'ਮੈਂ ਨਰਿੰਦਰ ਮੋਦੀ ਨਾਲ ਟੀਵੀ 'ਤੇ ਚਰਚਾ ਕਰਨਾ ਚਾਹਾਂਗਾ', ਜਾਣੋ ਇਮਰਾਨ ਖ਼ਾਨ ਨੇ ਕਿਉਂ ਕਹੀ ਇਹ ਗੱਲ

Wednesday, Feb 23, 2022 - 11:22 AM (IST)

'ਮੈਂ ਨਰਿੰਦਰ ਮੋਦੀ ਨਾਲ ਟੀਵੀ 'ਤੇ ਚਰਚਾ ਕਰਨਾ ਚਾਹਾਂਗਾ', ਜਾਣੋ ਇਮਰਾਨ ਖ਼ਾਨ ਨੇ ਕਿਉਂ ਕਹੀ ਇਹ ਗੱਲ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੱਤਭੇਦ ਸੁਲਝਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੈਲੀਵਿਜਨ ’ਤੇ ਚਰਚਾ ਕਰਨਾ ਚਾਹੁਣਗੇ। ਖਾਨ ਨੇ ਮਾਸਕੋ ਦੀ ਆਪਣੀ ਪਹਿਲੀ ਯਾਤਰਾ ਦੀ ਪੂਰਬਲੀ ਸ਼ਾਮ ਰੂਸ ਦੇ ਸਰਕਾਰੀ ਟੈਲੀਵਿਜਨ ਨੈੱਟਵਰਕ ਨਾਲ ਇੰਟਰਵਿਊ ਦੌਰਾਨ ਇਹ ਟਿੱਪਣੀ ਕੀਤੀ। ਪਿਛਲੇ ਦੋ ਦਹਾਕਿਆਂ ਵਿਚ ਪਹਿਲੀ ਵਾਰ ਕੋਈ ਪਾਕਿਸਤਾਨੀ ਪ੍ਰਧਾਨ ਮੰਤਰੀ ਰੂਸ ਦਾ ਦੌਰਾ ਕਰ ਰਿਹਾ ਹੈ। ਆਪਣੀ 2 ਦਿਨਾਂ ਯਾਤਰਾ ਦੌਰਾਨ ਖਾਨ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਗੱਲਬਾਤ ਕਰਨਗੇ ਅਤੇ ਪ੍ਰਮੁੱਖ ਖੇਤਰੀ ਅਤੇ ਅੰਤਰਰਾਸ਼ਟਰੀ ਮਾਮਲਿਆਂ ’ਤੇ ਚਰਚਾ ਕਰਨਗੇ। ਇਕ ਸਵਾਲ ਦੇ ਜਵਾਬ ਵਿਚ ਖਾਨ ਨੇ ਕਿਹਾ, "ਮੈਂ ਨਰਿੰਦਰ ਮੋਦੀ ਨਾਲ ਟੀਵੀ 'ਤੇ ਚਰਚਾ ਕਰਨਾ ਚਾਹਾਂਗਾ।" 

ਇਹ ਵੀ ਪੜ੍ਹੋ: ਕੋਵਿਡ-19 ਵਿਰੁੱਧ ਵਿਸ਼ਵਵਿਆਪੀ ਟੀਕਾਕਰਨ ਲਈ ਭਾਰਤ-ਅਮਰੀਕਾ ਭਾਈਵਾਲੀ ਮਹੱਤਵਪੂਰਨ: ਤਰਨਜੀਤ ਸੰਧੂ

ਖਾਨ ਨੇ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੱਤਭੇਦਾਂ ਨੂੰ ਚਰਚਾ ਜ਼ਰੀਏ ਹੱਲ ਕੀਤਾ ਜਾ ਸਕਦਾ ਹੈ, ਤਾਂ ਇਹ ਉਪ ਮਹਾਦੀਪ ਦੇ ਲੋਕਾਂ ਲਈ ਬਹੁਤ ਚੰਗੀ ਗੱਲ ਹੋਵੇਗੀ। ਇਕ ਸਵਾਲ ਦੇ ਜਵਾਬ ਵਿਚ ਖਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ 2018 ਵਿਚ ਸੱਤਾ ਵਿਚ ਆਈ ਸੀ, ਤਾਂ ਉਨ੍ਹਾਂ ਨੇ ਤੁਰੰਤ ਭਾਰਤ ਨਾਲ ਸੰਪਰਕ ਕੀਤਾ ਸੀ ਅਤੇ ਭਾਰਤੀ ਲੀਡਰਸ਼ਿਪ ਨੂੰ ਕਸ਼ਮੀਰ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਕਿਹਾ ਸੀ।ਇਮਰਾਨ ਨੇ ਕਿਹਾ, ''ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੇ ਵਿਚਕਾਰ ਸਿਰਫ ਕਸ਼ਮੀਰ ਦੀ ਸਮੱਸਿਆ ਹੈ। ਆਓ ਬੈਠ ਕੇ ਇਸ ਨੂੰ ਸੁਲਝਾਈਏ।'' ਉਸ ਨੇ ਕਿਹਾ ਕਿ ਉਹ ''ਭਾਰਤ ਨੂੰ ਬਹੁਤ ਸਾਰੇ ਲੋਕਾਂ ਨਾਲੋਂ ਬਿਹਤਰ ਜਾਣਦੇ ਹਨ।'' ਉਨ੍ਹਾਂ ਨੇ ਪਾਕਿਸਤਾਨ ਲਈ ਕ੍ਰਿਕਟ ਖੇਡਣ ਕਾਰਨ ਭਾਰਤ ਵਿਚ ਆਪਣੇ ਸੰਪਰਕਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਉਨ੍ਹਾਂ ਦੀ ਪਹਿਲਕਦਮੀ ਦਾ ਕੋਈ ਸਕਾਰਾਤਮਕ ਹੁੰਗਾਰਾ ਨਹੀਂ ਦਿੱਤਾ।

ਇਹ ਵੀ ਪੜ੍ਹੋ: UK ਨੇ ਰੂਸ ਦੇ 5 ਬੈਂਕਾਂ ’ਤੇ ਲਗਾਈ ਪਾਬੰਦੀ, ਅਮੀਰਾਂ ਦੀ ਜਾਇਦਾਦ ਕਰੇਗਾ ਜ਼ਬਤ

2016 'ਚ ਪਠਾਨਕੋਟ ਏਅਰਫੋਰਸ ਬੇਸ 'ਤੇ ਅੱਤਵਾਦੀ ਸੰਗਠਨਾਂ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਦੋਹਾਂ ਗੁਆਂਢੀ ਦੇਸ਼ਾਂ ਦੇ ਰਿਸ਼ਤੇ ਹੋਰ ਤਣਾਅਪੂਰਨ ਹੋ ਗਏ ਸਨ। ਉੜੀ ਵਿਚ ਭਾਰਤੀ ਫੌਜ ਦੇ ਕੈਂਪ 'ਤੇ ਹਮਲੇ ਸਮੇਤ ਬਾਅਦ ਦੇ ਕਈ ਹਮਲਿਆਂ ਨੇ ਸਬੰਧਾਂ ਨੂੰ ਹੋਰ ਤਣਾਅਪੂਰਨ ਕਰ ਦਿੱਤਾ। ਇਸ ਤੋਂ ਬਾਅਦ, ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਜਵਾਬ ਵਿਚ, 26 ਫਰਵਰੀ, 2019 ਨੂੰ, ਪਾਕਿਸਤਾਨ ਵਿਚ ਘੁਸਪੈਠ ਕੀਤੀ ਅਤੇ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਸਿਖਲਾਈ ਕੈਂਪ 'ਤੇ ਲੜਾਕੂ ਜਹਾਜ਼ਾਂ ਨਾਲ ਹਮਲਾ ਕੀਤਾ। ਭਾਰਤ ਵੱਲੋਂ ਅਗਸਤ 2019 ਵਿਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਅਤੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਦੇ ਐਲਾਨ ਤੋਂ ਬਾਅਦ ਸਬੰਧ ਹੋਰ ਵਿਗੜ ਗਏ। ਭਾਰਤ ਨੇ ਪਾਕਿਸਤਾਨ ਨੂੰ ਵਾਰ-ਵਾਰ ਕਿਹਾ ਹੈ ਕਿ ਜੰਮੂ-ਕਸ਼ਮੀਰ 'ਦੇਸ਼ ਦਾ ਅਹਿਮ ਹਿੱਸਾ ਸੀ, ਹੈ ਅਤੇ ਰਹੇਗਾ।' ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿਚ ਆਪਣੇ ਗੁਆਂਢੀਆਂ ਨਾਲ ਆਮ ਸਬੰਧ ਬਣਾਉਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ 'ਚ ਤਣਾਅ ਸਿਖ਼ਰਾਂ 'ਤੇ, ਭਾਰਤੀ ਦੂਤਘਰ ਨੇ ਵਿਦਿਆਰਥੀਆਂ ਨੂੰ ਮੁੜ ਦਿੱਤੀ ਦੇਸ਼ ਛੱਡਣ ਦੀ ਸਲਾਹ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News