ਇਮਰਾਨ ਖਾਨ ਦੀ ਚੁਣੌਤੀ, ਸ਼ਾਹਬਾਜ਼ ਸਰਕਾਰ ਭਾਵੇਂ ਜਿੰਨੇ ਮਰਜ਼ੀ PTI ਨੇਤਾਵਾਂ ਨੂੰ ਤੋੜ ਲਵੇ, ਪਰ ਚੋਣਾਂ ਦਾ ਐਲਾਨ ਕਰੇ
Tuesday, May 30, 2023 - 05:41 PM (IST)
ਇਸਲਾਮਾਬਾਦ, (ਏ. ਐੱਨ. ਆਈ.)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਦੇ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨੇ ਸ਼ਾਹਬਾਜ਼ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਅਗਲੇ 2 ਤੋਂ 3 ਹਫਤਿਆਂ ਤੱਕ ਉਨ੍ਹਾਂ ਦੀ ਪਾਰਟੀ ਦੇ ਜਿੰਨੇ ਮੈਂਬਰਾਂ ਨੂੰ ਤੋੜਨਾ ਚਾਹੁੰਦੀ ਹੈ, ਤੋੜ ਲਵੇ ਪਰ ਉਸ ਤੋਂ ਬਾਅਦ ਚੋਣਾਂ ਦਾ ਐਲਾਨ ਕਰ ਕੇ ਦਿਖਾਏ।
ਇਮਰਾਨ ਨੇ ਕਿਹਾ ਕਿ ਸਰਕਾਰ ਸਾਡੀ ਪਾਰਟੀ ਦੇ ਬਹੁਤ ਸਾਰੇ ਨੇਤਾਵਾਂ ਨੂੰ ਪਹਿਲਾਂ ਹੀ ਤੋੜ ਚੁੱਕੀ ਹੈ ਅਤੇ ਕਈ ਹੋਰ ਟੁੱਟਣਗੇ ਪਰ ਮੇਰੀ ਅਪੀਲ ਹੈ ਕਿ ਸਮਾਂ-ਮਿਆਦ ਦਿੱਤੀ ਜਾਵੇ ਕਿਉਂਕਿ ਦੇਸ਼ ਵਿਨਾਸ਼ ਵੱਲ ਵੱਧ ਰਿਹਾ ਹੈ। ਉਨ੍ਹਾਂ ਦੋਹਰਾਇਆ ਕਿ ਜਦੋਂ ਸਰਕਾਰ ਨੂੰ ਲੱਗੇ ਕਿ ਉਸਨੇ ਪੀ.ਟੀ.ਆਈ. ਤੋਂ ਕਾਫੀ ਲੋਕਾਂ ਨੂੰ ਤੋੜ ਲਿਆ ਹੈ ਅਤੇ ਪੀ.ਟੀ.ਆਈ. ਹੁਣ ਚੋਣਾਂ ਲੜਨ 'ਚ ਸਮਰੱਥ ਨਹੀਂ ਹੈ ਤਾਂ ਉਹ ਚੋਣਾਂ ਦਾ ਐਲਾਨ ਕਰੇ।
ਓਧਰ, ਵਿੱਤ ਮੰਤਰੀ ਇਸ਼ਾਕ ਡਾਰ ਨੇ ਸੰਕੇਤ ਦਿੱਤੇ ਹਨ ਕਿ ਦੇਸ਼ ਵਿਚ ਜਾਰੀ ਸਿਆਸੀ ਅੜਿੱਕੇ ਨੂੰ ਦੂਰ ਕਰਨ ਲਈ ਇਮਰਾਨ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਸ਼ਰਤ ਹੈ ਕਿ ਉਹ 9 ਮਈ ਨੂੰ ਹੋਈ ਹਿੰਸਾ ਲਈ ਦੇਸ਼ ਤੋਂ ਮੁਆਫੀ ਮੰਗਣ।