ਪਾਕਿ : ਕਰਾਚੀ ਉਪ ਚੋਣਾਂ ''ਚ ਇਮਰਾਨ ਨੂੰ ਵੱਡਾ ਝਟਕਾ, ਜਿੱਤਿਆ PPP ਉਮੀਦਵਾਰ
Friday, Apr 30, 2021 - 11:51 AM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਨੂੰ ਵੱਡਾ ਝਟਕਾ ਲੱਗਾ ਹੈ। ਅਸਲ ਵਿਚ ਕਰਾਚੀ ਦੀਆਂ NA-249 ਸੰਸਦੀ ਉਪ ਚੋਣਾਂ ਵਿਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਕਾਫੀ ਪਿੱਛੇ ਨਜ਼ਰ ਆਈ। ਇਹਨਾਂ ਉਪ ਚੋਣਾਂ ਵਿਚ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ (PPP) ਦੇ ਉਮੀਦਵਾਰ ਕਾਦਿਰ ਖਾਨ ਮੰਡੋਖੇਲ ਨੂੰ ਜਿੱਤ ਹਾਸਲ ਹੋਈ ਹੈ। ਉਹਨਾਂ ਨੇ ਨਵਾਜ਼ ਸ਼ਰੀਫ ਦੀ ਪੀ.ਐੱਮ.ਐੱਲ.-ਐੱਨ. ਦੇ ਉਮੀਦਵਾਰ ਮਿਫਤਾਹ ਇਸਮਾਈਲ ਨੂੰ ਹਰਾਇਆ ਹੈ। ਜਦਕਿ ਇਮਰਾਨ ਦੀ ਪਾਰਟੀ ਪੀ.ਟੀ.ਆਈ. ਦੇ ਉਮੀਦਵਾਰ ਅਮਜ਼ਦ ਅਫਰੀਦੀ 5ਵੇਂ ਸਥਾਨ 'ਤੇ ਹਨ।
ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ 'ਚ ਧਾਰਮਿਕ ਆਯੋਜਨ ਦੌਰਾਨ ਮਚੀ ਭੱਜਦੌੜ, 40 ਲੋਕਾਂ ਦੀ ਮੌਤ ਤੇ ਕਈ ਜ਼ਖਮੀ (ਤਸਵੀਰਾਂ)
ਪਾਬੰਦੀ ਦੇ ਬਾਵਜੂਦ ਲੜੀ ਚੋਣ
ਵੱਡੀ ਗੱਲ ਇਹ ਹੈ ਕਿ ਇਹਨਾਂ ਉਪ ਚੋਣਾਂ ਵਿਚ ਪਾਬੰਦੀਸ਼ੁਦਾ ਹੋਣ ਦੇ ਬਾਵਜੂਦ ਤਹਿਰੀਕ-ਏ-ਲਬੈਕ ਪਾਕਿਸਤਾਨ ਨੇ ਆਪਣਾ ਉਮੀਦਵਾਰ ਉਤਾਰਿਆ। ਇਹਨਾਂ ਚੋਣਾਂ ਵਿਚ ਟੀ.ਐੱਲ.ਪੀ. ਦੇ ਉਮੀਦਵਾਰ ਮੁਫਤੀ ਨਜ਼ਰੀ ਕਮਲਵੀ 11,125 ਵੋਟਾਂ ਨਾਲ ਤੀਜੇ ਸਥਾਨ 'ਤੇ ਹਨ। ਇਸੇ ਕੱਟੜਪੰਥੀ ਪਾਰਟੀ ਨੇ ਕੁਝ ਦਿਨ ਪਹਿਲਾਂ ਫਰਾਂਸ ਤੋਂ ਡਿਪਲੋਮੈਟਿਕ ਸੰਬੰਧ ਤੋੜਨ ਦੇ ਨਾਮ 'ਤੇ ਪਾਕਿਸਤਾਨ ਦੀਆਂ ਸੜਕਾਂ 'ਤੇ ਜੰਮ ਕੇ ਹੰਗਾਮਾ ਕੀਤਾ ਸੀ, ਜਿਸ ਮਗਰੋਂ ਇਮਰਾਨ ਕੈਬਨਿਟ ਨੇ ਟੀ.ਐੱਲ.ਪੀ. ਨੂੰ ਅੱਤਵਾਦੀ ਸੰਗਠਨ ਮੰਨਦੇ ਹੋਏ ਪਾਬੰਦੀਸ਼ੁਦਾ ਕਰ ਦਿੱਤਾ ਸੀ।
ਪੜ੍ਹੋ ਇਹ ਅਹਿਮ ਖਬਰ- ਮੱਕਾ, ਮਦੀਨਾ 'ਚ ਪਹਿਲੀ ਵਾਰ ਤਾਇਨਾਤ 113 ਮਹਿਲਾ ਸੈਨਿਕ (ਤਸਵੀਰਾਂ)
ਵੱਖ-ਵੱਖ ਲੜੀਆਂ ਚੋਣਾਂ
NA-249 ਸੰਸਦੀ ਉਪ ਚੋਣਾਂ ਵਿਚ ਵਿਰੋਧੀ ਪਾਰਟੀਆਂ ਨੇ ਵੱਖ-ਵੱਖ ਚੋਣਾਂ ਲੜੀਆਂ ਭਾਵੇਂਕਿ ਇਮਰਾਨ ਸਰਕਾਰ ਨੂੰ ਹਟਾਉਣ ਦੇ ਨਾਮ 'ਤੇ ਇਹ ਇਕਜੁੱਟ ਹੋਣ ਦਾ ਦਾਅਵਾ ਕਰਦੀਆਂ ਹਨ। ਜਿੱਤ ਦੇ ਬਾਅਦ ਖੁਸ਼ੀ ਨਾਲ ਭਰੇ ਬਿਲਾਵਲ ਭੁੱਟੋ ਜ਼ਰਦਾਰੀ ਨੇ ਟਵੀਟ ਕਰਕੇ ਕਰਾਚੀ ਦੇ ਵੋਟਰਾਂ ਦਾ ਧੰਨਵਾਦ ਕੀਤਾ।
ਮਰੀਅਮ ਨਵਾਜ਼ ਨੇ ਕੀਤੀ ਇਹ ਮੰਗ
ਪੀ.ਐੱਮ.ਐੱਲ.-ਐੱਨ. ਦੀ ਪ੍ਰਮੁੱਖ ਨੇਤਾ ਅਤੇ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਟਵੀਟ ਕਰ ਕੇ ਚੋਣਾਂ ਵਿਚ ਘਪਲੇਬਾਜ਼ੀ ਦਾ ਦੋਸ਼ ਲਗਾਇਆ। ਇਕ ਟਵੀਟ ਵਿਚ ਮਰਿਅਮ ਨੇ ਲਿਖਿਆ ਕਿ ਚੋਣ ਕਮਿਸ਼ਨ ਨੂੰ ਸਭ ਤੋਂ ਵੱਧ ਵਿਵਾਦਿਤ ਚੋਣਾਂ ਵਿਚੋਂ ਇਕ ਦੇ ਨਤੀਜਿਆਂ ਨੂੰ ਰੋਕਣਾ ਚਾਹੀਦਾ ਹੈ। ਭਾਵੇਂ ਇੰਝ ਨਹੀਂ ਹੋਵੇਗਾ, ਇਹ ਜਿੱਤ ਅਸਥਾਈ ਹੋਵੇਗੀ ਅਤੇ ਜਲਦੀ ਹੀ ਪੀ.ਐੱਮ.ਐੱਲ.-ਐੱਨ. ਵਾਪਸੀ ਕਰੇਗੀ। ਉਹਨਾਂ ਨੇ ਚੋਣ ਖੇਤਰ ਦੇ ਲੋਕਾਂ ਨੂੰ ਨਵਾਜ਼ ਸ਼ਰੀਫ ਅਤੇ ਪਾਰਟੀ ਲਈ ਵੋਟਿੰਗ ਅਤੇ ਮਿਫਤਾਹ ਇਸਮਾਈਲ ਦਾ ਸਮਰਥਨ ਕਰਨ ਲਈ ਧੰਨਵਾਦ ਦਿੱਤਾ।
ਦੇਰ ਰਾਤ ਤੱਕ ਚੱਲੀ ਵੋਟਿੰਗ
ਮਰੀਅਮ ਨੇ ਸਵਾਲ ਕੀਤਾ ਕਿ ਜਦੋਂ ਵੋਟਿੰਗ ਸਿਰਫ 15 ਤੋਂ 18 ਫੀਸਦੀ ਹੀ ਹੋਈ ਤਾਂ ਇਹ ਦੇਰ ਰਾਤ ਤੱਕ ਕਿਵੇਂ ਚੱਲਦੀ ਰਹੀ। ਕੀ ਇੱਥੇ ਪਰਦੇ ਪਿੱਛੇ ਕੋਈ ਖੇਡ ਖੇਡੀ ਗਈ ਜਿਸ ਕਾਰਨ ਇਲੈਕਸ਼ਨ ਸਟਾਫ ਨੂੰ ਦੇਰੀ ਹੋਈ। ਕੀ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਮੂਰਖ ਹਾਂ। ਪਹਿਲਾਂ ਇਹ ਸੀਟ ਨਵਾਜ਼ ਸ਼ਰੀਫ ਦੀ ਪਾਰਟੀ ਕੋਲ ਸੀ ਪਰ 2018 ਵਿਚ ਇੱਥੋਂ ਇਮਰਾਨ ਖਾਨ ਦੀ ਪਾਰਟੀ ਨੂੰ ਜਿੱਤ ਮਿਲੀ। ਇਸ ਵਾਰ ਦੀਆਂ ਉਪ ਚੋਣਾਂ ਵਿਚ ਇਮਰਾਨ ਦੀ ਪਾਰਟੀ 5ਵੇਂ ਸਥਾਨ 'ਤੇ ਪਹੁੰਚ ਗਈ।
ਨੋਟ- ਕਰਾਚੀ ਉਪ ਚੋਣਾਂ 'ਚ ਇਮਰਾਨ ਨੂੰ ਵੱਡਾ ਝਟਕਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।