ਇਮਰਾਨ ਖਾਨ ਦੇ ਮੰਤਰੀ ਨੇ ਪੱਤਰਕਾਰਾਂ ’ਤੇ ਪੈਸੇ ਲੈਣ ਦਾ ਦੋਸ਼ ਲਗਾਇਆ, ਪ੍ਰੈੱਸ ਕਾਨਫਰੰਸ ’ਚ ਮਚਿਆ ਹੰਗਾਮਾ
Wednesday, Apr 06, 2022 - 04:38 PM (IST)
ਗੁਰਦਾਸਪੁਰ/ਇਸਲਾਮਾਬਾਦ (ਜ.ਬ)- ਪਾਕਿਸਤਾਨ ’ਚ ਜਿੱਥੇ ਇਕ ਪਾਸੇ ਸਿਆਸੀ ਬਹਾਲ ਥੰਮਣ ਦਾ ਨਾਮ ਨਹੀਂ ਲੈ ਰਿਹਾ, ਉਥੇ ਦੂਜੇ ਪਾਸੇ ਇਮਰਾਨ ਖਾਨ ਦੇ ਮੰਤਰੀ ਫਵਾਦ ਚੌਧਰੀ ਦੀ ਪ੍ਰੈੱਸ ਕਾਨਫਰੰਸ ’ਚ ਬੁੱਧਵਾਰ ਨੂੰ ਹੰਗਾਮਾ ਹੋ ਗਿਆ। ਪੱਤਰਕਾਰਾਂ ਨਾਲ ਫਵਾਦ ਚੌਧਰੀ ਦੀ ਬਹਿਸ ਹੋ ਗਈ ਅਤੇ ਮੰਤਰੀ ਨੇ ਜੰਮ ਕੇ ਜੁਬਾਨੀ ਹਮਲਾ ਬੋਲਦੇ ਹੋਏ ਪੈਸੇ ਲੈਣ ਦੇ ਦੋਸ਼ ਵੀ ਲਗਾਏ।
ਸੁਪਰੀਮ ਕੋਰਟ ਇਸਲਾਮਾਬਾਦ ਦੇ ਬਾਹਰ ਚੱਲ ਰਹੀ ਪ੍ਰੈੱਸ ਕਾਨਫਰੰਸ ’ਚ ਫਵਾਦ ਚੌਧਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਤੁਸੀ ਤਾਂ ਕਿਰਾਏ ਦੇ ਹੋ। ਦਰਅਸਲ ਮੰਤਰੀ ਤੋਂ ਪੱਤਰਕਾਰਾਂ ਨੇ ਪੁੱਛਿਆ ਕਿ ਇਮਰਾਨ ਖਾਨ ਦੀ ਤੀਸਰੀ ਪਤਨੀ ਦੀ ਸਹੇਲੀ ਫਰਾਹ ਖਾਨ ਦੇਸ਼ ਛੱਡ ਕੇ ਕਿਵੇਂ ਭੱਜ ਗਈ ਤਾਂ ਮੰਤਰੀ ਜੀ ਗੁੱਸੇ ਵਿਚ ਆ ਗਏ। ਇਸ ਦੇ ਬਾਅਦ ਪੱਤਰਕਾਰਾਂ ਅਤੇ ਫਵਾਦ ਚੌਧਰੀ ਦੀ ਬਹਿਸਬਾਜੀ ਹੋ ਗਈ ਅਤੇ ਪੱਤਰਕਾਰਾਂ ਨੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਪੱਤਰਕਾਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਹੁਣ ਸਰਕਾਰ ਦੀ ਗੁੰਡਾਗਰਦੀ ਨਹੀਂ ਚੱਲੇਗੀ। ਪੱਤਰਕਾਰਾਂ ਨੇ ਮੰਤਰੀ ਫਵਾਦ ਚੌਧਰੀ ਤੋਂ ਮੁਆਫ਼ੀ ਵੀ ਮੰਗਣ ਨੂੰ ਕਿਹਾ ਪਰ ਮੰਤਰੀ ਨੇ ਮੁਆਫ਼ੀ ਮੰਗਣ ਤੋਂ ਸਾਫ਼ ਮਨਾ ਕਰ ਦਿੱਤਾ। ਇਸ ਦੇ ਬਾਅਦ ਪੱਤਰਕਾਰਾਂ ਨੇ ਪ੍ਰੈੱਸ ਕਾਨਫਰੰਸ ਦਾ ਬਾਈਕਾਟ ਕਰ ਦਿੱਤਾ।