ਤੋਸ਼ਾਖਾਨਾ ਮਾਮਲੇ ''ਤੇ ਰੋਕ ਨਾ ਲਗਾਉਣ ਦੇ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇ ਇਮਰਾਨ
Monday, Jul 31, 2023 - 05:48 PM (IST)

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ’ਚ ਆਪਣੇ ਖ਼ਿਲਾਫ਼ ਚੱਲ ਰਹੀ ਅਪਰਾਧਿਕ ਕਾਰਵਾਈ ’ਤੇ ਰੋਕ ਲਾਉਣ ਵਾਲੀ ਪਟੀਸ਼ਨ ਨੂੰ ਖਾਰਜ ਕਰਨ ਦੇ ਇਸਲਾਮਾਬਾਦ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਰੁਖ਼ ਕੀਤਾ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਖਾਨ ਨੇ ਦੋ ਵਾਰ ਇਸਲਾਮਾਬਾਦ ਹਾਈ ਕੋਰਟ (ਆਈਐਚਸੀ) ਤੱਕ ਪਹੁੰਚ ਕੀਤੀ ਹੈ ਪਰ ਸਰਕਾਰੀ ਤੋਹਫ਼ਿਆਂ ਬਾਰੇ ਵੇਰਵੇ ਛੁਪਾਉਣ ਦੇ ਮਾਮਲੇ ਵਿੱਚ ਰਾਹਤ ਨਹੀਂ ਮਿਲ ਸਕੀ।
'ਦਿ ਐਕਸਪ੍ਰੈਸ ਟ੍ਰਿਬਿਊਨ' ਅਖ਼ਬਾਰ ਦੀ ਖਬਰ ਮੁਤਾਬਕ ਸੁਪਰੀਮ ਕੋਰਟ ਦੇ ਸਾਹਮਣੇ ਆਪਣੀ ਪਟੀਸ਼ਨ 'ਚ ਇਮਰਾਨ ਨੇ ਧਾਰਾ 342 ਦੇ ਤਹਿਤ ਆਪਣੇ ਬਿਆਨ ਦਰਜ ਕਰਨ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਮਾਯੂੰ ਦਿਲਾਵਰ ਸਾਹਮਣੇ ਚੱਲ ਰਹੇ ਮੁਕੱਦਮੇ ਦੀ ਸੁਣਵਾਈ ਉਦੋਂ ਤੱਕ ਰੋਕ ਦਿੱਤੀ ਜਾਵੇ, ਜਦੋਂ ਤੱਕ ਹਾਈ ਕੋਰਟ ਇਸ ਮਾਮਲੇ 'ਤੇ ਆਪਣਾ ਅੰਤਿਮ ਫ਼ੈਸਲਾ ਨਹੀਂ ਦਿੰਦੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੁਕੱਦਮੇ ਦੀ ਸੁਣਵਾਈ ਅੱਗੇ ਵਧਣ ਤੋਂ ਪਹਿਲਾਂ ਅਦਾਲਤ ਦੇ ਅਧਿਕਾਰ ਖੇਤਰ 'ਤੇ ਫ਼ੈਸਲਾ ਜ਼ਰੂਰੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਨਵਾਜ਼ ਸ਼ਰੀਫ ਹੋਣਗੇ ਪਾਕਿ ਦੇ ਅਗਲੇ PM! ਸ਼ਹਿਬਾਜ਼ ਸ਼ਰੀਫ ਦਾ ਬਿਆਨ ਆਇਆ ਸਾਹਮਣੇ
ਬੈਰਿਸਟਰ ਗੌਹਰ ਅਲੀ ਖਾਨ ਦੀ ਅਗਵਾਈ ਵਾਲੀ ਪੀਟੀਆਈ ਮੁਖੀ ਦੀ ਕਾਨੂੰਨੀ ਟੀਮ ਨੇ ਇਮਰਾਨ ਦੀ ਤਰਫੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਅਦਾਲਤ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ। ਤੋਸ਼ਾਖਾਨਾ ਕੈਬਨਿਟ ਡਿਵੀਜ਼ਨ ਦੇ ਪ੍ਰਬੰਧਕੀ ਨਿਯੰਤਰਣ ਅਧੀਨ ਇੱਕ ਵਿਭਾਗ ਹੈ, ਜਿੱਥੇ ਪਾਕਿਸਤਾਨੀ ਸ਼ਾਸਕਾਂ, ਸੰਸਦ ਮੈਂਬਰਾਂ, ਨੌਕਰਸ਼ਾਹਾਂ ਅਤੇ ਅਧਿਕਾਰੀਆਂ ਨੂੰ ਦੂਜੇ ਦੇਸ਼ਾਂ ਦੇ ਰਾਜਾਂ ਅਤੇ ਸਰਕਾਰਾਂ ਦੇ ਮੁਖੀਆਂ ਦੁਆਰਾ ਦਿੱਤੇ ਤੋਹਫ਼ੇ ਰੱਖੇ ਜਾਂਦੇ ਹਨ। ਖਾਨ 'ਤੇ 2018 ਤੋਂ 2022 ਦਰਮਿਆਨ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਇਨ੍ਹਾਂ ਤੋਹਫ਼ਿਆਂ ਨੂੰ ਖਰੀਦਣ ਅਤੇ ਵੇਚਣ ਦਾ ਦੋਸ਼ ਹੈ। ਇਨ੍ਹਾਂ ਤੋਹਫ਼ਿਆਂ ਦੀ ਕੀਮਤ 14 ਕਰੋੜ ਰੁਪਏ (6,35,000 ਅਮਰੀਕੀ ਡਾਲਰ) ਤੋਂ ਵੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।