅਜਿਹੇ ਮਾਪੇ ਰੱਬ ਦੀ ਸੌਗਾਤ ਵਾਂਗਰ ਹੀ ਹੁੰਦੇ ਹਨ ਜਿਹੜੇ ਸਾਰੇ ਬੱਚਿਆਂ ਨੂੰ ਸ਼ਾਇਦ ਨਸੀਬ ਨਹੀ ਹੁੰਦੇ। ਡਾਕਟਰੀ ਦੀ ਡਿਗਰੀ ਕਰਨ ਤੋਂ ਬਾਅਦ ਹੁਣ ਨਵਨੀਤ ਕੌਰ ਅਕਤੂਬਰ ਵਿੱਚ ਮੈਡੀਕਲ ਦੀ ਸਪੈਸ਼ਲ ਡਿਗਰੀ ਕਰਨ ਜਾ ਰਹੀ ਹੈ। ਉਸ ਦਾ ਸੁਪਨਾ ਹੈ ਕਿ ਉਹ ਸੰਪੂਰਨ ਡਾਕਟਰ ਬਣ ਇਟਲੀ ਵਿੱਚ ਭਾਈਚਾਰੇ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਕੁਝ ਕਰ ਸਕੇ। ਉਹ ਮੁਸ਼ਕਿਲਾਂ ਚਾਹੇ ਬੋਲੀ ਨਾਲ ਸਬੰੰਧਤ ਹਨ ਜਾਂ ਬਿਮਾਰੀ ਨਾਲ। ਉਹ ਸੰਜੀਦਾ ਹੋ ਇਸ ਮਿਸ਼ਨ ਲਈ ਸੇਵਾ ਕਰੇਗੀ। ਇਟਲੀ ਦੇ ਭਾਰਤੀ ਬੱਚਿਆਂ ਨੂੰ ਉਸ ਦੀ ਇਹ ਸਲਾਹ ਹੈ ਕਿ ਉਹ ਆਪਣਾ ਜੀਵਨ ਅਜਿਹਾ ਬਣਾਉਣ ਜੋ ਚਾਨਣ ਮੁਨਾਰੇ ਦਾ ਕੰਮ ਕਰੇ। ਨਵਨੀਤ ਕੌਰ ਦੇ ਡਾਕਟਰ ਬਣਨ ਨਾਲ ਮਾਪਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ਜਿਹਨਾਂ ਵਿੱਚ ਭਾਰਤੀ ਭਾਈਚਾਰੇ ਤੋਂ ਇਲਾਵਾ ਹੋਰ ਭਾਈਚਾਰੇ ਦੇ ਲੋਕ ਵੀ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਭਾਰਤੀ ਬੱਚਿਆਂ ਦੀ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਉਪਲਬਧੀਆਂ ਵਾਕਿਆ ਹੀ ਸ਼ਲਾਘਾਯੋਗ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।