''ਜੇਕਰ ਮੈਂ ਜੇਲ੍ਹ ਗਿਆ ਜਾਂ ਉਹ ਮੈਨੂੰ ਮਾਰ ਦੇਣਗੇ...'' : ਇਮਰਾਨ ਖਾਨ, ਸਮਰਥਕਾਂ ਨੇ ਪੁਲਸ ''ਤੇ ਕੀਤਾ ਪਥਰਾਅ

Wednesday, Mar 15, 2023 - 02:57 AM (IST)

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਨੂੰ ਖਿੰਡਾਉਣ ਲਈ ਪੁਲਸ ਨੇ ਮੰਗਲਵਾਰ ਨੂੰ ਅੱਥਰੂ ਗੈਸ ਦੇ ਗੋਲ਼ੇ ਛੱਡੇ ਅਤੇ ਪਾਣੀ ਦੀਆਂ ਵਾਛੜਾਂ ਛੱਡੀਆਂ। ਖਾਨ ਦੇ ਸਮਰਥਕ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਇਸਲਾਮਾਬਾਦ ਪੁਲਸ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ। ਤੋਸ਼ਾਖਾਨਾ ਮਾਮਲੇ 'ਚ ਖਾਨ ਖ਼ਿਲਾਫ਼ ਗੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਇਕ ਦਿਨ ਬਾਅਦ ਪੁਲਸ ਉਸ ਦੇ ਘਰ ਪਹੁੰਚੀ। ਸਾਹਮਣੇ ਆਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਸ ਇਕ ਬਖਤਰਬੰਦ ਗੱਡੀ ਦਾ ਪਿੱਛਾ ਕਰਦੇ ਹੋਏ ਖਾਨ ਦੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ਵੱਲ ਵਧ ਰਹੀ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਦੇ ਸਮਰਥਕਾਂ ਨੂੰ ਜਲ ਤੋਪਾਂ ਦੀ ਵਰਤੋਂ ਕਰਕੇ ਖਿੰਡਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਯੁੱਧ: ਰੂਸੀ ਮਿਜ਼ਾਈਲ ਯੂਕ੍ਰੇਨ ਦੇ ਅਪਾਰਟਮੈਂਟ 'ਚ ਡਿੱਗੀ, ਇਕ ਦੀ ਮੌਤ

ਇਸਲਾਮਾਬਾਦ ਪੁਲਸ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਤੋਸ਼ਾਖਾਨਾ ਮਾਮਲੇ ਵਿੱਚ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ ਇੱਥੇ ਆਈ ਹੈ। ਖਾਨ (70) 'ਤੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਿਲੇ ਤੋਹਫ਼ਿਆਂ ਨੂੰ ਤੋਸ਼ਾਖਾਨਾ ਤੋਂ ਮਹਿੰਗੇ ਭਾਅ 'ਤੇ ਖਰੀਦਣ ਅਤੇ ਮੁਨਾਫੇ ਲਈ ਵੇਚਣ ਦਾ ਦੋਸ਼ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਚੇਅਰਮੈਨ ਖਾਨ ਦੀ ਰਿਹਾਇਸ਼ ਵੱਲ ਮਾਰਚ ਕਰਦੇ ਸਮੇਂ ਪੁਲਸ ਅਤੇ ਪੀਟੀਆਈ ਵਰਕਰਾਂ ਵਿਚਕਾਰ ਝੜਪਾਂ ਹੋ ਗਈਆਂ। ਖਾਨ ਦੇ ਸਮਰਥਕਾਂ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਨੇ ਪੁਲਸ ਵਾਲਿਆਂ 'ਤੇ ਪਥਰਾਅ ਕੀਤਾ।

PunjabKesari

ਇਹ ਵੀ ਪੜ੍ਹੋ : ਮਿਆਂਮਾਰ : ਫੌਜ ਨੇ ਲਾਈਨ ’ਚ ਖੜ੍ਹੇ ਕਰਕੇ 30 ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨਿਆ

ਮੀਡੀਆ ਰਿਪੋਰਟਾਂ ਮੁਤਾਬਕ ਇਸਲਾਮਾਬਾਦ ਦੇ ਡਿਪਟੀ ਇੰਸਪੈਕਟਰ ਜਨਰਲ (ਆਪ੍ਰੇਸ਼ਨ) ਸ਼ਹਿਜ਼ਾਦ ਬੁਖਾਰੀ, ਜੋ ਪੁਲਸ ਟੀਮ ਦੀ ਅਗਵਾਈ ਕਰ ਰਹੇ ਸਨ, ਪੱਥਰਬਾਜ਼ੀ ਵਿੱਚ ਜ਼ਖ਼ਮੀ ਹੋ ਗਏ। ਝੜਪਾਂ ਵਿੱਚ ਖਾਨ ਦੇ ਸਮਰਥਕ ਅਤੇ ਪੁਲਸ ਕਰਮਚਾਰੀ ਦੋਵੇਂ ਜ਼ਖ਼ਮੀ ਹੋ ਗਏ। ਇਕ ਵੀਡੀਓ ਸੰਦੇਸ਼ ਵਿੱਚ ਖਾਨ ਨੇ ਆਪਣੇ ਸਮਰਥਕਾਂ ਨੂੰ "ਅਸਲ ਆਜ਼ਾਦੀ" ਲਈ ਬਾਹਰ ਆਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਅਜਬ-ਗਜ਼ਬ : ਰੇਗਿਸਤਾਨ ’ਚ ਜ਼ਮੀਨ ਦੇ ਹੇਠਾਂ ਰਹਿੰਦੇ ਹਨ ਲੋਕ, ਵਸਿਆ ਹੈ ਪੂਰਾ ਸ਼ਹਿਰ

ਖਾਨ ਨੇ ਕਿਹਾ, ''ਉਹ (ਸਰਕਾਰ) ਸੋਚਦੇ ਹਨ ਕਿ ਮੇਰੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਸੌਂ ਜਾਵੇਗਾ। ਤੁਹਾਨੂੰ ਉਨ੍ਹਾਂ ਨੂੰ ਗਲਤ ਸਾਬਤ ਕਰਨਾ ਹੋਵੇਗਾ।'' ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ''ਜੇਕਰ ਮੈਨੂੰ ਕੁਝ ਹੋ ਜਾਂਦਾ ਹੈ ਅਤੇ ਮੈਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਜਾਂ ਮੈਨੂੰ ਮਾਰ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਸਾਬਤ ਕਰਨਾ ਹੋਵੇਗਾ ਕਿ ਤੁਸੀਂ ਇਮਰਾਨ ਖਾਨ ਤੋਂ ਬਿਨਾਂ ਵੀ ਲੜ ਸਕਦੇ ਹੋ ਅਤੇ ਇਨ੍ਹਾਂ ਚੋਰਾਂ ਅਤੇ ਦੇਸ਼ ਲਈ ਫੈਸਲੇ ਲੈਣ ਵਾਲੇ ਇਕ ਵਿਅਕਤੀ ਦੀ ਗੁਲਾਮੀ ਸਵੀਕਾਰ ਨਹੀਂ ਕਰੋਗੇ। ਇਸ ਤੋਂ ਪਹਿਲਾਂ ਦਿਨ 'ਚ ਪੀਟੀਆਈ ਦੇ ਸੀਨੀਅਰ ਨੇਤਾ ਫਾਰੂਕ ਹਬੀਬ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੁਝ ਵੀ ਹੋ ਜਾਵੇ, ਇਮਰਾਨ ਖਾਨ ਫਰਜ਼ੀ ਮਾਮਲਿਆਂ 'ਚ ਪੁਲਸ ਸਾਹਮਣੇ ਆਤਮ-ਸਮਰਪਣ ਨਹੀਂ ਕਰਨਗੇ। ਹਬੀਬ ਨੇ ਕਿਹਾ, ''ਇਸਲਾਮਾਬਾਦ ਹਾਈ ਕੋਰਟ ਨੇ ਅੱਜ ਇਕ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ 'ਚ ਗ੍ਰਿਫ਼ਤਾਰੀ ਵਾਰੰਟ ਨੂੰ ਮੁਅੱਤਲ ਕਰ ਦਿੱਤਾ ਹੈ। ਦੇਖਦੇ ਹਾਂ ਪੁਲਸ ਹੁਣ ਕਿਹੜਾ ਨਵਾਂ ਵਾਰੰਟ ਲੈ ਕੇ ਆਈ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News